ਔਸਤ 24 ਘੰਟੇ ਪ੍ਰਤੀ ਮਕਾਨ: ਕਲਗੀਧਰ ਟਰੱਸਟ ਦੀ ਅਨੋਖੀ ਸੇਵਾ ਹੜ੍ਹ ਪੀੜਤਾਂ ਲਈ
ਹਿਮਾਚਲ ਪ੍ਰਦੇਸ਼ 11 ਅਕਤੂਬਰ 2025- ਕਲਗੀਧਰ ਟਰੱਸਟ ਗੁਰਦਵਾਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵੱਲੋਂ ਹਰ ਵਾਰ ਦੀ ਤਰ੍ਹਾਂ ਕੁਦਰਤੀ ਆਫਤਾਂ ਨੂੰ ਨਜਿੱਠਣ ਲਈ ਅਕਾਲ ਸੇਵਾ ਟੀਮਾਂ ਨੂੰ ਭੇਜਣ ਦਾ 26 ਅਗਸਤ ਤੋਂ ਉੱਦਮ ਕੀਤਾ ਗਿਆ। ਪਿਛਲੇ ਦਿਨਾਂ ਵਿੱਚ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਕਲਗੀਧਰ ਟਰੱਸਟ ਨੇ ਇਹ ਬੀੜਾ ਚੁੱਕਿਆ ਹੈ ਕਿ ਸੰਗਤਾਂ ਦਾ ਪੈਸਾ ਸਹੀ ਤਰੀਕੇ ਨਾਲ ਇਸ਼ਤੇਮਾਲ ਹੋਵੇ, ਜੋ ਹੜ੍ਹ ਪੀੜਤਾਂ ਦੀਆ ਬੁਨਿਆਦੀ ਲੋੜਾਂ ਅਸੀਂ ਪੂਰੀਆਂ ਕਰ ਰਹੇ ਹਾਂ ਅਤੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਗਈ ਸੀ ਕਿ ਜੋ ਚੌਥਾ ਫੇਜ ਹੈ, ਜਿਸ ਵਿੱਚ ਜਿਨ੍ਹਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਓਹਨਾ ਦੀ ਜਾਂਚ ਕਰਕੇ ਉਹਨਾਂ ਦੀ ਨਵੇਂ ਮਕਾਨ ਜਾਂ ਨੁਕਸਾਨੇ ਘਰਾਂ ਦੀ ਮੁਰੰਮਤ ਕੀਤੀ ਜਾਵੇਗੀ। ਇਸੇ ਤਹਿਤ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਉਪ ਪ੍ਰਧਾਨ ਜਗਜੀਤ ਸਿੰਘ (ਕਾਕਾ ਵੀਰ ਜੀ) ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ 6 ਪਿੰਡ ਜਾਫਰਕੋਟ, ਡੱਬਰ, ਜਸਤਾਰਵਾਲਾ, ਵੰਝਣਵਾਲਾ ਅਤੇ ਘੋਨੇਵਾਲਾ ਵਿੱਚ ਨਵੇਂ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਨਾਲ ਮਕਾਨ ਤਿਆਰ ਕਰਕੇ ਦਿੱਤੇ ਗਏ। ਓਹਨਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਦੇ ਮਕਾਨ ਹੜ੍ਹਾਂ ਦੇ ਪਾਣੀ ਅਤੇ ਭਾਰੀ ਬਾਰਿਸ਼ ਕਰਕੇ ਢਹਿ ਗਏ ਸਨ। ਇਹਨਾਂ ਪਰਿਵਾਰਾਂ ਨੂੰ 24 ਘੰਟੇ ਪ੍ਰਤੀ ਮਕਾਨ ਤਿਆਰ ਕਰਕੇ ਦਿੱਤਾ ਗਿਆ, ਜਿਸ ਵਿੱਚ ਰਸੋਈ ਦੇ ਰਾਸ਼ਨ ਤੋਂ ਲੈ ਕੇ ਕੁੱਲ ਘਰੇਲੂ ਸੁੱਖ ਸਹੂਲਤ (ਬੈਡ, ਗੱਦੇ, ਪੱਖੇ, ਰਸੋਈ ਦਾ ਇੱਕ ਕੁਝ ਦਿਨਾ ਦਾ ਰਾਸ਼ਨ ਆਦਿ) ਸਮਾਨ ਮੁਹਈਆ ਕਰਵਾਇਆ ਗਿਆ। ਇਹਨਾਂ ਘਰਾਂ ਦਾ ਉਦਘਾਟਨ ਲਈ ਸ਼੍ਰੀ ਰੋਹਿਤ ਗੁਪਤਾ (ਐਡੀਸ਼ਨਲ ਡਿਪਟੀ ਕਮਿਸ਼ਨਰ, ਅੰਮ੍ਰਿਤਸਰ), ਸ਼੍ਰੀ ਰਵਿੰਦਰ ਸਿੰਘ (ਐਸ.