ਔਰਤਾਂ ਦੇ ਰਾਖਵੇਂਕਰਨ ਦੇ ਨਾਮ 'ਤੇ ਦੇਸ਼ ਅੰਦਰ ਮਨੂੰ ਦਾ ਰਾਜ ਕਾਇਮ ਕਰਨ ਦੇ ਯਤਨਾਂ ਦੀ ਖਾਲੜਾ ਮਿਸ਼ਨ ਵੱਲੋਂ ਨਿੰਦਾ
ਚੰਡੀਗੜ੍ਹ, 28 ਨਵੰਬਰ 2026 : ਅੱਜ ਇੱਥੇ ਖਾਲੜਾ ਮਿਸ਼ਨ ਆਰਗਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਹੱਦਬੰਦੀ ਬਿੱਲ ਅਤੇ ਔਰਤਾਂ ਦੇ ਰਾਖਵੇਂਕਰਨ ਦੇ ਨਾਮ ਤੇ ਨੰਗੇ ਚਿੱਟੇ ਰੂਪ ਵਿੱਚ ਹਿੰਦੋਸਤਾਨ ਵਿੱਚ ਮੰਨੂ ਦਾ ਰਾਜ ਕਾਇਮ ਕਰਨ ਦੇ ਯਤਨਾਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਤੇ ਭਾਜਪਾ ਦਾ ਇਹ ਕਦਮ ਰਾਜਾਂ 'ਤੇ ਹਮਲਾ ਹੀ ਨਹੀਂ ਸਗੋਂ ਔਰੰਗਜ਼ੇਬ ਦਾ ਰਾਹ ਹੈ। ਔਰੰਗਜ਼ੇਬ ਵੀ ਇੱਕ ਧਰਮ ਇੱਕ ਸਭਿਆਚਾਰ ਦਾ ਪੈਰੋਕਾਰ ਸੀ, ਨਾਗਪੁਰ ਹੈਡਕੁਆਟਰ ਵੀ ਇੱਕ ਧਰਮ, ਇੱਕ ਸਭਿਆਚਾਰ ਦਾ ਪੈਰੋਕਾਰ ਹੈ। ਦੁਖਦਾਈ ਹੈ ਅਕ੍ਰਿਤਘਣਾਂ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਸ਼ਹਾਦਤ ਨੂੰ ਭੁਲਾ ਕੇ ਮੰਨੂਵਾਦੀਆਂ ਵੱਲੋਂ ਔਰੰਗਜ਼ੇਬ ਦਾ ਰਾਹ ਫੜ ਲੈਣਾ। ਉਨ੍ਹਾਂ ਕਿਹਾ ਕਿ ਕਿੱਡੀ ਦੁਖਦਾਈ ਗੱਲ ਹੈ ਕਿ ਮੰਨੂਵਾਦੀ ਧਿਰਾਂ ਗੁਰੂ ਸਾਹਿਬਾਨ ਦਾ ਸੰਦੇਸ਼ ਸੁਣਦੀਆਂ, ਇੱਕ ਪ੍ਰਮਾਤਮਾ ਨੂੰ ਮੰਨਦੀਆਂ ਅਤੇ ਸਾਰੀ ਮਨੁੱਖਤਾ ਨੂੰ ਇੱਕ ਕੁਦਰਤ ਦੇ ਬੰਦੇ ਮੰਨਦੀਆਂ, ਉਹ ਸੰਦੇਸ਼ ਸੁਣਦੀਆਂ-
ਅਵਲਿ ਅਲਹ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥
ਜਥੇਬੰਦੀਆਂ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਔਰਤ ਦੀ ਜੋ ਦੁਰਗਤੀ ਮੰਨੂਵਾਦੀਆਂ ਨੇ ਕੀਤੀ ਹੈ ਉਸ ਦੀ ਕਿਤੇ ਮਿਸਾਲ ਨਹੀਂ ਮਿਲਦੀ। ਔਰਤਾਂ ਨੂੰ ਸ਼ਕਤੀ ਦੇਣ ਦਾ ਇਹਨਾਂ ਦਾ ਕਾਨੂੰਨ ਬਹਾਨਾ ਹੈ, ਦਰਅਸਲ ਮੰਨੂਵਾਦੀ ਰਾਜ ਨਿਸ਼ਾਨਾ ਹੈ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਦੇ ਆਗੂ ਡਾਕਟਰ ਭੀਮ ਰਾਓ ਅੰਬੇਦਕਰ ਹੁਰਾਂ ਨੇ ਇੰਨ੍ਹਾਂ ਦੇ ਕਾਲੇ ਕਾਰਨਾਮਿਆਂ ਤੋਂ ਦੁਖੀ ਹੋ ਕੇ ਕਿਹਾ ਸੀ ਕਿ ਜੇ ਬਹੁਗਿਣਤੀ ਛੋਟੇ ਭਾਈਚਾਰਿਆਂ ਨੂੰ ਕੁਚਲੇਗੀ ਤਾਂ ਉਹ ਸੰਵਿਧਾਨ ਨੂੰ ਸਾੜਨ ਵਾਲੇ ਪਹਿਲੇ ਵਿਅਕਤੀ ਹੋਣਗੇ। ਮੰਨੂਵਾਦੀਏ ਲਗਾਤਾਰ ਰੌਲਾ ਪਾਉਂਦੇ ਰਹੇ ਕਿ ਸੰਵਿਧਾਨ ਵਿੱਚ ਮੰਨੂਵਾਦੀ ਕਾਨੂੰਨਾਂ ਨੂੰ ਅਣਗੋਲਿਆ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਡਾ. ਅੰਬੇਦਕਰ ਹੁਰਾਂ ਨੇ ਆਪਣੇ ਬੋਲ ਪੁਗਾਏ ਕਿ ਉਹ ਜਨਮੇਂ ਭਾਵੇਂ ਹਿੰਦੂ ਧਰਮ ਵਿੱਚ ਹਨ, ਪਰ ਉਹਨਾਂ ਨੂੰ ਹਿੰਦੂ ਧਰਮ ਵਿੱਚ ਮਰਨਾ ਕਬੂਲ ਨਹੀਂ ਹੈ। ਆਖਰ ਉਨ੍ਹਾਂ ਦੁਖੀ ਹੋ ਕੇ ਬੁਧ ਧਰਮ ਅਪਣਾ ਲਿਆ। ਅੱਜ ਚਾਹੀਦਾ ਸੀ ਕਿ ਦੇਸ਼ ਦੇ ਹਾਕਮ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਦਾ ਮੁੱਲ ਤਾਰਦੇ, ਗੁਰਬਾਣੀ ਦੇ ਸੰਦੇਸ਼ 'ਤੇ ਅਧਾਰਿਤ ਸੰਵਿਧਾਨ ਲਾਗੂ ਕਰਕੇ ਸਰਬੱਤ ਦੇ ਭਲੇ ਦਾ ਰਾਹ ਅਪਣਾਉਂਦੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਦੇਣ ਵਾਲੇ ਕਰਤਾਰਪੁਰ ਮਾਡਲ ਅਪਣਾਉਂਦੇ। ਪਰ ਇੰਨ੍ਹਾਂ ਤਾਂ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਦਿਆਂ ਸ਼੍ਰੀ ਦਰਬਾਰ ਸਾਹਿਬ 'ਤੇ ਤੋਪਾਂ-ਟੈਂਕਾਂ ਨਾਲ ਹਮਲਾ ਬੋਲ ਦਿੱਤਾ, ਨਵੰਬਰ-84 ਕਤਲੇਆਮ ਕੀਤਾ, ਝੂਠੇ ਮੁਕਾਬਲੇ ਬਣਾਏ, ਨਸ਼ੇ ਫੈਲਾਏ, ਪੰਜਾਬ ਦਾ ਪਾਣੀ, ਬਿਜਲੀ ਲੁੱਟੇ, ਇਲਾਕੇ ਖੋਹੇ, ਰਾਜਧਾਨੀ ਖੋਹੀ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਨੂੰ ਉਪਰੋਕਤ ਬਿੱਲਾਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਪੰਜਾਬ, ਦੇਸ਼ ਤੇ ਸੰਸਾਰ ਅੰਦਰ ਗੁਰਬਾਣੀ ਅਧਾਰਿਤ ਸੰਵਿਧਾਨ ਦੀ ਪੈਰਵੀ ਕਰਨੀ ਚਾਹੀਦੀ ਹੈ। ਯਾਦ ਰਹੇ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਕਿਹਾ ਸੀ ਕਿ ਹੁਣ ਸੰਸਾਰ ਅੰਦਰ ਵਿਕਾਸ ਦੇ ਸਾਰੇ ਮਾਡਲ ਫੇਲ੍ਹ ਹੋ ਗਏ ਹਨ, ਹੁਣ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਦੇ ਸੰਦੇਸ਼ 'ਤੇ ਅਧਾਰਿਤ ਕਰਤਾਰਪੁਰ ਮਾਡਲ ਹੀ ਬਚਾ ਸਕਦਾ ਹੈ।
ਜਾਰੀ ਕਰਤਾ :-
ਐਡਵੋਕੇਟ ਜਗਦੀਪ ਸਿੰਘ ਰੰਧਾਵਾ ਬਾਬਾ ਦਰਸ਼ਨ ਸਿੰਘ ਸਤਵਿੰਦਰ ਸਿੰਘ ਪਲਾਸੌਰ
ਸੁਖਦੇਵ ਸਿੰਘ ਬੌਬੀ ਕੁਮਾਰ ਬਾਬਾ ਨਿਰਮਲ ਸਿੰਘ ਸਰਹਾਲੀ
- Download Babushahi App
-
-