ਨਿਊਜ਼ੀਲੈਂਡ ਵਿਚ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੇ ਦਿਮਾਗੀ ਨੁਕਸਾਨ ਨੂੰ ਰੋਕਣ ਲਈ ਤੱਤਪੁਰ ਕੀਵੀ-ਇੰਡੀਅਨ ਖੋਜਕਰਤਾ
ਡਾ. ਸਿਮਰਦੀਪ ਢਿੱਲੋਂ
-ਨਿਊਰੋਲੌਜੀਕਲ ਫਾਊਂਡੇਸ਼ਨ ਵਲੋਂ ਮਿਲੀ 4 ਲੱਖ 70 ਹਜ਼ਾਰ ਡਾਲਰ ਦੀ ਵਿਸ਼ੇਸ਼ ਗ੍ਰਾਂਟ; ਦਿਮਾਗੀ ਖੂਨ ਵਹਿਣ ਦੇ ਇਲਾਜ ਲਈ ਨਵੀਆਂ ਸੰਭਾਵਨਾਵਾਂ ਦੀ ਹੋਵੇਗੀ ਖੋਜ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 10 ਅਗਸਤ 2026:- ਨਿਊਜ਼ੀਲੈਂਡ ਵਿਚ ਹਰ ਸਾਲ ਸਮੇਂ ਤੋਂ ਪਹਿਲਾਂ (32 ਹਫ਼ਤਿਆਂ ਤੋਂ ਘੱਟ ਗਰਭ ਅਵਸਥਾ ਵਿਚ) ਜਨਮੇ ਲਗਭਗ 173 ਨਵਜਾਤ ਬੱਚੇ ਦਿਮਾਗੀ ਖੂਨ ਵਹਿਣ (ਇੰਟਰਾਵੈਂਟ੍ਰੀਕੁਲਰ ਹੈਮਰੇਜ - ਆਈ.ਵੀ.ਐਚ.) ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਦੇ ਹਨ। ਇਸ ਸਥਿਤੀ ਕਾਰਨ ਬੱਚਿਆਂ ਵਿਚ ਸੇਰੇਬ੍ਰਲ ਪਾਲਸੀ, ਸਰੀਰਕ, ਮਾਨਸਿਕ, ਦੇਖਣ ਅਤੇ ਸੁਣਨ ਦੀਆਂ ਉਮਰ ਭਰ ਦੀਆਂ ਅਪਾਹਜਤਾਵਾਂ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਨਾਜ਼ੁਕ ਮਸਲੇ ਦੇ ਹੱਲ ਲਈ ਭਾਰਤੀ ਮੂਲ ਦੀ ਉੱਘੀ ਸਾਇੰਸਦਾਨ ਡਾ. ਸਿਮਰਦੀਪ ਢਿੱਲੋਂ ਨੇ ਇੱਕ ਅਹਿਮ ਖੋਜ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਡਾ. ਸਿਮਰਦੀਪ ਢਿੱਲੋਂ, ਜੋ ਕਿ ਆਕਲੈਂਡ ਯੂਨੀਵਰਸਿਟੀ ਵਿਚ ਸੀਨੀਅਰ ਰਿਸਰਚ ਫੈਲੋ ਹਨ, ਨੂੰ ਇਸ ਖੋਜ ਨੂੰ ਅੱਗੇ ਵਧਾਉਣ ਲਈ ’ਨਿਊਰੋਲੌਜੀਕਲ ਫਾਊਂਡੇਸ਼ਨ’ ਵਲੋਂ ’ਸੀਨੀਅਰ ਰਿਸਰਚ ਫੈਲੋਸ਼ਿਪ’ ਅਤੇ ’ਪ੍ਰੋਜੈਕਟ ਗ੍ਰਾਂਟ’ ਦੇ ਰੂਪ ਵਿਚ ਕੁੱਲ 470,000 ਡਾਲਰ (ਲਗਭਗ 4 ਲੱਖ 70 ਹਜ਼ਾਰ ਡਾਲਰ) ਦੀ ਫੰਡਿੰਗ ਪ੍ਰਾਪਤ ਹੋਈ ਹੈ। ਇਹ ਫੰਡਿੰਗ ਉਨ੍ਹਾਂ ਨੂੰ ਬੱਚਿਆਂ ਦੇ ਦਿਮਾਗੀ ਨੁਕਸਾਨ ਨੂੰ ਰੋਕਣ ਅਤੇ ਸੁਧਾਰਨ ਲਈ ਸੁਤੰਤਰ ਖੋਜ ਪ੍ਰੋਗਰਾਮ ਸਥਾਪਤ ਕਰਨ ਵਿਚ ਮਦਦ ਕਰੇਗੀ।
