ਮਜ਼ਦੂਰਾਂ ਕਿਸਾਨਾਂ ਵੱਲੋਂ ਖੇਤੀਬਾੜੀ ਮੰਤਰੀ ਦੇ ਘਰ ਅੱਗੇ 20 ਤੋਂ ਲਗਾਤਾਰ ਧਰਨਾ ਦੇਣ ਦਾ ਐਲਾਨ
ਵਾਅਦੇ ਪੂਰੇ ਨਾਂ ਕਰਨ ਦੇ ਦੋਸ਼
ਅਸ਼ੋਕ ਵਰਮਾ
ਮਲੋਟ,9 ਅਗਸਤ 2026:ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਇੱਥੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਆਗੂਆਂ ਵਰਕਰਾਂ ਦੀ ਸਾਂਝੀ ਮੀਟਿੰਗ ਕਰਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ 'ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ 20 ਅਗਸਤ ਤੋਂ ਖੇਤੀਬਾੜੀ ਮੰਤਰੀ ਦੀ ਖੁੱਡੀਆਂ ਸਥਿਤ ਘਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ। ਇਹ ਜਾਣਕਾਰੀ ਕਿਸਾਨ ਆਗੂ ਗੁਰਭਗਤ ਸਿੰਘ ਭਲਾਈਆਣਾ ਤੇ ਖੇਤ ਮਜ਼ਦੂਰ ਆਗੂ ਬਾਜ਼ ਸਿੰਘ ਭੁੱਟੀਵਾਲਾ ਵੱਲੋਂ ਜ਼ਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ। ਮੀਟਿੰਗ ਨੂੰ ਸ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਤੇ ਜ਼ਿਲਾ ਮੀਤ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਸੰਬੋਧਨ ਕੀਤਾ।
ਆਗੂਆਂ ਨੇ ਦੋਸ਼ ਲਾਇਆ ਕਿ ਆਪ ਸਰਕਾਰ ਬਣਨ ਸਾਰ 28 ਮਾਰਚ 2022 ਨੂੰ ਗੁਲਾਬੀ ਸੁੰਡੀ ਕਾਰਨ ਨੁਕਸਾਨੇ ਨਰਮੇ ਦੇ ਮੁਆਵਜ਼ੇ ਦੀ ਮੰਗ ਸਬੰਧੀ ਪ੍ਰਦਰਸ਼ਨ ਕਰਦੇ ਮਜ਼ਦੂਰਾਂ ਕਿਸਾਨਾਂ 'ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜਥੇਬੰਦੀਆਂ ਦੀ ਸੂਬਾਈ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਅੰਦੋਲਨਾਂ ਦੌਰਾਨ ਬਣੇ ਸਾਰੇ ਕੇਸ ਵਾਪਸ ਲੈਣ ਅਤੇ ਬਣਦਾ ਮੁਆਵਜਾ ਦੇਣ ਦਾ ਫੈਸਲਾ ਕੀਤਾ ਗਿਆ ਸੀ ਪ੍ਰੰਤੂ ਕੇਸ ਵਾਪਸ ਲੈਣ ਦੀ ਥਾਂ ਆਗੂਆਂ ਦੇ ਅਦਾਲਤੀ ਵਰੰਟ ਜ਼ਾਰੀ ਕਰਵਾ ਦਿੱਤੇ ਗਏ। ਉਹਨਾਂ ਦੋਸ਼ ਲਾਇਆ ਕਿ ਖੇਤੀਬਾੜੀ ਮੰਤਰੀ ਵੱਲੋਂ ਕਈ ਵਾਰ ਕੇਸ ਵਾਪਸ ਲੈਣ ਦਾ ਭਰੋਸਾ ਦਿੱਤਾ ਗਿਆ ਪਰ ਸਿਆਸੀ ਰੰਜ਼ਿਸ਼ ਤਹਿਤ ਕੇਸ ਵਾਪਸ ਨਹੀਂ ਲਏ ਜਾ ਰਹੇ । ਉਹਨਾਂ ਆਖਿਆ ਪੁਲਿਸ ਵੱਲੋਂ ਵਾਰ ਵਾਰ ਕਿਸਾਨ ਮਜ਼ਦੂਰ ਆਗੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਹਨਾਂ ਇਹ ਵੀ ਦੋਸ਼ ਲਾਇਆ ਕਿ ਲੰਬਾ ਸਮਾਂ ਬੀਤਣ ਤੇ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਅਜੇ ਵੀ ਕਈ ਹੱਕਦਾਰਾਂ ਨੂੰ ਨਰਮੇ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ।
