ਵੀਰ ਸਪੂਤ ਸ਼ਹੀਦ ਰਤਨ ਲਾਲ ਦਾ 35ਵਾਂ ਸ਼ਹੀਦੀ ਦਿਵਸ ਮਨਾਇਆ
ਅਬੋਹਰ, 11 ਅਕਤੂਬਰ 2025: ਪਿੰਡ ਡੰਗਰ ਖੇੜਾ ਦੇ ਵੀਰ ਸਪੂਤ, ਸ਼ਹੀਦ ਰਤਨ ਲਾਲ ਜੀ ਦਾ 35ਵਾਂ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ 'ਤੇ ਉਨ੍ਹਾਂ ਦੇ ਪਰਿਵਾਰ ਅਤੇ ਪਿੰਡਵਾਸੀਆਂ ਨੇ ਸ਼ਹੀਦ ਰਤਨ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸ਼ਹੀਦ ਰਤਨ ਲਾਲ ਜੀ ਨੇ ਪੰਜਾਬ ਵਿੱਚ ਉਗ੍ਰਵਾਦ ਦੇ ਔਖੇ ਸਮੇਂ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। ਸ਼ਹੀਦ ਰਤਨ ਆਪਣੇ ਸਾਹਸ, ਬਲਿਦਾਨ ਅਤੇ ਦੇਸ਼ ਭਗਤੀ ਲਈ ਸਦੀਵ ਯਾਦ ਕੀਤੇ ਜਾਣਗੇ। ਪਿੰਡਵਾਸੀਆਂ ਨੇ ਅੱਜ ਦੇ ਦਿਨ ਉਨ੍ਹਾਂ ਦੇ ਬਲੀਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਮ ਅੱਖਾਂ ਨਾਲ ਸਰਧਾਂਜਲੀ ਭੇਂਟ ਕੀਤੀ ਅਤੇ ਸ਼ਹੀਦਾਂ ਦੇ ਦਿਖਾਏ ਮਾਰਗ 'ਤੇ ਚੱਲਣ ਦਾ ਸੰਕਲਪ ਲਿਆ।
ਸ਼ਹੀਦ ਰਤਨ ਦੇ ਪਰਿਵਾਰਕ ਮੈਂਬਰ ਮਾਸਟਰ ਦੇਵੀ ਲਾਲ ਸਾਂਗਵਾਲ ਨੇ ਦੱਸਿਆ ਕਿ ਪੰਜਾਬ ਪੁਲਿਸ ਨੂੰ 11 ਅਕਤੂਬਰ 1990 ਨੂੰ ਥਾਣਾ ਮੱਕੂ, ਫਤਿਹਗੜ੍ਹ ਸਬਰਾਂ ਦੇ ਨੇੜੇ ਇੱਕ ਉਗ੍ਰਵਾਦੀ ਸਮੂਹ ਦੀ ਜਾਣਕਾਰੀ ਮਿਲੀ ਸੀ। ਕਾਂਸਟੇਬਲ ਰਤਨ ਲਾਲ ਨੇ ਆਪਣੀ ਟੀਮ ਨਾਲ ਗਸ਼ਤ ਦੌਰਾਨ ਸੰਦੇਹਜਨਕ ਵਿਅਕਤੀਆਂ ਨੂੰ ਰੋਕਣ ਦਾ ਯਤਨ ਕੀਤਾ, ਜਿਸ ਤੋਂ ਬਾਅਦ ਉਗ੍ਰਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਇੱਕ ਉਗ੍ਰਵਾਦੀ ਮਾਰਿਆ ਗਿਆ, ਪਰ ਰਤਨ ਲਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਹਸਪਤਾਲ ਲਿਜਾਉਂਦੇ ਸਮੇਂ ਉਨ੍ਹਾਂ ਨੇ ਦੇਸ਼ ਲਈ ਸ਼ਹੀਦੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਸ਼ਹੀਦ ਰਤਨ ਲਾਲ ਜੀ ਦਾ ਬਲਿਦਾਨ, ਪਰਿਵਾਰ ਅਤੇ ਪੰਜਾਬ ਪੁਲਿਸ ਦੀ ਸਰਵੋਤਮ ਪਰੰਪਰਾਵਾਂ ਦਾ ਪ੍ਰਤੀਕ ਹੈ, ਅਤੇ ਉਹ ਸਦੀਵ ਪਰਿਵਾਰ ਅਤੇ ਡੰਗਰ ਖੇੜੇ ਦੇ ਲੋਕਾਂ ਦੇ ਦਿਲਾਂ ਵਿੱਚ ਅਮਰ ਰਹਿਣਗੇ।