ਭਾਰਤ ਤੋਂ ਆਕਲੈਂਡ ਤੱਕ ਦਾ ਸਫ਼ਰ
ਭਾਰਤ ਵਿਚ ਜਨਮੀ ਅਤੇ ਪੜ੍ਹਾਈ ਕਰ ਚੁੱਕੀ ਡਾ. ਸਿਮਰਦੀਪ ਢਿੱਲੋਂ ਨੇ ਉੱਚ ਸਿੱਖਿਆ ਲਈ ਨਿਊਜ਼ੀਲੈਂਡ ਦਾ ਰੁੱਖ ਕੀਤਾ ਸੀ। ਉਨ੍ਹਾਂ ਨੇ ਆਕਲੈਂਡ ਯੂਨੀਵਰਸਿਟੀ ਤੋਂ ‘ਬੈਚਲਰ ਆਫ਼ ਸਾਇੰਸ’, ‘ਮਾਸਟਰ ਆਫ਼ ਬਾਇਓਮੈਡੀਕਲ ਸਾਇੰਸ’ ਅਤੇ ਬਾਅਦ ਵਿਚ ਆਪਣੀ ‘ਪੀ.ਐਚ.ਡੀ.’ ਪੂਰੀ ਕੀਤੀ। ਉਨ੍ਹਾਂ ਦੱਸਿਆ ਕਿ ਬਚਪਨ ਵਿਚ ਪਰਿਵਾਰਕ ਮਾਹੌਲ ਨੇ ਉਨ੍ਹਾਂ ਵਿਚ ਵਿਗਿਆਨ ਅਤੇ ਪ੍ਰਕਿਰਤੀ ਪ੍ਰਤੀ ਉਤਸੁਕਤਾ ਪੈਦਾ ਕੀਤੀ। ਖੇਤਾਂ ਵਿਚ ਜਾਨਵਰਾਂ ਦੇ ਪੈਰਾਂ ਦੇ ਨਿਸ਼ਾਨ ਪਛਾਣਨੇ ਅਤੇ ਰੁੱਖਾਂ-ਫ਼ਸਲਾਂ ਬਾਰੇ ਮਾਪਿਆਂ ਕੋਲੋਂ ਸਿੱਖਣਾ ਹੀ ਉਨ੍ਹਾਂ ਦੀ ਵਿਗਿਆਨਿਕ ਸੋਚ ਦੀ ਨੀਂਹ ਬਣਿਆ।
ਖੋਜ ਦਾ ਮੁੱਖ ਮਨੋਰਥ ਅਤੇ ਇਲਾਜ ਦਾ ਤਰੀਕਾ
ਨਵਜਾਤ ਬੱਚਿਆਂ ਦੇ ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ਬਹੁਤ ਨਾਜ਼ੁਕ ਹੁੰਦੀਆਂ ਹਨ, ਜਿਸ ਕਾਰਨ ਖੂਨ ਵਹਿਣ ਦੀ ਸਮੱਸਿਆ ਆਉਂਦੀ ਹੈ। ਫਿਲਹਾਲ ਇਸ ਨੁਕਸਾਨ ਨੂੰ ਸਿੱਧੇ ਤੌਰ ’ਤੇ ਰੋਕਣ ਲਈ ਕੋਈ ਪੱਕਾ ਇਲਾਜ ਮੁਹੱਈਆ ਨਹੀਂ ਹੈ। ਡਾ. ਢਿੱਲੋਂ ਦੀ ਇਹ 3 ਸਾਲਾ ਖੋਜ ਮੁੱਖ ਤੌਰ ’ਤੇ ਇਸ ਗੱਲ ’ਤੇ ਕੇਂਦਰਿਤ ਹੈ ਕਿ ਕੀ ਲੋਹੇ ਦੀ ਵੱਧ ਮਾਤਰਾ (Iron Overload) ਨੂੰ ਘਟਾਉਣ ਲਈ ਪਹਿਲਾਂ ਤੋਂ ਵਰਤੀ ਜਾਂਦੀ ਦਵਾਈ ਦਿਮਾਗ ਵਿਚ ਖੂਨ ਦੇ ਫੈਲਣ ਨਾਲ ਪੈਦਾ ਹੋਣ ਵਾਲੀ ਸਾੜ (Inflammation) ਅਤੇ ਦੂਜੇ ਦਰਜੇ ਦੇ ਨੁਕਸਾਨ ਨੂੰ ਘਟਾ ਸਕਦੀ ਹੈ ਜਾਂ ਨਹੀਂ।
