ਪਰਾਲੀ ਨੂੰ ਵਾਤਾਵਰਨ ਪ੍ਰਦੂਸ਼ਣ ਨਹੀਂ ਆਮਦਨ ਦਾ ਸਰੋਤ ਬਣਾ ਰਹੇ ਹਨ ਬਠਿੰਡਾ ਜ਼ਿਲ੍ਹੇ ਦੇ ਕਿਸਾਨ
ਅਸ਼ੋਕ ਵਰਮਾ
ਬਠਿੰਡਾ, 6 ਨਵੰਬਰ 2026 ;ਜ਼ਿਲ੍ਹਾ ਬਠਿੰਡਾ ਦੇ ਅਗਾਂਹਵਧੂ ਕਿਸਾਨਾਂ ਨੇ ਪਰਾਲੀ ਨੂੰ ਪ੍ਰਦੂਸ਼ਣ ਨਹੀਂ ਬਲਕਿ ਆਮਦਨ ਦਾ ਸਰੋਤ ਬਣਾਇਆ ਹੈ। ਵੱਖ-ਵੱਖ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿਚ ਪਰਾਲੀ ਦੇ ਡੰਪ ਲਗਾਏ ਗਏ ਹਨ, ਜਿੱਥੇ ਇਕੱਠੀ ਕੀਤੀ ਗਈ ਪਰਾਲੀ ਦੀਆਂ ਗੱਠਾਂ ਬਣਾ ਕੇ ਭੰਡਾਰ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਚ ਕਰੀਬ 37000 ਮੀਟ੍ਰਿਕ ਟਨ ਪਰਾਲੀ ਦੀ ਵਰਤੋਂ ਗਿੱਟੀਆਂ ਬਣਾਉਣ ‘ਚ ਹੋ ਰਹੀ ਹੈ, ਜਿੰਨ੍ਹਾਂ ਗਿੱਟੀਆਂ ਦਾ ਪ੍ਰਯੋਗ ਹੋਰਨਾਂ ਉਦਯੋਗਾਂ ਚ ਬਾਲਣ ਦੇ ਰੂਪ ਵਿਚ ਹੁੰਦਾ ਹੈ ।ਇਹ ਜਾਣਕਾਰੀ ਦਿੰਦਿਆਂ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਕੇ ਇਸ ਦੀ ਵੱਖ-ਵੱਖ ਰੂਪਾਂ ਵਿੱਚ ਵਰਤੋਂ ਕੀਤੀ ਜਾ ਰਹੀ ਹੈ, ਜੋ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਣਾਦਾਇਕ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਨਵੀਂ ਸੋਚ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਖੇਤੀਬਾੜੀ ਨੂੰ ਆਰਥਿਕ ਤੌਰ 'ਤੇ ਹੋਰ ਲਾਹੇਵੰਦ ਬਣਾਉਣ ਵਿੱਚ ਵੀ ਸਹਾਈ ਹੋ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਅਤੇ ਇਸ ਦੀ ਉਦਯੋਗਿਕ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਲਗਭਗ 70 ਪਰਾਲੀ ਸਟੋਰ ਅਤੇ 9 ਪਰਾਲੀ ਤੋਂ ਗਿੱਟੀਆਂ ਬਣਾਉਣ ਵਾਲੇ ਉਦਯੋਗ ਕਾਰਜਸ਼ੀਲ ਹਨ। ਇਨ੍ਹਾਂ ਰਾਹੀਂ ਪਰਾਲੀ ਨੂੰ ਇਕੱਠਾ ਕਰਕੇ ਅੱਗੇ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਜ਼ਿਲ੍ਹੇ 'ਚ ਮੌਜੂਦ 9 ਗਿੱਟੀਆਂ ਵਾਲੇ ਯੂਨਿਟਾਂ ਵਿੱਚ ਕੁੱਲ 37000 ਮੀਟ੍ਰਿਕ ਟਨ ਪਰਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਯੂਨਿਟ ਰਾਮਪੁਰਾ, ਪਿੰਡ ਜੀਦਾ, ਕੋਟਫੱਤਾ, ਗਿੱਲ ਖੁਰਦ, ਲਹਿਰਾ ਮੁਹੱਬਤ, ਲਹਿਰੀ, ਕਾਲਝਾਰਾਨੀ, ਜੋਧਪੁਰ ਪਾਖਰ ਅਤੇ ਜੋਧਪੁਰ ਰੋਮਾਣਾ ਵਿਖੇ ਸਥਿੱਤ ਹਨ। ਇਸ ਤੋਂ ਇਲਾਵਾ ਅਗਲੇ ਪਰਾਲੀ ਸੀਜ਼ਨ ਤੱਕ ਕੁਝ ਹੋਰ ਇਸ ਤਰ੍ਹਾਂ ਦੇ ਉਦਯੋਗ ਲੱਗ ਸਕਦੇ ਹਨ, ਜਿਸ ਨਾਲ ਪਰਾਲੀ ਦੀ ਉਦਯੋਗ 'ਚ ਖਪਤ ਵਧੇਗੀ ਅਤੇ ਲੋਕ ਇਸ ਤੋਂ ਕਮਾਈ ਕਰਨਗੇ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵੇਲੇ ਜ਼ਿਲ੍ਹਾ ਬਠਿੰਡਾ 'ਚ 200 ਤੋਂ ਵੱਧ ਬੇਲਰ ਕੰਮ ਕਰ ਰਹੇ ਨੇ ਜਿਨ੍ਹਾਂ ਵੱਲੋਂ ਪਰਾਲੀ ਦੀਆਂ ਗੱਠਾਂ ਦੀ ਸੰਭਾਲ ਕਰਕੇ ਉਸ ਨੂੰ ਅੱਗੇ ਵੇਚਿਆ ਜਾਂਦਾ ਹੈ । ਕਈ ਕਿਸਾਨਾਂ ਨੇ ਆਪਣੇ ਖੇਤਾਂ ਨੂੰ ਹੀ ਡੰਪ ਦਾ ਰੂਪ ਦੇ ਦਿੱਤਾ ਹੈ ਅਤੇ ਆਸ ਪਾਸ ਦੇ ਕਿਸਾਨ ਵੀਰ ਆਸਾਨੀ ਨਾਲ ਆਪਣੀ ਪਰਾਲੀ ਸੰਭਾਲ ਸਕਦੇ ਹਨ ਤਾਂ ਜੋ ਉਨ੍ਹਾਂ ਦਾ ਬੇਲਰ ਦੀ ਆਵਾਜਾਈ ਉੱਤੇ ਖਰਚਾ ਘੱਟ ਹੋਵੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਵੱਖ-ਵੱਖ ਤਰੀਕਿਆਂ ਅਤੇ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਕਿਸਾਨ ਸੁਪਰ ਸੀਡਰ, ਹੈਪੀ ਸੀਡਰ, ਮਲਚਰ ਅਤੇ ਬੇਲਰ ਵਰਗੀ ਮਸ਼ੀਨਰੀ ਦੀ ਮਦਦ ਨਾਲ ਪਰਾਲੀ ਦਾ ਖੇਤਾਂ ਵਿੱਚ ਹੀ ਪ੍ਰਬੰਧਨ ਕਰਨ ਜਾਂ ਇਸ ਨੂੰ ਹੋਰ ਲਾਹੇਵੰਦ ਕੰਮਾਂ ਲਈ ਵਰਤ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਸੁਚੱਜੀ ਸਾਂਭ-ਸੰਭਾਲ ਕਰਨ ਅਤੇ ਸਫਲ ਕਿਸਾਨਾਂ ਵੱਲੋਂ ਅਪਣਾਏ ਜਾ ਰਹੇ ਮਾਡਲਾਂ ਤੋਂ ਪ੍ਰੇਰਨਾ ਲੈਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਹਿਯੋਗ ਨਾਲ ਬਠਿੰਡਾ ਜ਼ਿਲ੍ਹੇ ਨੂੰ ਪਰਾਲੀ ਸਾੜਨ ਤੋਂ ਮੁਕਤ ਬਣਾਉਣ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ।
- Download Babushahi App
-
-