ਨੇਪਾਲ ਹੜ੍ਹਾਂ ’ਚ ਲਾਪਤਾ ਸਮਸ਼ੇਰ ਸਿੰਘ ਦੇ ਪਰਿਵਾਰ ਨਾਲ ਭਾਜਪਾ ਆਗੂ ਭਰੋਵਾਲ ਵਲੋਂ ਮੁਲਾਕਾਤ
ਹਰ ਸੰਭਵ ਪੱਧਰ ’ਤੇ ਭਾਲ ਤੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਯਤਨ ਕਰਨ ਦਾ ਦਿੱਤਾ ਭਰੋਸਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,31 ਅਗਸਤ 2026- ਨੇਪਾਲ ਵਿੱਚ ਆਈ ਭਿਆਨਕ ਕੁਦਰਤੀ ਆਫ਼ਤ ਅਤੇ ਹੜ੍ਹਾਂ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰੱਤੋਕੇ ਦੇ ਵਸਨੀਕ ਸਮਸ਼ੇਰ ਸਿੰਘ ਦੇ ਲਾਪਤਾ ਹੋਣ ਦੀ ਦੁਖਦਾਈ ਖ਼ਬਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਸਮਸ਼ੇਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਇਸ ਸੰਕਟ ਦੀ ਘੜੀ ਵਿੱਚ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਸਮਸ਼ੇਰ ਸਿੰਘ ਦੀ ਭਾਲ ਲਈ ਹਰ ਸੰਭਵ ਪੱਧਰ ’ਤੇ ਯਤਨ ਕੀਤੇ ਜਾਣਗੇ।
ਇਸ ਮੌਕੇ ਭਰੋਵਾਲ ਨੇ ਸਮਸ਼ੇਰ ਸਿੰਘ ਦੀ ਧਰਮਪਤਨੀ ਬਲਜਿੰਦਰ ਕੌਰ,ਭਰਾ ਗੁਰਜੰਟ ਸਿੰਘ ਅਤੇ ਚਾਚਾ ਕੁਲਵੰਤ ਸਿੰਘ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ।ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਭਾਜਪਾ ਦੀ ਹਾਈਕਮਾਂਡ ਦੇ ਧਿਆਨ ਵਿੱਚ ਲਿਆਉਣਗੇ ਅਤੇ ਕੇਂਦਰ ਸਰਕਾਰ ਦੇ ਸਬੰਧਤ ਵਿਭਾਗਾਂ ਤੇ ਅਧਿਕਾਰੀਆਂ ਰਾਹੀਂ ਨੇਪਾਲ ਸਰਕਾਰ ਕੋਲ ਸਮਸ਼ੇਰ ਸਿੰਘ ਦੀ ਭਾਲ ਲਈ ਯਤਨ ਤੇਜ਼ ਕਰਨ ਦੀ ਮੰਗ ਕੀਤੀ ਜਾਵੇਗੀ।
ਭਰੋਵਾਲ ਨੇ ਕਿਹਾ ਕਿ ਕਿਸੇ ਪਰਿਵਾਰ ਦਾ ਜੀਅ ਕੁਦਰਤੀ ਆਫ਼ਤ ਦੌਰਾਨ ਅਚਾਨਕ ਲਾਪਤਾ ਹੋ ਜਾਵੇ ਤਾਂ ਉਸ ਪਰਿਵਾਰ ਦੀ ਮਾਨਸਿਕ ਸਥਿਤੀ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ।ਇਸ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲਾਪਤਾ ਵਿਅਕਤੀ ਦੀ ਭਾਲ ਲਈ ਉਪਲਬਧ ਹਰ ਸੰਭਵ ਸਰੋਤ ਦੀ ਵਰਤੋਂ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਸਮਸ਼ੇਰ ਸਿੰਘ ਦੀ ਸਹੀ ਜਾਣਕਾਰੀ ਅਤੇ ਸੁਰੱਖਿਅਤ ਵਾਪਸੀ ਹੀ ਪਰਿਵਾਰ ਦੀ ਸਭ ਤੋਂ ਵੱਡੀ ਉਮੀਦ ਹੈ ਅਤੇ ਇਸ ਮਾਮਲੇ ਨੂੰ ਮਨੁੱਖੀ ਪੱਧਰ ’ਤੇ ਪੂਰੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ ’ਤੇ ਵੀ ਇਸ ਮਾਮਲੇ ਸਬੰਧੀ ਲਗਾਤਾਰ ਸੰਪਰਕ ਵਿੱਚ ਰਹਿਣਗੇ ਅਤੇ ਜਿੱਥੇ ਵੀ ਸਹਾਇਤਾ ਦੀ ਲੋੜ ਪਵੇਗੀ,ਉੱਥੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਭਰੋਵਾਲ ਨੇ ਦੱਸਿਆ ਕਿ ਸਮਸ਼ੇਰ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਵੀ ਕਮਜ਼ੋਰ ਹੈ।ਇਸ ਲਈ ਕੁਦਰਤੀ ਆਫ਼ਤਾਂ ਨਾਲ ਸਬੰਧਤ ਸਰਕਾਰੀ ਰਾਹਤ ਵਿਵਸਥਾਵਾਂ ਅਤੇ ਫੰਡਾਂ ਤਹਿਤ ਪਰਿਵਾਰ ਨੂੰ ਬਣਦੀ ਆਰਥਿਕ ਸਹਾਇਤਾ ਦਿਵਾਉਣ ਲਈ ਵੀ ਯਤਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਅਤੇ ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲਿਆਂ ਤੇ ਅਧਿਕਾਰੀਆਂ ਤੱਕ ਪਰਿਵਾਰ ਦੀ ਆਵਾਜ਼ ਪਹੁੰਚਾਉਣਗੇ,ਤਾਂ ਜੋ ਨੇਪਾਲ ਵਿੱਚ ਲਾਪਤਾ ਸਮਸ਼ੇਰ ਸਿੰਘ ਦੀ ਭਾਲ ਲਈ ਚੱਲ ਰਹੇ ਯਤਨਾਂ ਵਿੱਚ ਕੋਈ ਕਮੀ ਨਾ ਰਹੇ।ਉਨ੍ਹਾਂ ਪਰਿਵਾਰ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਇਕੱਲਾ ਨਾ ਸਮਝਣ ਅਤੇ ਇਸ ਮੁਸ਼ਕਲ ਘੜੀ ਵਿੱਚ ਹਰ ਸੰਭਵ ਸਹਾਇਤਾ ਲਈ ਉਹ ਉਨ੍ਹਾਂ ਦੇ ਨਾਲ ਹਨ।
ਇਸ ਮੌਕੇ ਸਰਕਲ ਪ੍ਰਧਾਨ ਬਾਬਾ ਖੁਸਪਿੰਦਰ ਸਿੰਘ ਬ੍ਰਹਮਪੁਰਾ,ਜਨਰਲ ਸਕੱਤਰ ਜਵਾਹਰ ਨਈਅਰ,ਮੀਤ ਪ੍ਰਧਾਨ ਨਿਸ਼ਾਨ ਸਿੰਘ,ਲੱਖਾ ਸਿੰਘ ਚੋਹਲਾ ਸਾਹਿਬ, ਭੁਪਿੰਦਰ ਸਿੰਘ ਟੀਟੂ, ਵਤਰਸੇਮ ਸਿੰਘ ਛਾਪੜੀ ਸਾਹਿਬ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
- Download Babushahi App
-
-