ਇਸ ਤੋਂ ਇਲਾਵਾ, ਇਹ ਸਮੇਂ ਤੋਂ ਪਹਿਲਾਂ ਇਲਾਜ ਸ਼ੁਰੂ ਕਰਨ ਲਈ ਸ਼ੁਰੂਆਤੀ ਸਰੀਰਕ ਚੇਤਾਵਨੀ ਸੰਕੇਤਾਂ (5arly Warning Signs) ਦੀ ਵੀ ਪਛਾਣ ਕਰੇਗੀ ਤਾਂ ਜੋ ਡਾਕਟਰ ਬੱਚਿਆਂ ਦਾ ਜਲਦੀ ਇਲਾਜ ਸ਼ੁਰੂ ਕਰ ਸਕਣ।
ਮਾਨਵ-ਸਮਾਨ ਪ੍ਰੀ-ਕਲੀਨਿਕਲ ਅਧਿਐਨ
ਮਨੁੱਖੀ ਬੱਚਿਆਂ ’ਤੇ ਕਿਸੇ ਵੀ ਦਵਾਈ ਦਾ ਪ੍ਰੀਖਣ ਕਰਨ ਤੋਂ ਪਹਿਲਾਂ, ਇਸ ਦੀ ਸੁਰੱਖਿਆ ਅਤੇ ਪ੍ਰਭਾਵਸ਼ਾਲਤਾ ਨੂੰ ਸਾਬਤ ਕਰਨਾ ਜ਼ਰੂਰੀ ਹੁੰਦਾ ਹੈ। ਇਸ ਲਈ ਖੋਜ ਟੀਮ ਇੱਕ ‘ਭੇਡ ਮਾਡਲ’ (Sheep Model) ਦੀ ਵਰਤੋਂ ਕਰੇਗੀ, ਜੋ ਮਨੁੱਖੀ ਸ਼ਿਸ਼ੂਆਂ ਦੇ ਦਿਮਾਗੀ ਢਾਂਚੇ ਨਾਲ ਕਾਫ਼ੀ ਮੇਲ ਖਾਂਦਾ ਹੈ। ਇਸ ਰਾਹੀਂ ਇਹ ਦੇਖਿਆ ਜਾਵੇਗਾ ਕਿ ਖਤਰਨਾਕ ਆਇਰਨ ਨੂੰ ਘਟਾਉਣ ਅਤੇ ’ਗ੍ਰੋਥ ਫੈਕਟਰਜ਼’ ਜੋੜਨ ਨਾਲ ਦਿਮਾਗ ਦੀ ਮੁਰੰਮਤ ਵਿਚ ਕਿੰਨੀ ਮਦਦ ਮਿਲਦੀ ਹੈ।
ਟੀਮ ਵਰਕ ਅਤੇ ਭਵਿੱਖ ਦੀਆਂ ਉਮੀਦਾਂ
ਡਾ. ਢਿੱਲੋਂ ਨੇ ਆਪਣੇ ਮੈਂਟਰਾਂ ਪ੍ਰੋਫੈਸਰ ਲੌਰਾ ਬੈਨੇਟ, ਪ੍ਰੋਫੈਸਰ ਅਲਿਸਟੇਅਰ ਗਨ ਅਤੇ ਐਸੋਸੀਏਟ ਪ੍ਰੋਫੈਸਰ ਜੋਐਨ ਡੇਵਿਡਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਗਿਆਨਿਕ ਪ੍ਰਗਤੀ ਹਮੇਸ਼ਾ ਟੀਮ ਵਰਕ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਸਾਲਾਂ ਵਿਚ ਇਕੱਠੇ ਕੀਤੇ ਗਏ ਠੋਸ ਵਿਗਿਆਨਿਕ ਤੱਥ ਭਵਿੱਖ ਦੇ ਕਲੀਨਿਕਲ ਟ?ਰਾਇਲਾਂ ਲਈ ਰਾਹ ਪੱਧਰਾ ਕਰਨਗੇ ਅਤੇ ਨਿਊਜ਼ੀਲੈਂਡ ਦੇ ਅਨੇਕਾਂ ਪਰਿਵਾਰਾਂ ਲਈ ਇੱਕ ਨਵੀਂ ਆਸ ਦੀ ਕਿਰਨ ਬਣਨਗੇ।
ਮਾਸੂਮਾਂ ਦੇ ਰੋਸ਼ਨ ਭਵਿੱਖ ਲਈ ਨਿਊਜ਼ੀਲੈਂਡ ਵਿਚ ਭਾਰਤੀ ਮੁਟਿਆਰ ਦੀ ਇਹ ਵੱਡੀ ਖੋਜ ਪ੍ਰਾਪਤੀ ਹੈ।
- Download Babushahi App
-
-