ਉਹਨਾਂ ਆਖਿਆ ਕਿ 20 ਅਗਸਤ ਤੋਂ ਲਾਏ ਜਾ ਰਹੇ ਧਰਨੇ ਦੌਰਾਨ ਅੰਦੋਲਨਾਂ ਦੌਰਾਨ ਬਣੇ ਕੇਸਾਂ ਸਮੇਤ ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਦਰਜ਼ ਕੇਸ ਵਾਪਸ ਲੈਣ, ਰਹਿੰਦਾ ਮੁਆਵਜ਼ਾ ਅਦਾ ਕਰਨ , ਮੀਹਾਂ ਅਤੇ ਗੜੇਮਾਰੀ ਕਾਰਨ ਡਿੱਗੇ ਮਕਾਨਾਂ ਤੇ ਫਸਲਾਂ ਦਾ ਮੁਆਵਜ਼ਾ ਦੇਣ, ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕੀ ਹੱਕ ਦੇਣ, ਪੰਚਾਇਤੀ ਤੇ ਸਾਮਲਾਟ ਜ਼ਮੀਨਾਂ ਤੇ ਕਾਬਜ਼ ਮਜ਼ਦੂਰਾਂ ਕਿਸਾਨਾਂ ਦਾ ਉਜਾੜਾ ਰੋਕਣ, ਮਜ਼ਦੂਰਾਂ ਨੂੰ ਕੱਟੇ ਪਲਾਟਾ ਦੇ ਕਬਜ਼ੇ ਦੇਣ, ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਲਾਗੂ ਕਰਨ, ਘਰਾਂ ਚੋਂ ਪੁੱਟੇ ਮੀਟਰ ਬਿਨਾਂ ਸ਼ਰਤ ਲਾਉਣ , ਲਿਫਟ ਪੰਪਾਂ ਨੂੰ ਪਾਏ ਨਜਾਇਜ਼ ਜੁਰਮਾਨੇ ਖ਼ਤਮ ਕਰਨ ਅਤੇ ਆਈ ਟੀ ਆਈ ਬਾਦਲ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਜਾਵੇਗੀ।
ਇਸ ਮੌਕੇ ਕਾਲਾ ਸਿੰਘ ਤੇ ਰਾਜਾ ਸਿੰਘ ਖੂਨਣ ਖੁਰਦ, ਤਰਸੇਮ ਸਿੰਘ ਤੇ ਕਾਕਾ ਸਿੰਘ ਖੁੰਡੇ ਹਲਾਲ, ਮਲਕੀਤ ਸਿੰਘ ਗੱਗੜ, ਮਨੋਹਰ ਸਿੰਘ ਸਿੱਖਵਾਲਾ, ਹਰਫੂਲ ਸਿੰਘ ਭਾਗਸਰ , ਸੁਖਦੇਵ ਸਿੰਘ ਤੇ ਬੋਹੜ ਸਿੰਘ ਮਲੋਟ , ਕੁਲਦੀਪ ਸਿੰਘ ਕਰਮਗੜ੍ਹ ,ਹਰਪਾਲ ਸਿੰਘ ਕਿੱਲਿਆਂਵਾਲੀ, ਕਾਲਾ ਸਿੰਘ ਸਿੰਘੇਵਾਲਾ , ਰਾਮਪਾਲ ਸਿੰਘ ਗੱਗੜ , ਗੁਰਤੇਜ ਸਿੰਘ ਖੁੱਡੀਆਂ, ਸੁਖਵੀਰ ਸਿੰਘ ਵੜਿੰਗ ਖੇੜਾ, ਨਿਸ਼ਾਨ ਸਿੰਘ ਕੱਖਾਵਾਲੀ ਤੇ ਹਰਚਰਨ ਸਿੰਘ ਲੱਖੇਵਾਲੀ ਆਦਿ ਆਗੂ ਮੌਜੂਦ ਸਨ। ਆਗੂਆਂ ਨੇ ਐਲਾਨ ਕੀਤਾ ਕਿ ਖੇਤੀਬਾੜੀ ਮੰਤਰੀ ਤੇ ਆਪ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਮਜ਼ਦੂਰ ਕਿਸਾਨ ਦੋਖੀ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਜ਼ਿਲੇ ਅੰਦਰ ਜ਼ੋਰਦਾਰ ਜਨਤਕ ਮੁਹਿੰਮ ਵਿੱਢੀ ਜਾਵੇਗੀ। ਉਹਨਾਂ ਆਖਿਆ ਕਿ ਧਰਨੇ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨੂੰ ਆਪਣੀਆਂ ਮੰਗਾਂ ਦਾ ਮੰਗ ਪੱਤਰ ਵੀ ਦਿੱਤਾ ਜਾਵੇਗਾ।
- Download Babushahi App
-
-