ਡੇਂਗੂ ਦੀ ਰੋਕਥਾਮ ਲਈ ਜਗਰਾਉਂ ਦੇ ਛੱਪੜਾਂ ਵਿੱਚ ਛੱਡੀਆਂ ਗਈਆਂ ਗੰਬੂਜੀਆ ਮੱਛੀਆਂ
ਜਗਰਾਉਂ ,ਦੀਪਕ ਜੈਨ
ਡੇਂਗੂ ਵਰਗੀਆਂ ਮੱਛਰ-ਜਨਿਤ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਜਗਰਾਉਂ ਸ਼ਹਿਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ। ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ (ਐਸ.ਐਮ.ਓ.) ਜਗਰਾਉਂ ਡਾ. ਅਮਨ ਸ਼ਰਮਾ ਦੀ ਅਗਵਾਈ ਹੇਠ, ਅੰਮ੍ਰਿਤਪਾਲ ਸਿੰਘ (ਐਮ.ਪੀ.ਐਚ.ਐਸ.) ਦੀ ਦੇਖ-ਰੇਖ ਵਿੱਚ ਐਂਟੀ ਲਾਰਵਾ ਸਕੀਮ ਜਗਰਾਉਂ ਦੇ ਸਟਾਫ ਵੱਲੋਂ ਸ਼ਹਿਰ ਦੇ ਵੱਖ-ਵੱਖ ਛੱਪੜਾਂ ਵਿੱਚ ਗੰਬੂਜੀਆ (Gambusia) ਮੱਛੀਆਂ ਛੱਡੀਆਂ ਗਈਆਂ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੰਬੂਜੀਆ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਾ ਕੇ ਉਨ੍ਹਾਂ ਦੀ ਗਿਣਤੀ ਘਟਾਉਣ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦੀਆਂ ਹਨ। ਇਹ ਵਾਤਾਵਰਣ-ਅਨੁਕੂਲ ਅਤੇ ਜੈਵਿਕ ਤਰੀਕਾ ਹੈ, ਜਿਸ ਨਾਲ ਡੇਂਗੂ ਫੈਲਾਉਣ ਵਾਲੇ ਮੱਛਰਾਂ ਦੀ ਪੈਦਾਵਾਰ 'ਤੇ ਕਾਬੂ ਪਾਉਣ ਵਿੱਚ ਮਦਦ ਮਿਲਦੀ ਹੈ।
ਮੁਹਿੰਮ ਦੌਰਾਨ ਸਟਾਫ ਨੇ ਵੱਖ-ਵੱਖ ਛੱਪੜਾਂ ਦੇ ਨੇੜੇ ਜਾਗਰੂਕਤਾ ਫਲੈਕਸ ਵੀ ਲਗਾਏ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਛੱਪੜਾਂ ਵਿੱਚ ਕਿਸੇ ਵੀ ਕਿਸਮ ਦਾ ਕੈਮੀਕਲ, ਤੇਲ ਜਾਂ ਹੋਰ ਹਾਨੀਕਾਰਕ ਪਦਾਰਥ ਨਾ ਪਾਉਣ, ਕਿਉਂਕਿ ਇਸ ਨਾਲ ਗੰਬੂਜੀਆ ਮੱਛੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਡੇਂਗੂ ਰੋਕਥਾਮ ਦੇ ਯਤਨਾਂ 'ਤੇ ਵੀ ਅਸਰ ਪੈ ਸਕਦਾ ਹੈ।
ਸਿਹਤ ਵਿਭਾਗ ਨੇ ਨਾਗਰਿਕਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ, ਕੂਲਰ, ਗਮਲੇ, ਟੈਂਕੀਆਂ ਅਤੇ ਹੋਰ ਪਾਣੀ ਵਾਲੇ ਭਾਂਡਿਆਂ ਦੀ ਨਿਯਮਿਤ ਸਫ਼ਾਈ ਕਰਨ ਅਤੇ ਡੇਂਗੂ ਤੋਂ ਬਚਾਅ ਲਈ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਵਿਭਾਗ ਦਾ ਕਹਿਣਾ ਹੈ ਕਿ ਡੇਂਗੂ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਅਤੇ ਜਾਗਰੂਕਤਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ।
- Download Babushahi App
-
-