ਜ਼ਖਮੀ ਸਟਰੀਟ ਡੌਗਜ਼ ਦੇ ਇਲਾਜ ਲਈ ਜ਼ਮੀਨ ਮੁਹੱਈਆ ਕਰਵਾਉਣ ਦੀ ਮੰਗ
ਵੈਲਫੇਅਰ ਸੁਸਾਇਟੀ ਨੇ ਨਗਰ ਕੌਂਸਲ ਪ੍ਰਧਾਨ ਨੂੰ ਸੌਂਪਿਆ ਮੰਗ ਪੱਤਰ
ਜਗਰਾਉਂ: ਦੀਪਕ ਜੈਨ
ਸਟਰੀਟ ਡੋਗਜ਼ ਐਂਡ ਬਰਡਜ਼ ਵੈਲਫੇਅਰ ਸੋਸਾਇਟੀ, ਜਗਰਾਉਂ ਵੱਲੋਂ ਸਥਾਨਕ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਕੰਵਰਪਾਲ ਸਿੰਘ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਇੱਕ ਮੰਗ ਪੱਤਰ ਭੇਜ ਕੇ ਜਗਰਾਉਂ ਵਿੱਚ ਜ਼ਖਮੀ, ਬਿਮਾਰ ਅਤੇ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਸਟਰੀਟ ਡੌਗਜ਼ ਦੇ ਇਲਾਜ ਲਈ ਉਚਿਤ ਜਗ੍ਹਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਸੁਸਾਇਟੀ ਨੇ ਮੰਗ ਪੱਤਰ ਵਿੱਚ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਸਮਰੱਥਾ ਅਨੁਸਾਰ ਜ਼ਖਮੀ ਅਤੇ ਬੇਸਹਾਰਾ ਕੁੱਤਿਆਂ, ਪੰਛੀਆਂ ਅਤੇ ਹੋਰ ਪਸ਼ੂਆਂ ਦੀ ਸੇਵਾ ਕਰ ਰਹੀ ਹੈ। ਪਰ ਇਲਾਜ, ਆਪਰੇਸ਼ਨ ਤੋਂ ਬਾਅਦ ਸੰਭਾਲ ਅਤੇ ਰਿਕਵਰੀ ਲਈ ਪੱਕੀ ਜਗ੍ਹਾ ਨਾ ਹੋਣ ਕਾਰਨ ਸੰਸਥਾ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੰਗ ਪੱਤਰ ਵਿੱਚ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਗਰਾਉਂ ਵਿੱਚ ਨਗਰ ਕੌਂਸਲ ਦੇ ਅਧੀਨ ਜਾਂ ਕਿਸੇ ਹੋਰ ਸਰਕਾਰੀ ਥਾਂ 'ਤੇ ਜ਼ਮੀਨ ਅਲਾਟ ਕਰਕੇ ਇੱਕ ਐਨੀਮਲ ਕੇਅਰ ਸੈਂਟਰ/ਸ਼ੈਲਟਰ ਸਥਾਪਿਤ ਕਰਨ ਵਿੱਚ ਸਹਿਯੋਗ ਦਿੱਤਾ ਜਾਵੇ, ਤਾਂ ਜੋ ਜ਼ਖਮੀ ਸਟਰੀਟ ਡੌਗਜ਼ ਅਤੇ ਹੋਰ ਬੇਸਹਾਰਾ ਜਾਨਵਰਾਂ ਦਾ ਇਲਾਜ ਅਤੇ ਦੇਖਭਾਲ ਸੁਚੱਜੇ ਢੰਗ ਨਾਲ ਕੀਤੀ ਜਾ ਸਕੇ।
ਸੁਸਾਇਟੀ ਨੇ ਇਹ ਵੀ ਕਿਹਾ ਕਿ ਅਜਿਹਾ ਕੇਂਦਰ ਬਣਨ ਨਾਲ ਨਾ ਸਿਰਫ਼ ਜ਼ਖਮੀ ਜਾਨਵਰਾਂ ਨੂੰ ਸਮੇਂ ਸਿਰ ਇਲਾਜ ਮਿਲੇਗਾ, ਸਗੋਂ ਮਨੁੱਖਤਾ ਅਤੇ ਪਸ਼ੂ ਭਲਾਈ ਪ੍ਰਤੀ ਸਮਾਜਿਕ ਜ਼ਿੰਮੇਵਾਰੀ ਵੀ ਹੋਰ ਮਜ਼ਬੂਤ ਹੋਵੇਗੀ।
ਇਸ ਮੰਗ ਪੱਤਰ ਨੂੰ ਕਈ ਮੌਜੂਦਾ ਅਤੇ ਸਾਬਕਾ ਨਗਰ ਕੌਂਸਲਰਾਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੇ ਦਸਤਖ਼ਤ ਕਰਕੇ ਸਮਰਥਨ ਦਿੱਤਾ ਹੈ। ਸੁਸਾਇਟੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੋਕ ਹਿੱਤ ਅਤੇ ਪਸ਼ੂ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਇਸ ਮੰਗ 'ਤੇ ਜਲਦ ਸਕਾਰਾਤਮਕ ਫ਼ੈਸਲਾ ਲਿਆ ਜਾਵੇ।
- Download Babushahi App
-
-