ਪੰਜਾਬ 'ਚ ਗੁਟਕਾ ਸਾਹਿਬ ਦੀ ਬੇਅਦਬੀ
ਪੁਲਿਸ ਵੱਲੋਂ 02 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਜੈਤੋ ,11 ਅਕਤੂਬਰ (ਮਨਜੀਤ ਸਿੰਘ ਢੱਲਾ) - ਡਾ. ਪ੍ਰਗਿਆ ਜੈਨ, ਐਸ.ਐਸ.ਪੀ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾੜੇ ਤੇ ਸ਼ਰਾਰਤੀ ਅਨਸਰਾਂ ਵਿਰੁੱਧ “ਜ਼ੀਰੋ ਟਾਲਰੈਂਸ” ਦੀ ਨੀਤੀ ਅਨੁਸਾਰ ਕੜੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਫਰੀਦਕੋਟ ਪੁਲਿਸ ਨੇ ਪਿੰਡ ਕਰੀਰਵਾਲੀ ਵਿੱਚ ਘਰੇਲੂ ਲੜਾਈ ਦੇ ਮਾਮਲੇ ਤੋਂ ਉਪਜੀ ਗੁੱਟਕਾ ਸਾਹਿਬ ਦੀ ਬੇਅਦਬੀ ਦੇ ਇੱਕ ਸੰਵੇਦਨਸ਼ੀਲ ਕੇਸ ਨੂੰ ਸਿਰਫ ਕੁੱਝ ਘੰਟਿਆਂ ਵਿੱਚ ਸੁਲਝਾਉਂਦੇ ਹੋਏ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸ਼੍ਰੀ ਮਨਵਿੰਦਰ ਬੀਰ ਸਿੰਘ, ਐਸ.ਪੀ (ਸਥਾਨਕ) ਫਰੀਦਕੋਟ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਜਸਵਿੰਦਰ ਸਿੰਘ ਉਰਫ ਨੱਡ਼ਾ ਅਤੇ ਉਸਦੇ ਪੁੱਤਰ ਬਲਕਰਨ ਸਿੰਘ ਵਜੋਂ ਹੋਈ ਹੈ, ਜੋ ਦੋਨੋਂ ਪਿੰਡ ਕਰੀਰਵਾਲੀ (ਜਿਲ੍ਹਾ ਫਰੀਦਕੋਟ) ਦੇ ਰਿਹਾਇਸ਼ੀ ਹਨ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਥਾਣਾ ਜੈਤੋ ਵਿਖੇ ਅੱਜ ਸਵੇਰੇ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਕਰੀਵਾਲੀ ਵਿਖੇ ਗੁਰਦੁਆਰਾ ਸਾਹਿਬ ਤੋ ਮੰਡੀ ਵਾਲੀ ਸਾਈਡ ਨੂੰ ਬਾਬਾ ਮੁਨੀ ਦਾਸ ਜੀ ਜਗ੍ਹਾ ਦੇ ਨਜਦੀਕ ਗੁਟਕਾ ਸਾਹਿਬ ਦੇ ਅੰਗ ਖਿਲਰੇ ਹੋਏ ਸਨ। ਜਿਸ ਦੀ ਸੂਚਨਾ ਮਿਲਣ ਤੇ ਥਾਣਾ ਜੈਤੋ ਵਿਖੇ ਨਾਮਾਲੂਮ ਵਿਅਕਤੀਆ ਖਿਲਾਫ ਮੁਕੱਦਮਾ ਨੰਬਰ 150 ਮਿਤੀ 11.10.2025 ਅਧੀਨ ਧਾਰਾ 298, 3(5) ਬੀ.ਐਨ.ਐਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ਦੌਰਾਨ ਥਾਣਾ ਜੈਤੋ, ਸੀ.ਆਈ.ਏ ਸਟਾਫ ਫਰੀਦਕੋਟ ਅਤੇ ਜੈਤੋ ਦੀਆ ਪੁਲਿਸ ਟੀਮਾਂ ਵੱਲੋਂ ਤੁਰੰਤ ਤੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਸ਼ਾਮਲ ਦੋਵੇਂ ਦੋਸ਼ੀਆਂ ਜਸਵਿੰਦਰ ਸਿੰਘ ਉਰਫ ਨੱਡ਼ਾ ਅਤੇ ਉਸਦੇ ਪੁੱਤਰ ਬਲਕਰਨ ਸਿੰਘ ਨੂੰ ਕੁੱਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਉਹਨਾ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਜਸਵਿੰਦਰ ਸਿੰਘ ਆਪਣੀ ਪਤਨੀ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਦਾ ਸੀ ਅਤੇ ਘਰੇਲੂ ਵਿਵਾਦ ਦੌਰਾਨ ਉਸਨੇ ਗੁੱਟਕਾ ਸਾਹਿਬ ਦੇ ਅੰਗ ਪਾੜ ਦਿੱਤੇ। ਜਿਸ ਉਪਰੰਤ ਉਸਦਾ ਪੁੱਤਰ ਬਲਕਰਨ ਸਿੰਘ ਫਿਰ ਇਹ ਅੰਗ ਗੁਰਦੁਆਰਾ ਸਾਹਿਬ ਵਾਲੇ ਰਸਤੇ 'ਤੇ ਖਿਲਾਰ ਗਿਆ। ਸ਼੍ਰੀ ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਗੁੱਟਕਾ ਸਾਹਿਬ ਦੇ ਅੰਗਾਂ ਨੂੰ ਪੂਰੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤਾ ਗਿਆ ਹੈ। ਉਕਤ ਦੋਵੇਂ ਦੋਸ਼ੀ ਹੁਣ ਫਰੀਦਕੋਟ ਪੁਲਿਸ ਦੀ ਗ੍ਰਿਫਤ ਵਿੱਚ ਹਨ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਦੋਸ਼ੀਆਂ ਨੂੰ ਕੱਲ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ ਤਾ ਜੋ ਕੋਈ ਵੀ ਵਿਅਕਤੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਜਾਂ ਸਮਾਜਕ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਹਿੰਮਤ ਨਾ ਕਰ ਸਕੇ ।