ਡੀਟੀਐਫ ਪੰਜਾਬ ਵੱਲੋਂ ਟੀਈਟੀ ਦੀ ਸ਼ਰਤ ਥੋਪਣ ਵਿਰੁੱਧ ਨਵੀਂ ਦਿੱਲੀ ਵਿਖੇ ਹੋਏ ਪ੍ਰਦਰਸ਼ਨ ਵਿੱਚ ਭਰਵੀਂ ਸ਼ਮੂਲੀਅਤ
ਅਸ਼ੋਕ ਵਰਮਾ
ਚੰਡੀਗੜ੍ਹ ,1 ਸਤੰਬਰ 2026 :ਜਾਟ ਮਿੱਤਰ ਭਵਨ ਕੇਸ਼ਵਪੂਰਮ ਨਵੀਂ ਦਿੱਲੀ ਵਿਖੇ ਵੱਖ-ਵੱਖ ਰਾਜਾਂ (ਮੱਧ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਨਵੀਂ ਦਿੱਲੀ, ਉੱਤਰਾਖੰਡ ਆਦਿ) ਤੋਂ ਆਏ ਅਧਿਆਪਕਾਂ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦੇ ਹਵਾਲੇ ਨਾਲ ਸਿੱਖਿਆ ਦੇ ਅਧਿਕਾਰ ਕਾਨੂੰਨ-2009 ਲਾਗੂ ਹੋਣ ਤੋਂ ਪਹਿਲਾਂ ਭਰਤੀ ਅਧਿਆਪਕਾਂ ਉੱਪਰ ਜਬਰੀ ਥੋਪੀ ਅਧਿਆਪਕ ਯੋਗਤਾ ਪ੍ਰੀਖਿਆ (ਟੀਈਟੀ) ਦੀ ਸ਼ਰਤ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਜੋਇੰਟ ਟੀਚਰਜ਼ ਫ਼ਰੰਟ ਦੇ ਸੱਦੇ 'ਤੇ ਹੋਏ ਇਸ ਦੇਸ਼ ਪੱਧਰੀ ਪ੍ਰਦਰਸ਼ਨ ਵਿੱਚ ਪੰਜਾਬ ਤੋਂ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ ਗਈ। ਡੀਟੀਐੱਫ ਦੇ ਸੂਬਾ ਪ੍ਰਧਾਨ ਨੇ ਸਟੇਜ਼ ਤੋਂ ਆਪਣੇ ਸੰਬੋਧਨ ਦੌਰਾਨ ਬਾਕੀ ਰਾਜਾਂ ਦੇ ਅਧਿਆਪਕਾਂ ਨਾਲ ਜਬਰੀ ਥੋਪੇ ਟੈਟ ਦੀ ਸ਼ਰਤ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਪ੍ਰਤੀ ਇੱਕਜੁੱਟਤਾ ਜਾਹਰ ਕੀਤੀ।
ਉਹਨਾਂ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕਾਰਪੋਰੇਟ ਦੇ ਹਿੱਤ ਪੂਰਨ ਲਈ ਨਵੀਂ ਸਿੱਖਿਆ ਨੀਤੀ-2020 ਤਿਆਰ ਕੀਤੀ ਗਈ ਹੈ। ਇਸ ਨੀਤੀ ਤਹਿਤ ਸਕੂਲਾਂ ਦੀ ਮਰਜਿੰਗ ਕਰਕੇ ਕੰਪਲੈਕਸ ਸਕੂਲ ਪ੍ਰਬੰਧ ਖੜ੍ਹਾ ਕਰਨ, ਅਧਿਆਪਕਾਂ ਦੀ ਸੇਵਾ ਸੁਰੱਖਿਆ ਨੂੰ ਕਮਜ਼ੋਰ ਕਰਨ ਅਤੇ ਪ੍ਰਮੋਸ਼ਨ ਤੇ ਸਲਾਨਾ ਵਾਧੇ ਨੂੰ ਸੀਨੀਆਰਤਾ ਨਾਲੋਂ ਤੋੜ ਕੇ ਬੇਲੋੜੇ ਟੈਸਟਾਂ ਨਾਲ ਜੋੜਨ ਦੀ ਯੋਜਨਾ ਬਣਾਈ ਗਈ ਹੈ। ਡੀਟੀਐਫ ਆਗੂ ਨੇ ਅਧਿਆਪਕਾਂ ਨੂੰ ਇੱਕ ਜੁੱਟ ਹੋ ਕੇ ਸਿੱਖਿਆ ਤੇ ਅਧਿਆਪਕ ਵਿਰੋਧੀ ਅਜਿਹੇ ਸਾਰੇ ਨੀਤੀਗਤ ਫੈਸਲਿਆਂ ਦਾ ਵਿਰੋਧ ਕਰਨ ਲਈ ਅੱਗੇ ਵਧਣ ਦਾ ਸੱਦਾ ਦਿੱਤਾ ਅਤੇ ਪੰਜਾਬ ਦੇ ਅਧਿਆਪਕਾਂ ਵੱਲੋਂ ਡਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ ਦਿੱਲੀ ਪੁਲਿਸ ਵੱਲੋਂ ਜੰਤਰ ਮੰਤਰ ਵਿਖੇ ਰੈਲੀ ਕਰਨ ਲਈ ਪ੍ਰਵਾਨਗੀ ਰੱਦ ਕਰਨ ਅਤੇ ਮੱਧ ਪ੍ਰਦੇਸ਼ ਦੀ ਬੀਜੇਪੀ ਸਰਕਾਰ ਵੱਲੋਂ ਅਧਿਆਪਕਾਂ ਨੂੰ ਅੱਜ ਦੇ ਪ੍ਰਦਰਸ਼ਨ ਦਾ ਹਿੱਸਾ ਬਣਨ ਤੋਂ ਰੋਕਣ ਲਈ ਵੱਡੀ ਗਿਣਤੀ ਵਿੱਚ ਗ੍ਰਿਫਤਾਰੀਆਂ ਕਰਨ ਦੀ ਸਖਤ ਨਿਖੇਧੀ ਕੀਤੀ। ਅਧਿਆਪਕਾਂ ਨੇ ਇੱਕਜੁੱਟ ਹੋ ਕੇ ਮੰਗ ਕੀਤੀ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਸਿੱਖਿਆ ਦੇ ਅਧਿਕਾਰ ਕਾਨੂੰਨ-2009 ਵਿੱਚ ਬਣਦੀ ਸੋਧ ਕਰਕੇ ਇਸ ਦੇ ਲਾਗੂ ਹੋਣ ਤੋਂ ਪਹਿਲਾਂ ਨਿਯੁਕਤ ਅਧਿਆਪਕਾਂ ਅਤੇ ਛੋਟ ਪ੍ਰਾਪਤ ਵਿਸ਼ਿਆਂ ਦੇ ਅਧਿਆਪਕਾਂ ਨੂੰ ਜਬਰੀ ਥੋਪੇ ਜਾ ਰਹੀ ਟੀਈਟੀ ਦੀ ਸ਼ਰਤ ਤੋਂ ਛੋਟ ਦਿੱਤੀ ਜਾਵੇ।
ਇਸ ਮੌਕੇ ਡੀ.ਟੀ.ਐੱਫ. ਪੰਜਾਬ ਦੇ ਸੂਬਾ ਮੀਤ ਪ੍ਰਧਾਨ: ਜਗਪਾਲ ਬੰਗੀ ਅਤੇ ਰਘਵੀਰ ਭਵਾਨੀਗੜ੍ਹ, ਸੂਬਾ ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਰਾਮ ਸ਼ਰਨ ਅਲੋਹਰਾਂ (ਜਿਲ੍ਹਾ ਪ੍ਰਧਾਨ ਪਟਿਆਲਾ), ਸੁਖਵਿੰਦਰ ਗਿਰ (ਜਿਲ੍ਹਾ ਪ੍ਰਧਾਨ ਸੰਗਰੂਰ), ਬਲਜਿੰਦਰ ਪ੍ਰਭੂ (ਜਿਲ੍ਹਾ ਪ੍ਰਧਾਨ, ਡੀਐੱਮਐੱਫ ਬਰਨਾਲਾ), ਭੁਪਿੰਦਰ ਸਿੰਘ ਸੜੋਆ, ਰੋਮੀ ਸਫੀਪੁਰ, ਪ੍ਰਿਤਪਾਲ ਸਿੰਘ ਚਹਿਲ, ਪਵਨ ਕੁਮਾਰ ਨਾਭਾ, ਅਮਨ ਵਸਿਸ਼ਟ, ਅਵਤਾਰ ਮਲੂਕਾ, ਕੁਲਵੰਤ ਸਿੰਘ ਖਨੌਰੀ, ਅੰਮ੍ਰਿਤ ਪਾਲ ਸਿੰਘ ਮਾਨ, ਪਰਵੀਨ ਕੁਮਾਰ ਸ਼ੇਰਪੁਰ, ਰਮੇਸ਼ ਮਲਕੋਵਾਲ, ਜਗਦੀਪ ਕੁਮਾਰ, ਰਜਿੰਦਰ ਸਿੰਗਲਾ, ਜਤਿੰਦਰ ਕੁਤਬਾ, ਮਨਜੋਤ ਛਾਪਾ, ਰਿਸ਼ੂ ਕੁਮਾਰ ਆਦਿ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾਂ ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਪ੍ਰਦਰਸ਼ਨ ਕਰਨ ਦੀ ਮੰਗੀ ਇਜਾਜ਼ਤ ਨੂੰ ਦਿੱਲੀ ਪੁਲਿਸ ਵੱਲੋਂ ਖਾਰਜ ਕਰਕੇ ਅਧਿਆਪਕਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਖਾਸ ਤੌਰ 'ਤੇ ਮੱਧ ਪ੍ਰਦੇਸ਼ ਵਿੱਚ ਹਜ਼ਾਰਾਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ, ਪਰੰਤੂ ਇਸ ਦੇ ਬਾਵਜੂਦ ਮੱਧ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਬਦਲਵੇਂ ਸਥਾਨ 'ਤੇ ਹੋਏ ਇਸ ਪ੍ਰਦਰਸ਼ਨ ਦਾ ਹਿੱਸਾ ਬਣਨ ਵਿੱਚ ਕਾਮਯਾਬ ਰਹੇ।
- Download Babushahi App
-
-