ਡੀ.ਐਮ. ਅਜਨਾਲਾ) ਵੱਲੋਂ ਕੀਤਾ ਗਿਆ। ਓਹਨਾ ਨੇ ਟਰੱਸਟ ਵੱਲੋ ਕੀਤੇ ਇਸ ਨਵੇਕਲੇ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਮਕਾਨ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਟਰੱਸਟ ਦੇ ਸੇਵਾਦਾਰ ਅਤੇ ਪਿੰਡ ਦੇ ਪਤਵੰਤੇ ਮੌਜੂਦ ਸਨ। ਓਹਨਾ ਹੋਰ ਜਾਣਕਾਰੀ ਦੱਸਿਆ ਕਿ ਇਸ ਤਰ੍ਹਾਂ ਦੇ ਲਗਭਗ 100 ਨਵੇਂ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਨਾਲ ਮਕਾਨ ਤਿਆਰ ਕਰਕੇ (400 ਤੋਂ 900 ਸੁਕੇਅਰ ਫੁੱਟ ਤੱਕ ਉਸਾਰੀ ਕੀਤੀ ਜਾਵੇਗੀ) ਲੋੜਬੰਦਾਂ ਨੂੰ ਅਸੀਂ ਸੰਗਤ ਦੇ ਸਹਿਯੋਗ ਨਾਲ ਬਣਾ ਕੇ ਦਿਆਂਗੇ। ਓਹਨਾ ਨੇ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਾਂ ਲਈ ਸੰਗਤ ਦੇ ਸਹਿਯੋਗ ਦੀ ਵੱਧ ਵੱਧ ਲੋੜ ਹੈ। ਹਰ ਦੇਸ਼ ਵਾਸੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਦਸਵੰਧ ਦਾ ਹਿੱਸਾ ਇਹਨਾਂ ਦੀ ਮਦਦ ਕਰਨ ਲਈ ਜਰੂਰ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਹਨ ਓਹਨਾ ਦੀ ਮੁਰੰਮਤ ਕੀਤੀ ਜਾ ਸਕੇ ਜਾ ਨਵੇਂ ਬਣਾ ਕੇ ਦਿੱਤੇ ਜਾਣੇ ਚਾਹੀਦੇ ਹਨ, ਸਾਨੂੰ ਸਭ ਨੂੰ ਇਹ ਹੰਭਲਾ ਜਰੂਰ ਮਾਰਨਾ ਚਾਹੀਦਾ ਹੈ, ਓਹਨਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਗੁਰਦਾਸਪੁਰ ਜ਼ਿਲੇ ਵਿੱਚ ਇਕ ਹੋਰ ਘਰ ਦੀ ਉਸਾਰੀ ਦੀ ਸ਼ੁਰੂਆਤ ਕੀਤੀ ਹੈ। ਇਥੇ ਜਿਕਰਯੋਗ ਹੈ ਕਿ ਇੱਕ ਆਮ ਆਦਮੀ ਲਈ ਇਸ ਤਰ੍ਹਾਂ ਹੜ੍ਹਾਂ ਦੀ ਮਾਰ ਪੈਣ 10 ਸਾਲ ਤੱਕ ਆਰਥਿਕ ਸਥਿਤੀ ਵਿੱਚੋਂ ਬਾਹਰ ਨਿਕਲ ਸਕਦਾ ਹੈ, ਇਹਨਾਂ ਹਾਲਾਤਾਂ ਵਿੱਚ ਘਰ ਪਾਉਣਾ ਇੱਕ ਸੁਪਨੇ ਦੀ ਤਰ੍ਹਾਂ ਹੈ। ਹੋਰ ਜਾਣਕਾਰੀ ਦਿੰਦਿਆਂ ਓਹਨਾ ਕਿਹਾ ਕਿ ਅਕਾਲ ਟੀਮ ਵੱਲੋਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ ਅਤੇ ਫਿਰੋਜਪੁਰ ਜਿਲ੍ਹਿਆਂ ਵਿੱਚ ਹੜ੍ਹ ਪੀੜਤਾਂ ਦੇ ਰਾਹਤ ਕਾਰਜਾਂ ਲਈ "ਹੜ੍ਹ ਪੀੜਤ ਰਾਹਤ ਕੈਂਪ" ਬਣਾਏ ਗਏ ਹਨ, ਜੋ ਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਲਈ ਅਕਾਲ ਅਕੈਡਮੀ ਤਿੱਬੜ, ਦੀਨਾਨਗਰ, ਸੁਜਾਨਪੁਰ ਅਤੇ ਡੇਰਾ ਬਾਬਾ ਨਾਨਕ ਵਿਖੇ, ਅੰਮ੍ਰਿਤਸਰ ਜ਼ਿਲੇ ਲਈ ਅਕਾਲ ਅਕੈਡਮੀ ਵਛੋਆ ਅਤੇ ਅਕਾਲ ਅਕੈਡਮੀ ਦਦੇਹਰ ਸਾਹਿਬ ਵਿਖੇ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਕੈਂਪ ਬਣਾਇਆ ਗਿਆ। ਜਿਥੋਂ ਨੇੜੇ ਦੇ ਹੜ੍ਹ ਪ੍ਰਵਾਭਿਤ ਇਲਾਕਿਆਂ ਵਿੱਚ ਅਤੇ ਢਾਣੀਆਂ ਤੱਕ ਪਹੁੰਚ ਕਰਕੇ ਬਿਜਲੀ ਦੇ ਉਪਕਰਨ, ਬਾਥਰੂਮਾਂ ਦੀ ਬਲੋਕੇਜ਼ ਅਤੇ ਹੋਰ ਸਮਾਨ ਦੀ ਮੁਰੰਮਤ ਕੀਤੀ ਜਾਂਦੀ ਹੈ। ਉਪਰੋਕਤ ਜ਼ਿਲਿਆਂ ਦੇ ਪਿੰਡਾਂ ਵਿੱਚ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਹਨ ਅਤੇ ਆਉਂਣ ਵਾਲੇ ਦਿਨਾਂ ਵਿੱਚ ਹੋਰ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸਦੇ ਨਾਲ ਹੀ ਉਪਰੋਕਤ ਜ਼ਿਲਿਆਂ ਦੇ ਪਿੰਡਾਂ ਵਿੱਚ ਫੋਗਿੰਗ ਵੀ ਕੀਤੀ ਜਾਂਦੀ ਹੈ। ਹੁਣ ਤੱਕ ਲਗਭਗ 153 ਪਿੰਡਾਂ ਵਿੱਚੋਂ 5500 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਗਿਆ। ਗੁਰਦੁਆਰਾ ਬੜੂ ਸਾਹਿਬ, ਹਿਮਾਚਲ ਪ੍ਰਦੇਸ਼ ਵਿਖੇ ਸਰਬਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਸਾਹਿਬ ਨਿਰੰਤਰ ਚੱਲ ਰਹੇ ਹਨ, ਜਿੱਥੇ ਪੰਜਾਬ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਜਾਂਦੀ ਹੈ। ਇਥੇ ਜਿਕਰਯੋਗ ਹੈ ਕਿ ਦੇਸ਼ ਵਿੱਚ ਜਦੋਂ ਵੀ ਕੁਦਰਤੀ ਆਫ਼ਤਾਂ ਆਉਦੀਆਂ ਹਨ ਤਾਂ ਟਰੱਸਟ ਦੀ ਅਕਾਲ ਸੇਵਾ ਟੀਮ ਵੱਲੋਂ ਨਿਧੜਕ ਹੋ ਕੇ ਹੜ੍ਹ ਪੀੜਤਾਂ ਦੀ ਸੇਵਾ ਲਈ ਤਤਪਰ ਰਹਿੰਦੀ ਹੈ।