ਤਰਕਸ਼ੀਲ ਸੁਸਾਇਟੀ ਵੱਲੋਂ ਅਗਸਤ 'ਚ ਬਰਨਾਲਾ ਵਿਖੇ 3 ਦਿਨਾਂ ਪੁਸਤਕ ਪ੍ਰਦਰਸ਼ਨੀ ਲਾਉਣ ਦਾ ਐਲਾਨ, ਪੜ੍ਹੋ ਪੂਰੀ ਖ਼ਬਰ
ਦਲਜੀਤ ਕੌਰ
ਬਰਨਾਲਾ 6 ਜੁਲਾਈ, 2026: ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਬਰਨਾਲਾ- ਸੰਗਰੂਰ ਦੀ ਮੀਟਿੰਗ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਪ੍ਰਧਾਨਗੀ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਗੁਰਦੀਪ ਸਿੰਘ ਲਹਿਰਾ ਨੇ ਦੱਸਿਆ ਕਿ ਮਾਸਟਰ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਮੇਂ ਸਿਰ ਮੀਟਿੰਗਾਂ ਵਿੱਚ ਸ਼ਮੂਲੀਅਤ ਕਰਨ ਕਹਿੰਦਿਆਂ ਕਿਹਾ ਸਾਨੂੰ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾ ਕੇ ਉਨ੍ਹਾਂ ਨੂੰ ਹਰ ਤਰਾਂ ਦੇ ਵਹਿਮਾਂ ਭਰਮਾਂ, ਵੇਲਾ ਵਿਹਾਅ ਚੁੱਕੀਆਂ ਫੋਕੀਆਂ ਸਮਾਜਿਕ ਤੇ ਘਰੇਲੂ ਰਸਮਾਂ ਰਿਵਾਜਾਂ, ਜਾਦੂ ਟੂਣੇ ਧਾਗੇ ਤਵੀਤਾਂ ਵਿਚੋਂ ਕੱਢ ਕੇ ਵਿਗਿਆਨਕ ਸੋਚ ਦੇ ਲੜ ਲਾਉਣਾ ਹੈ। ਉਸ ਤੋਂ ਬਾਅਦ ਉਹਨਾਂ ਨੇ 13 ਤੇ 14 ਜੂਨ ਹੋਈ ਸੁੂਬਾ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਵਿੱਚ ਲਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਕਮੇਟੀ ਵਲੋਂ ਇਕਾਈਆਂ ਵਿੱਚ ਜ਼ਿਮੇਵਾਰੀਆਂ ਨਿਭਾਉਣ, ਕੰਮਾਂ ਵਿੱਚ ਨਵੀਨਤਾ ਲਿਆਉਣ, ਸਰਗਰਮੀਆਂ ਵਧਾਉਣ ਲਈ ਸੂਬਾ ਕਮੇਟੀ ਵੱਲੋਂ ਹਰੇਕ ਇਕਾਈ ਦੀ ਮੀਟਿੰਗ ਲੈਣ ਲਈ ਸੂਬਾ ਆਗੂਆਂ ਦੀ ਜ਼ਿੰਮੇਵਾਰੀ ਲਾਈ ਗਈ ਹੈ, ਸੰਗਰੂਰ ਤੇ ਬਰਨਾਲਾ ਜੋਨ ਵਿਚ ਸ਼ਾਮਲ ਇਕਾਈਆਂ ਲਈ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਰਾਜਪਾਲ ਸਿੰਘ ਦੀ ਜ਼ਿਮੇਵਾਰੀ ਲਾਈ ਗਈ ਹੈ। ਜੋਨ ਵਿਚ ਫ਼ੈਸਲਾ ਲਿਆ ਗਿਆ ਕਿ ਜੋਨ ਜਥੇਬੰਦਕ ਮੁਖੀ ਰਾਜਪਾਲ ਸਿੰਘ ਨਾਲ ਸੰਪਰਕ ਕਰਕੇ ਇਕਾਈਆਂ ਦੀ ਮੀਟਿੰਗ ਦੀ ਮਿਤੀ ਤਹਿ ਕਰਨਗੇ। ਮੀਟਿੰਗ ਵਿੱਚ ਸ਼ੋਸ਼ਲ ਮੀਡੀਏ ਨੂੰ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਵਰਤਣ ਲਈ, ਮੈਗਜੀਨ ਵਧਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਐੱਨਸੀਆਰਟੀ ਦੀ ਸਮਾਜਿਕ ਵਿਗਿਆਨ ਦੀ ਪੁਸਤਕ ਵਿੱਚ ਮਨੂ ਸਮ੍ਰਿਤੀ ਦੇ ਸ਼ਲੋਕ ਜੋੜਨ ਤੇ ਰੂਸ, ਫਰਾਂਸ ਦੀ ਇਨਕਲਾਬੀ ਕ੍ਰਾਂਤੀ ਨੂੰ ਸਿਲੇਬਸ ਤੋਂ ਬਾਹਰ ਕਰਨ ਦੀ ਭਰਪੂਰ ਨਿਖੇਧੀ ਕੀਤੀ।
ਉਨ੍ਹਾਂ ਅੱਗੇ ਦੱਸਿਆ ਕਿ ਕੌਮੀ ਤਰਕਸ਼ੀਲ ਆਗੂ ਡਾਕਟਰ ਨਰਿੰਦਰ ਦਾਭੋਲਕਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 21, 22 ਤੇ 23 ਅਗਸਤ ਨੂੰ ਬਰਨਾਲਾ ਵਿਖੇ ਤਿੰਨ ਦਿਨਾਂ ਪੁਸਤਕ ਪ੍ਰਦਰਸ਼ਨੀ ਲਾਉਣ, ਸਤੰਬਰ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਤੇ ਨਵੰਬਰ ਵਿੱਚ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਤੇ ਕਾਫ਼ਲੇ ਕੱਢਣ, ਸੈਮੀਨਾਰ ਕਰਨ ਤੇ ਲੀਫਲੈਂਟ ਵੰਡਣ ਤੇ ਪਰਿਵਾਰਕ ਮਿਲਣੀਆਂ ਕਰਨ ਦਾ ਫ਼ੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ, ਸੂਬਾ ਆਗੂ ਗੁਰਪ੍ਰੀਤ ਸ਼ਹਿਣਾ, ਹੇਮਰਾਜ ਸਟੈਨੋ, ਜੋਨ ਆਗੂ ਗੁਰਦੀਪ ਸਿੰਘ ਲਹਿਰਾ ਤੇ ਇਕਾਈ ਆਗੂਆਂ ਸੁਰਿੰਦਰ ਪਾਲ ਸੰਗਰੂਰ, ਨਾਇਬ ਸਿੰਘ ਰਟੋਲਾਂ, ਵਿਸ਼ਵ ਕਾਂਤ ਸੁਨਾਮ, ਸੰਦੀਪ ਲੌਂਗੋਵਾਲ ਅਤੇ ਕੁਲਦੀਪ ਸਿੰਘ ਨੈਣੇਵਾਲ ਨੇ ਸ਼ਮੂਲੀਅਤ ਕੀਤੀ।
- Download Babushahi App
-
-