ਬੀਬੀ ਜਗੀਰ ਕੌਰ ਵੱਲੋਂ ਅਕਾਲੀ ਦਲ ’ਚ ਵਾਪਸੀ ਦੇ ਸੰਕੇਤ, ਅਕਾਲੀ-ਭਾਜਪਾ ਗਠਜੋੜ ਦੀ ਵਕਾਲਤ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 6 ਨਵੰਬਰ, 2026: ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਵਿਚ ਵਾਪਸੀ ਦੇ ਸੰਕੇਤ ਦਿੱਤੇ ਹਨ ਤੇ ਉਹਨਾਂ ਅਕਾਲੀ ਦਲ-ਭਾਜਪਾ ਗਠਜੋੜ ਦੀ ਜ਼ੋਰਦਾਰ ਵਕਾਲਤ ਵੀ ਕੀਤੀ ਹੈ।
ਇਕ ਸੋਸ਼ਲ ਮੀਡੀਆ ਚੈਨਲ ਨਾਲ ਇੰਟਰਵਿਊ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਪੁਨਰ ਸੁਰਜੀਤ ਅਕਾਲੀ ਦਲ ਜਿਸ ਮਕਸਦ ਨੂੰ ਲੈ ਕੇ ਸ਼ੁਰੂ ਕੀਤਾ ਸੀ, ਉਸ ਮਿਸ਼ਨ ਨੂੰ ਅਸੀਂ ਪੂਰਾ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਅੱਜ ਸਾਰੇ ਮਹਿਸੂਸ ਕਰਦੇ ਹਨ ਕਿ ਸਾਡੀ ਮਾਂ ਪਾਰਟੀ 106 ਸਾਲ ਪੁਰਾਣੀ ਪਾਰਟੀ ਹੈ ਜਿਸਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਅਸੀਂ ਪੁਨਰ ਸੁਰਜੀਤ ਅਕਾਲੀ ਦਲ ਨੂੰ ਰਜਿਸਟਰਡ ਹੀ ਨਹੀਂ ਕਰਵਾ ਸਕੇ।
ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਜਦੋਂ ਉਹ ਸੁਖਬੀਰ ਸਿੰਘ ਬਾਦਲ ਨਾਲ ਬੈਠ ਕੇ ਸੰਵਾਦ ਕਰਨਗੇ ਤਾਂ ਸੰਭਵ ਹੈ ਕਿ ਮਤਭੇਦ ਦੂਰ ਹੋ ਜਾਣ।
ਉਹਨਾਂ ਕਿਹਾ ਕਿ ਉਹਨਾਂ ਨੇ ਆਪ ਕਦੇ ਅਕਾਲੀ ਦਲ ਨਹੀਂ ਛੱਡਿਆ।
ਉਹਨਾਂ ਕਿਹਾ ਕਿ ਜਦੋਂ ਅਸੀਂ ਪਾਰਟੀ ਵਿਚ ਵਾਪਸੀ ਕਰਾਂਗੇ ਤਾਂ ਲੋਕ ਸੋਸ਼ਲ ਮੀਡੀਆ ’ਤੇ ਪੁਛਣਗੇ ਕਿ ਪੁਨਰ ਸੁਰਜੀਤ ਕਿਉਂ ਬਣਾਇਆ, ਇਹ ਸਭ ਕੁਝ ਕਰਨ ਦਾ ਕੀ ਮਕਸਦ ਸੀ? ਉਹਨਾਂ ਕਿਹਾ ਕਿ ਸਮਾਂ ਆਉਣ ’ਤੇ ਸਵਾਲਾਂ ਦੇ ਜਵਾਬ ਦੇ ਦਿੱਤੇ ਜਾਣਗੇ।
ਉਹਨਾਂ ਕਿਹਾ ਕਿ ਸਾਡਾ ਮਕਸਦ ਇਸ ਵੇਲੇ ਆਪਣੀ ਮਾਂ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਦੂਰੀਆਂ ਬਣਾ ਕੇ ਬੈਠ ਗਏ ਤਾਂ ਹੋ ਸਕਦਾ ਹੈ ਮਤਭੇਦ ਦੂਰ ਨਾ ਹੋ ਸਕਣ।
ਭਾਜਪਾ ਨਾਲ ਗਠਜੋੜ ਬਾਰੇ ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ 6-7 ਅਫਸਰਾਂ ਦੀ ਡਿਊਟੀ ਵੱਖ-ਵੱਖ ਸਕੀਮਾਂ ਤਹਿਤ ਕੇਂਦਰ ਤੋਂ ਫੰਡ ਲਿਆਉਣ ਵਾਸਤੇ ਲਗਾ ਕੇ ਰੱਖਦੇ ਸਨ। ਉਹਨਾਂ ਕਿਹਾ ਕਿ ਜੇਕਰ ਗਠਜੋੜ ਹੋਵੇਗਾ ਤਾਂ ਸਰਕਾਰ ਮਜ਼ਬੂਤੀ ਨਾਲ ਬਣ ਸਕਦੀ ਹੈ।
- Download Babushahi App
-
-