ਕੋਲੰਬੀਆ ਵਿੱਚ 7.4 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ, 132 ਦੇ ਕਰੀਬ ਨਾਗਰਿਕਾਂ ਦੀ ਮੌਤ
ਬਾਬੂਸ਼ਾਹੀ ਬਿਊਰੋ
ਬੋਗੋਟਾ, 10 ਅਗਸਤ (ਵਰਸ਼ਾ ਸੀਕਰੀ): ਪੱਛਮੀ ਕੋਲੰਬੀਆ ਵਿੱਚ ਸੋਮਵਾਰ ਨੂੰ ਆਏ 7.4 ਤੀਬਰਤਾ ਦੇ ਵਿਨਾਸ਼ਕਾਰੀ ਭੂਚਾਲ ਕਾਰਨ ਭਾਰੀ ਤਬਾਹੀ ਹੋਈ ਹੈ, ਜਿਸ ਵਿੱਚ ਲਗਭਗ 132 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਮਲਬੇ ਹੇਠਾਂ ਫਸ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਤੇ ਕੋਲੰਬੀਆ ਦੀ ਏਜੰਸੀ ਅਨੁਸਾਰ ਭੂਚਾਲ ਦਾ ਕੇਂਦਰ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਤੋਂ ਲਗਭਗ 400 ਕਿਲੋਮੀਟਰ ਪੱਛਮ ਵਿੱਚ ਸਥਿਤ ਸੈਨ ਜੋਸ ਡੇਲ ਪਾਲਮਾਰ ਵਿਖੇ ਸੀ। ਇਸ ਭੂਚਾਲ ਦੇ ਤੇਜ਼ ਝਟਕੇ ਬੋਗੋਟਾ, ਮੇਡੇਲਿਨ ਅਤੇ ਕੈਲੀ ਵਰਗੇ ਪ੍ਰਮੁੱਖ ਸ਼ਹਿਰਾਂ ਤੋਂ ਇਲਾਵਾ ਗੁਆਂਢੀ ਦੇਸ਼ਾਂ ਇਕਵਾਡੋਰ ਅਤੇ ਵੈਨੇਜ਼ੁਏਲਾ ਵਿੱਚ ਵੀ ਮਹਿਸੂਸ ਕੀਤੇ ਗਏ।
ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ, ਸੜਕਾਂ ਵਿੱਚ ਤਰੇੜਾਂ ਆ ਗਈਆਂ ਅਤੇ ਪੁਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕੋਲੰਬੀਆ ਦੀ ਰਾਸ਼ਟਰੀ ਆਫ਼ਤ ਜੋਖਮ ਪ੍ਰਬੰਧਨ ਇਕਾਈ (UNGRD) ਅਤੇ ਚੋਕੋ ਸੂਬੇ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹਾਲਾਂਕਿ ਪ੍ਰਸ਼ਾਂਤ ਤੱਟ 'ਤੇ ਆਏ ਇਸ ਭੂਚਾਲ ਤੋਂ ਬਾਅਦ ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਪ੍ਰਸ਼ਾਸਨ ਵਲੋਂ ਹੋਰ ਨੁਕਸਾਨ ਤੋਂ ਬਚਣ ਲਈ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ।
- Download Babushahi App
-
-