ਬੀਬੀ ਜਗੀਰ ਕੌਰ ਦਾ ਇਟਲੀ ਦੇ ਫਲੈਰੋ ਗੁਰਦੁਆਰਾ ਸਾਹਿਬ ਬਰੇਸ਼ੀਆ ਪੁੱਜਣ 'ਤੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵਲੋਂ ਨਿੱਘਾ ਸੁਆਗਤ
ਬੀਬੀ ਜਗੀਰ ਕੌਰ ਦਾ ਇਟਲੀ ਵਿੱਚ ਨਿੱਘਾ ਸਵਾਗਤ- ਫਲੈਰੋ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਲਈ ਦਿੱਤੀ ਵਧਾਈ
ਬਬੂਸ਼ਾਹੀ ਬਿਊਰੋ
ਬਰੇਸ਼ੀਆ, 11 ਅਕਤੂਬਰ 2025:
ਸਿੱਖ ਧਰਮ ਦੀ ਪ੍ਰਸਿੱਧ ਹਸਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਸਾਬਕਾ ਪ੍ਰਧਾਨ ਅਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇਵਾਲੇ ਦੀ ਯਾਦਗਾਰ ਦੇ ਮੁੱਖ ਪ੍ਰਬੰਧਕ ਬੀਬੀ ਜਗੀਰ ਕੌਰ ਪਿਛਲੇ ਦਿਨੀਂ ਯੂਰਪ ਦੇ ਦੌਰੇ ’ਤੇ ਸਨ । ਜਰਮਨੀ ਤੇ ਇਟਲੀ ਦੀਆਂ ਸੰਗਤਾਂ ਵੱਲੋਂ ਉਨ੍ਹਾਂ ਦਾ ਹਰੇਕ ਥਾਂ ਤੇ ਨਿੱਘਾ ਸਵਾਗਤ ਕੀਤਾ ਗਿਆ।
ਇਟਲੀ ਦੇ ਬਰੇਸ਼ੀਆ ਸ਼ਹਿਰ ਵਿਖੇ ਸਥਿਤ ਫਲੈਰੋ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ’ਤੇ ਪ੍ਰਬੰਧਕ ਕਮੇਟੀ ਅਤੇ ਸਥਾਨਕ ਸੰਗਤ ਵੱਲੋਂ ਬੀਬੀ ਜਗੀਰ ਕੌਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਐਤਵਾਰ ਨੂੰ ਹੋਏ ਸਮਾਗਮ ਦੌਰਾਨ ਗੁਰੂ ਘਰ ਦੀ ਕਮੇਟੀ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ, ਵਾਇਸ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ, ਸੈਕਟਰੀ ਸ਼ਰਨਜੀਤ ਸਿੰਘ ਠਾਕਰੀ, ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਫਲੈਰੋ-ਬਰੇਸ਼ੀਆ ਦੇ ਪ੍ਰਧਾਨ ਲੱਖਵਿੰਦਰ ਸਿੰਘ ਬੈਰਗਾਮੋ, ਕੁਲਵੰਤ ਸਿੰਘ ਬੱਸੀ, ਨਿਸ਼ਾਨ ਸਿੰਘ ਭਦਾਸ, ਸਵਰਨ ਸਿੰਘ ਲਾਲੋਵਾਲ, ਭੁਪਿੰਦਰ ਸਿੰਘ ਰਾਵਾਲੀ, ਮਹਿੰਦਰ ਸਿੰਘ ਮਾਜਰਾ, ਅਮਰੀਕ ਸਿੰਘ ਚੌਹਾਨਾਂ ਵਾਲੇ, ਸੁਖਵਿੰਦਰ ਸਿੰਘ ਨੂਰਪੁਰੀ, ਲੰਗਰ ਸੇਵਾਦਾਰ, ਨੌਜਵਾਨ ਸਭਾ ਫਲੈਰੋ ਅਤੇ ਹੋਰ ਸੰਗਤਾਂ ਹਾਜ਼ਰ ਸਨ।
ਸਟੇਜ ਤੋਂ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਸਾਰੇ ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੰਦਿਆਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਲੜ੍ਹ ਲਗੇ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਅੰਮ੍ਰਿਤ ਛਕ ਕੇ ਗੁਰੂ ਨਾਲ ਜੁੜਨ ਲਈ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਆਤਮਿਕ ਬਾਗਬਾਨੀ ਅੱਜ ਯੂਰਪ ਤੱਕ ਫੈਲ ਚੁੱਕੀ ਹੈ ਅਤੇ ਇਥੇ ਰਹਿੰਦੀ ਸੰਗਤ ਵੀ ਉਨ੍ਹਾਂ ਨੂੰ ਸਦਾ ਯਾਦ ਕਰਦੀ ਹੈ। ਹਰ ਸਾਲ ਉਨ੍ਹਾਂ ਦੀ ਬਰਸੀ ਅਤੇ ਜਨਮ ਦਿਹਾੜੇ ਦੇ ਸਮਾਗਮ ਚੜ੍ਹਦੀ ਕਲਾ ਨਾਲ ਮਨਾਏ ਜਾਂਦੇ ਹਨ, ਜੋ ਸੱਚੇ ਸਿੱਖ ਸਿਧਾਂਤਾਂ ਪ੍ਰਤੀ ਸਮਰਪਣ ਦਾ ਪ੍ਰਮਾਣ ਹੈ।
ਉਨ੍ਹਾਂ ਕਿਹਾ ਕਿ ਯੂਰਪ ਵਿੱਚ ਰਹਿੰਦੇ ਪੰਜਾਬੀ ਆਪਣੇ ਪੇਸ਼ੇ ਤੇ ਕੰਮ ਧੰਧਿਆਂ ਨਾਲ ਨਾਲ ਗੁਰੂ ਘਰਾਂ ਦੀ ਸੇਵਾ ਵਿੱਚ ਵੀ ਅੱਗੇ ਹਨ, ਜੋ ਕੌਮ ਲਈ ਮਾਣ ਦੀ ਗੱਲ ਹੈ। ਫਲੈਰੋ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੇ ਨਿਰਮਾਣ ਲਈ ਬੀਬੀ ਜਗੀਰ ਕੌਰ ਨੇ ਪ੍ਰਬੰਧਕ ਕਮੇਟੀ ਨੂੰ ਖ਼ਾਸ ਵਧਾਈ ਦਿੱਤੀ ਤੇ ਗੁਰੂ ਸਾਹਿਬ ਚਰਨਾਂ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਕੀਤੀ।

