ਆਕਾਸ਼ਵਾਣੀ ਬਠਿੰਡਾ ਰਾਹੀਂ ਜਨਗਣਨਾ-2027 ਸਬੰਧੀ ਸਵੈ-ਗਣਨਾ ਵਿੱਚ ਹਿੱਸਾ ਲੈਣ ਦੀ ਅਪੀਲ
16 ਨਵੰਬਰ ਤੋਂ 30 ਨਵੰਬਰ ਤੱਕ ਹੋਵੇਗੀ ਸਵੈ-ਗਣਨਾ
1 ਦਸੰਬਰ ਤੋਂ 4 ਜਨਵਰੀ ਤੱਕ ਘਰ-ਘਰ ਪਹੁੰਚਣਗੇ ਗਿਣਤੀਕਾਰ
ਅਸ਼ੋਕ ਵਰਮਾ
ਬਠਿੰਡਾ, 06 ਨਵੰਬਰ 2026 :ਜਨਗਣਨਾ-2027 ਦੇ ਦੂਜੇ ਪੜਾਅ ਤਹਿਤ ਆਬਾਦੀ ਗਣਨਾ ਸਬੰਧੀ ਜ਼ਿਲ੍ਹਾ ਵਾਸੀਆਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਸੈਂਸਸ ਸੈੱਲ ਇੰਚਾਰਜ ਹਰਵਿੰਦਰ ਸਿੰਘ ਅਤੇ ਜ਼ਿਲ੍ਹਾ ਮਾਸਟਰ ਟਰੇਨਰ (ਜਨਗਣਨਾ) ਮੁਕੇਸ਼ ਬਾਂਸਲ ਵੱਲੋਂ ਆਕਾਸ਼ਵਾਣੀ ਬਠਿੰਡਾ ਰੇਡੀਓ 'ਤੇ ਵਿਸ਼ੇਸ਼ ਗੱਲਬਾਤ ਕੀਤੀ ਗਈ। ਸ਼ਾਮ ਨੂੰ ਪ੍ਰਸਾਰਤ ਹੋਣ ਵਾਲੇ ਗੱਲਾਂ ਚੋਂ ਗੱਲ ਪ੍ਰੋਗਰਾਮ ਚ ਮਨਦੀਪ ਸਿੰਘ ਰਾਜੌਰਾ ਵੱਲੋਂ ਜਨਗਣਨਾ ਦੇ ਦੂਜੇ ਪੜਾਅ, ਸਵੈ-ਗਣਨਾ ਦੀ ਪ੍ਰਕਿਰਿਆ, ਗਿਣਤੀਕਾਰਾਂ ਦੀ ਪਛਾਣ ਅਤੇ ਜਨਗਣਨਾ ਸਬੰਧੀ ਜ਼ਰੂਰੀ ਸਾਵਧਾਨੀਆਂ ਬਾਰੇ ਸਵਾਲ ਪੁਛੇ ਗਏ। ਲੋਕਾਂ ਨੂੰ ਇਸ ਮਹੱਤਵਪੂਰਨ ਰਾਸ਼ਟਰੀ ਕਾਰਜ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਜ਼ਿਲ੍ਹਾ ਮਾਸਟਰ ਟਰੇਨਰ ਮੁਕੇਸ਼ ਬਾਂਸਲ ਨੇ ਦੱਸਿਆ ਕਿ ਜਨਗਣਨਾ-2027 ਦੇ ਦੂਜੇ ਪੜਾਅ ਤਹਿਤ ਆਬਾਦੀ ਗਣਨਾ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 16 ਨਵੰਬਰ ਤੋਂ 30 ਨਵੰਬਰ ਤੱਕ ਸਵੈ-ਗਣਨਾ ਲਈ ਆਨਲਾਈਨ ਪੋਰਟਲ ਖੁੱਲ੍ਹਾ ਰਹੇਗਾ, ਜਿਸ ਰਾਹੀਂ ਲੋਕ ਆਪਣੇ ਪਰਿਵਾਰ ਅਤੇ ਘਰ ਸਬੰਧੀ ਲੋੜੀਂਦੀ ਜਾਣਕਾਰੀ ਖੁਦ ਦਰਜ ਕਰ ਸਕਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਂਦਿਆਂ ਆਪਣੀ ਅਤੇ ਆਪਣੇ ਪਰਿਵਾਰ ਦੀ ਸਵੈ-ਗਣਨਾ ਯਕੀਨੀ ਬਣਾਉਣ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ।
ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਦੀ ਪ੍ਰਕਿਰਿਆ ਤੋਂ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਨਿਯੁਕਤ ਕੀਤੇ ਗਏ ਗਿਣਤੀਕਾਰ ਘਰ-ਘਰ ਜਾ ਕੇ ਆਬਾਦੀ ਗਣਨਾ ਦਾ ਕੰਮ ਕਰਨਗੇ। ਇਸ ਦੌਰਾਨ ਲੋਕ ਗਿਣਤੀਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਸਹੀ ਅਤੇ ਪੂਰੇ ਜਵਾਬ ਦੇਣ ਤਾਂ ਜੋ ਜਨਗਣਨਾ ਦਾ ਕੰਮ ਸੁਚਾਰੂ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪਹਿਲਾਂ ਹੀ ਸਵੈ-ਗਣਨਾ ਕਰ ਚੁੱਕੇ ਹੋਣਗੇ, ਉਹ ਆਪਣੇ ਵੱਲੋਂ ਜਨਰੇਟ ਕੀਤੀ ਗਈ ਵਿਸ਼ੇਸ਼ ਆਈਡੀ ਗਿਣਤੀਕਾਰ ਨਾਲ ਜ਼ਰੂਰ ਸਾਂਝੀ ਕਰਨ।
