ਹਜ਼ਾਰਾਂ ਲੋਕਾਂ ਵੱਲੋਂ ਜ਼ਮੀਨੀ ਜੰਗ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਸ਼ਹਾਦਤ ਨੂੰ ਸਲਾਮ
ਅਸ਼ੋਕ ਵਰਮਾ
ਮਾਨਸਾ 11 ਅਕਤੂਬਰ 2025: ਜ਼ਮੀਨ ਬਚਾਓ ਮੋਰਚੇ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਬਰਸੀ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਨੇ ਸ਼ਹੀਦ ਦੀ ਸ਼ਹਾਦਤ ਨੂੰ ਸਲਾਮ ਕੀਤਾ। ਸਮਾਗਮਾਂ ਦੀ ਸ਼ੁਰੂਆਤ ਦੋ ਮਿੰਟ ਦਾ ਮੌਨ ਧਾਰਨ ਅਤੇ ਜਥੇਬੰਦੀ ਦਾ ਝੰਡਾ ਲਹਿਰਾ ਕੇ ਕੀਤੀ ਗਈ। ਇਸ ਮੌਕੇ ਸ਼ਹੀਦ ਦੀ ਯਾਦ ਵਿੱਚ ਇਨਕਲਾਬੀ ਨਾਅਰੇ ਵੀ ਲਾਏ ਗਏ। ਇਸ ਮੌਕੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ, ਸਦੀਆਂ ਤੋਂ ਜਾਰੀ ਜ਼ਮੀਨੀ ਜੰਗ ਦਾ ਸਿਰ ਕੱਢਵਾਂ ਸ਼ਹੀਦ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੀਆਂ ਜ਼ਮੀਨਾਂ ਬਚਾਉਣ ਦੀ ਲੜਾਈ ਦੁੱਲੇ ਭੱਟੀ ਦੇ ਸਮੇਂ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ, ਪੈਪਸੂ ਮੁਜ਼ਾਰਾ ਲਹਿਰ, ਨਕਸਲਬਾੜੀ ਲਹਿਰ, ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਇਤਿਹਾਸਿਕ ਦਿੱਲੀ ਘੋਲ ਅਤੇ ਲੈਂਡ ਪੂਲਿੰਗ ਵਿਰੋਧੀ ਘੋਲ ਰਾਹੀਂ ਹੁੰਦੀ ਹੋਈ ਅੱਜ ਵੀ ਲੜੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਾਮਰਾਜੀ ਮੁਲਕਾਂ ਵੱਲੋਂ ਮੁਕਤ ਵਪਾਰ ਸਮਝੌਤਿਆਂ ਰਾਹੀਂ ਕਿਸਾਨਾਂ ਨੂੰ ਕੰਗਾਲ ਕਰਕੇ ਜ਼ਮੀਨਾਂ ਤੇ ਕਬਜ਼ਾ ਕਰਨ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਲੋਕਾਂ ਦੇ ਜਥੇਬੰਦਕ ਸੰਘਰਸ਼ਾਂ ਨਾਲ ਹੀ ਜ਼ਮੀਨਾਂ ਦੀ ਰਾਖੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਘੋਲਾਂ ਲਈ ਸ਼ਹੀਦ ਪਿਰਥੀ ਪਾਲ ਸਿੰਘ ਚੱਕ ਅਲੀ ਸ਼ੇਰ ਦੀ ਸ਼ਹਾਦਤ ਕਿਸਾਨਾਂ ਦਾ ਰਾਹ ਰੁਸ਼ਨਾਉਂਦੀ ਰਹੇਗੀ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੇ ਕਿਹਾ ਕਿ ਜ਼ਮੀਨਾਂ ਦੀ ਰਾਖੀ ਲਈ ਕਿਸਾਨਾਂ ਮਜ਼ਦੂਰਾਂ ਦੀ ਏਕਤਾ, ਸਭ ਤੋਂ ਪਹਿਲੀ ਸ਼ਰਤ ਹੈ। ਇਸ ਏਕਤਾ ਨੂੰ ਤੋੜਨ ਅਤੇ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਪਰਵਾਸੀਆਂ ਖਿਲਾਫ ਮੁਹਿੰਮ ਨੂੰ ਵੀ ਇਸੇ ਸੰਦਰਭ ਵਿੱਚ ਰੱਖ ਕੇ ਦੇਖਿਆ ਜਾਣਾ ਚਾਹੀਦਾ ਹੈ।
ਜਥੇਬੰਦੀ ਦੇ ਸੂਬਾ ਜਥੇਬੰਦਕ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਮਾਨਸਾ ਜਿਲ੍ਹੇ ਅੰਦਰ ਚੱਲ ਰਹੇ ਸੰਘਰਸ਼ਾਂ ਤੇ ਚਾਨਣਾ ਪਾਇਆ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਪਰਾਲ਼ੀ ਸਾਂਭਣ ਲਈ ਸੰਦ ਜਾਂ ਆਰਥਿਕ ਸਹਾਇਤਾ ਦਿੱਤੇ ਤੋਂ ਬਿਨਾਂ ਹੀ ਮਜ਼ਬੂਰੀ ਵੱਸ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਕੀਤੀ ਜਾਣ ਵਾਲੀ ਹਰ ਕਾਰਵਾਈ ਦਾ ਜਥੇਬੰਦੀ ਡਟਵਾਂ ਵਿਰੋਧ ਕਰੇਗੀ।ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਅਤੇ ਪਿੰਡਾਂ ਦੀ ਸ਼ਾਮਲਾਟ ਦੀ ਹਜ਼ਾਰਾਂ ਏਕੜ ਜ਼ਮੀਨ ਪ੍ਰਾਈਵੇਟ ਘਰਾਣਿਆਂ ਨੂੰ ਵੇਚਣ ਦਾ ਸਖਤ ਨੋਟਿਸ ਲਿਆ ਅਤੇ ਕਿਹਾ ਕਿ ਲੋਕਾਂ ਦੀ ਜਾਇਦਾਦ ਵੇਚਣ ਦਾ ਸਖਤ ਵਿਰੋਧ ਕੀਤਾ ਜਾਵੇਗਾ।ਸੂਬਾ ਕਮੇਟੀ ਵੱਲੋਂ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਧਰਮ ਪਤਨੀ ਸੁਖਜਿੰਦਰ ਕੌਰ, ਤਰਸੇਮ ਸਿੰਘ ਚੱਕ ਅਲੀ ਸ਼ੇਰ ਅਤੇ ਲਛਮਣ ਸਿੰਘ ਚੱਕ ਅਲੀ ਸ਼ੇਰ ਨੂੰ ਸਨਮਾਨਿਤ ਕੀਤਾ ਗਿਆ। ਲੋਕ ਕਲਾ ਮੰਚ ਮੁੱਲਾਂਪੁਰ ਦਾਖਾ ਵੱਲੋਂ ਸੁਰਿੰਦਰ ਸ਼ਰਮਾਂ ਦੀ ਨਿਰਦੇਸ਼ਨਾ ਹੇਠ ਨਾਟਕ 'ਕੰਮੀਆਂ ਦਾ ਵਿਹੜਾ' ਖੇਡਿਆ ਗਿਆ।
ਬਰਸੀ ਸਮਾਗਮ ਨੂੰ ਸੂਬਾ ਖਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ, ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ ਤੋਂ ਇਲਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਲਖਵੀਰ ਸਿੰਘ ਆਕਲੀਆ, ਹਰਵਿੰਦਰ ਸਿੰਘ ਕੋਟਲੀ, ਕੁਲਵੰਤ ਸਿੰਘ ਮਾਨ, ਰਣਧੀਰ ਸਿੰਘ ਭੱਟੀਵਾਲ, ਪ੍ਰਦੀਪ ਮੁਸਾਹਿਬ, ਜਗਤਾਰ ਸਿੰਘ ਦੇਹੜਕਾ, ਸੁਖਚੈਨ ਸਿੰਘ ਰਾਜੂ, ਗੁਲਜਾਰ ਸਿੰਘ ਕਬਰਵੱਛਾ, ਬੂਟਾ ਖਾਨ ਸੰਘੈਣ, ਦਰਸ਼ਣ ਸਿੰਘ ਰੋੜੀਕਪੂਰਾ, ਜਗਤਾਰ ਸਿੰਘ ਦੁੱਗਾਂ, ਅਜੀਤ ਸਿੰਘ ਧਾਂਦਰਾ, ਜੁਗਰਾਜ ਸਿੰਘ ਹਰਦਾਸਪੁਰਾ ਅਤੇ ਬਲਵਿੰਦਰ ਸਿੰਘ ਜੇਠੂਕੇ ਨੇ ਵੀ ਸੰਬੋਧਨ ਕੀਤਾ।ਸਟੇਜ ਸਕੱਤਰ ਦੀ ਜਿੰਮੇਵਾਰੀ ਮੱਖਣ ਸਿੰਘ ਭੈਣੀ ਬਾਘਾ ਨੇ ਨਿਭਾਈ।