ਇਸ ਮੌਕੇ ਜ਼ਿਲ੍ਹਾ ਸੈਂਸਸ ਸੈੱਲ ਇੰਚਾਰਜ ਹਰਵਿੰਦਰ ਸਿੰਘ ਨੇ ਗਿਣਤੀਕਾਰਾਂ ਦੀ ਪਛਾਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਗਿਣਤੀਕਾਰ ਕੋਲ ਫੋਟੋ, ਨਾਮ ਅਤੇ ਉਸ ਦੇ ਚਾਰਜ ਸਬੰਧੀ ਵੇਰਵਿਆਂ ਵਾਲਾ ਪਛਾਣ ਪੱਤਰ ਹੋਵੇਗਾ, ਜਿਸ ਉੱਤੇ ਕਿਊਆਰ ਕੋਡ ਵੀ ਦਰਜ ਹੋਵੇਗਾ। ਇਸ ਕੋਡ ਨੂੰ ਸਕੈਨ ਕਰਕੇ ਗਿਣਤੀਕਾਰ ਦੀ ਪਛਾਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਜੇਕਰ ਕਿਸੇ ਨਾਗਰਿਕ ਨੂੰ ਗਿਣਤੀਕਾਰ ਦੀ ਪਛਾਣ ਸਬੰਧੀ ਕੋਈ ਸ਼ੰਕਾ ਹੋਵੇ ਤਾਂ ਉਹ ਜ਼ਿਲ੍ਹਾ ਸੈਂਸਸ ਸੈੱਲ, ਬਠਿੰਡਾ ਦੇ ਹੈਲਪਲਾਈਨ ਨੰਬਰ 0164-2217050 'ਤੇ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਉਨ੍ਹਾਂ ਵਿਸ਼ੇਸ਼ ਤੌਰ 'ਤੇ ਸਪੱਸ਼ਟ ਕੀਤਾ ਕਿ ਘਰ-ਘਰ ਆਉਣ ਵਾਲੇ ਗਿਣਤੀਕਾਰ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਮੰਗ ਨਹੀਂ ਕਰਨਗੇ ਅਤੇ ਨਾ ਹੀ ਕਿਸੇ ਨਾਗਰਿਕ ਤੋਂ ਓਟੀਪੀ (OTP) ਮੰਗਿਆ ਜਾਵੇਗਾ। ਇਸ ਲਈ ਲੋਕ ਕਿਸੇ ਨਾਲ ਵੀ ਆਪਣਾ ਓਟੀਪੀ ਸਾਂਝਾ ਨਾ ਕਰਨ ਅਤੇ ਜਨਗਣਨਾ ਦੇ ਨਾਮ 'ਤੇ ਹੋਣ ਵਾਲੀ ਕਿਸੇ ਵੀ ਸੰਭਾਵੀ ਧੋਖਾਧੜੀ ਤੋਂ ਸੁਚੇਤ ਰਹਿਣ। ਉਨ੍ਹਾਂ ਦੱਸਿਆ ਕਿ ਜਨਗਣਨਾ ਸਬੰਧੀ ਹੋਰ ਜਾਣਕਾਰੀ ਅਤੇ ਸਹਾਇਤਾ ਲਈ ਜ਼ਿਲ੍ਹਾ ਪੱਧਰ 'ਤੇ ਅਤੇ ਨਜ਼ਦੀਕੀ ਸਕੂਲਾਂ ਵਿੱਚ ਸੈਂਸਸ ਸਹਾਇਤਾ ਕੇਂਦਰ ਸਥਾਪਿਤ ਕੀਤੇ ਗਏ ਹਨ।
ਅੰਤ ਵਿੱਚ ਦੋਵਾਂ ਅਧਿਕਾਰੀਆਂ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 16 ਨਵੰਬਰ ਤੋਂ 30 ਨਵੰਬਰ ਤੱਕ ਸਵੈ-ਗਣਨਾ ਵਿੱਚ ਭਾਗ ਲੈਣ ਅਤੇ 1 ਦਸੰਬਰ ਤੋਂ 4 ਜਨਵਰੀ ਤੱਕ ਘਰ ਆਉਣ ਵਾਲੇ ਗਿਣਤੀਕਾਰਾਂ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਸਹੀ ਅਤੇ ਭਰੋਸੇਯੋਗ ਜਾਣਕਾਰੀ ਮੁਹੱਈਆ ਕਰਵਾਉਣਾ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਜਨਗਣਨਾ-2027 ਦਾ ਕਾਰਜ ਸਫ਼ਲਤਾਪੂਰਵਕ ਨੇਪਰੇ ਚੜ੍ਹ ਸਕਦਾ ਹੈ।
- Download Babushahi App
-
-