ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਬਾਰੇ ਗੋਸ਼ਟੀ
‘ਪ੍ਰਮਾਣਿਕ ਸ਼ਬਦ-ਜੋੜ: ਇੱਕ ਸੰਵਾਦ’ ਵਿਸ਼ੇ ਤਹਿਤ ਵਿਦਵਾਨਾਂ ਨੇ ਕੀਤੀਆਂ ਨਿੱਠ ਕੇ ਵਿਚਾਰਾਂ
ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ’ਚ ਇਕਸਾਰਤਾ ਲਿਆਉਣ ’ਤੇ ਵਿਦਵਾਨਾਂ ਨੇ ਦਿੱਤਾ ਜ਼ੋਰ
ਪਟਿਆਲਾ, 9 ਅਕਤੂਬਰ: ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਅੱਜ ਇੱਥੇ ਭਾਸ਼ਾ ਭਵਨ ਵਿਖੇ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਬਾਰੇ ‘ਪ੍ਰਮਾਣਿਕ ਸ਼ਬਦ-ਜੋੜ: ਇੱਕ ਸੰਵਾਦ’ ਵਿਸ਼ੇ ਤਹਿਤ ਇੱਕ ਰੋਜ਼ਾ ਗੋਸ਼ਟੀ ਕਰਵਾਈ ਗਈ। ਜਿਸ ਦੌਰਾਨ ਪੰਜਾਬੀ ਦੇ ਨਾਮਵਰ ਵਿਦਵਾਨਾਂ ਨੇ ਸ਼ਬਦ-ਜੋੜਾਂ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ। ਗੋਸ਼ਟੀ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਸੁਖਵਿੰਦਰ ਸਿੰਘ ਸੰਘਾ ਨੇ ਅਤੇ ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਜੋਗਾ ਸਿੰਘ ਨੇ ਕੀਤੀ। ਗੋਸ਼ਟੀ ਦੌਰਾਨ ਸ਼ਬਦ-ਜੋੜਾਂ ਬਾਰੇ ਚਾਰ ਪੱਖ ਉੱਭਰਕੇ ਸਾਹਮਣੇ ਆਏ। ਜਿਨ੍ਹਾਂ ਵਿੱਚ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ’ਚ ਇਕਸਾਰਤਾ ਲਿਆਉਣ, ਜਿੱਥੇ ਪੈਰ ਬਿੰਦੀ ਅਰਥਾਂ ’ਚ ਫਰਕ ਨਹੀਂ ਪਾਉਂਦੀ ਉੱਥੇ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ, ਜੋ ਸ਼ਬਦ ਪੰਜਾਬੀ ਕੋਲ ਹਨ ਉਨ੍ਹਾਂ ਦੀ ਥਾਂ ਹੋਰਨਾਂ ਭਾਸ਼ਾਵਾਂ ਦੇ ਸ਼ਬਦ ਵਰਤਣ ਤੋਂ ਸੰਕੋਚ ਕਰਨ ਅਤੇ ਡਾ. ਹਰਕੀਰਤ ਸਿੰਘ ਵਾਲੇ ਕੋਸ਼ ਨੂੰ ਲੋੜੀਂਦੀਆਂ ਸੋਧਾਂ ਕਰਕੇ ਮੰਨ ਲੈਣਾ ਚਾਹੀਦਾ ਹੈ।
ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਭਾਸ਼ਾ ਇੱਕ ਗਤੀਸ਼ੀਲ ਵਰਤਾਰਾ ਹੈ ਅਤੇ ਇਸ ਵਿੱਚ ਤਬਦੀਲੀਆਂ ਹੋਣੀਆਂ ਸੁਭਾਵਿਕ ਹਨ। ਇਨ੍ਹਾਂ ਤਬਦੀਲੀਆਂ ’ਤੇ ਵਿਦਵਾਨਾਂ ਦੌਰਾਨ ਸਹਿਮਤੀ ਅਸਹਿਮਤੀ ਹੋਣੀ ਸੁਭਾਵਿਕ ਹੈ ਪਰ ਬਦਲਾਅ ਬਾਰੇ ਵਿਚਾਰ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ। ਖੋਜ ਅਫ਼ਸਰ ਸਤਪਾਲ ਸਿੰਘ ਚਹਿਲ ਨੇ ਗੋਸ਼ਟੀ ਦੀ ਰੂਪ-ਰੇਖਾ ਤੇ ਲੋੜ ਬਾਰੇ ਜਾਣਕਾਰੀ ਦਿੱਤੀ। ਗੋਸ਼ਟੀ ਦੀ ਸ਼ੁਰੂਆਤ ਕਰਦਿਆਂ ਸ. ਜਗਤਾਰ ਸਿੰਘ ਸੋਖੀ ਨੇ ‘ਪੰਜਾਬੀ ਸ਼ਬਦ-ਜੋੜਾਂ ਦੇ ਚੋਣਵੇਂ ਨਿਯਮਾਂ’ ਸਬੰਧੀ ਦੋ ਅਹਿਮ ਮੁੱਦੇ ਉਠਾਏ। ਪਹਿਲਾ ਡਿਜੀਟਲ ਸਾਧਨਾਂ ਦੀ ਆਮਦ ਸਦਕਾ ਅਸੀਂ ਬਹੁਤ ਕਾਹਲੀ ’ਚ ਲਿਖਦੇ ਹਾਂ ਜਿਸ ਕਰਕੇ ਬਹੁਤ ਸਾਰੇ ਅੱਖਰ ਲਿਖਣ ਦੀ ਘੌਲ਼ ਕਰ ਜਾਂਦੇ ਹਾਂ ਤੇ ਸ਼ਬਦਾਂ ’ਚ ਵਿਗਾੜ ਪੈਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਗੂਗਲ ਟਰਾਂਸਲੇਟਰ ਆਦਿ ਰਾਹੀਂ ਅਨੁਵਾਦ ਕਰਨ ਸਮੇਂ ਵੀ ਵਾਕ ਬਣਤਰ ਵਿਗੜ ਜਾਂਦੀ ਹੈ। ਇਸੇ ਕਰਕੇ ਅਜੋਕੇ ਦੌਰ ’ਚ ਸ਼ੁੱਧ ਪੰਜਾਬੀ ਸਿੱਖਣ ਵਾਲਿਆਂ ਦੀ ਗਿਣਤੀ ਬਹੁਤ ਘਟ ਗਈ ਹੈ। ਇੱਕ ਸਰਵੇਖਣ ਮੁਤਾਬਕ ਅੱਠਵੀਂ ਜਮਾਤ ਤੱਕ ਦੇ ਸਿਰਫ਼ ਤਿੰਨ ਫ਼ੀਸਦੀ ਵਿਿਦਆਰਥੀ ਹੀ ਸ਼ੁੱਧ ਪੰਜਾਬੀ ਲਿਖਦੇ ਹਨ। ਡਾ. ਆਸ਼ਾ ਕਿਰਨ ਨੇ ‘ਪੰਜਾਬੀ ਭਾਸ਼ਾ ਵਿੱਚ ਦੂਜੀਆਂ ਭਾਸ਼ਾਵਾਂ ਤੋਂ ਆਈ ਸ਼ਬਦਾਵਲੀ ਦੇ ਸ਼ਬਦ-ਜੋੜ’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਭਾਸ਼ਾ ਸੁਚੇਤ ਰੂਪ ’ਚ ਲਿਆ ਜਾਣ ਵਾਲਾ ਵਰਤਾਰਾ ਹੈ ਅਤੇ ਇਸ ਦੇ ਲਹਿਜ਼ੇ ਵਿੱਚ ਵਖਰੇਵਾਂ ਹੋਣਾ ਸੁਭਾਵਿਕ ਹੈ।
ਉਨ੍ਹਾਂ ਕਿਹਾ ਭਾਸ਼ਾ ਦੇ ਉਚਾਰਨ ’ਚ ਹੋਣ ਵਾਲੀਆਂ ਭਿੰਨਤਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ ਹੈ ਪਰ ਲਿਖਤੀ ਰੂਪ ਲਈ ਸਾਨੂੰ ਜ਼ਰੂਰ ਇਕਮੱਤ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਭਾਸ਼ਾ ਤੋਂ ਆਉਣ ਵਾਲੇ ਸ਼ਬਦਾਂ ਨੂੰ ਲਿਖਣ ਤੇ ਉਚਾਰਨ ਸਬੰਧੀ ਸੁਚੇਤ ਹੋਣਾ ਜ਼ਰੂਰੀ ਹੈ ਅਤੇ ਪੰਜਾਬੀ ਸ਼ਬਦ-ਜੋੜਾਂ ’ਚ ਦੂਸਰੀਆਂ ਭਾਸ਼ਾਵਾਂ ਤੋਂ ਆਏ ਸ਼ਬਦਾਂ ਨਾਲ ਸਬੰਧਤ ਸਮੱਸਿਆਵਾਂ ਵਧੇਰੇ ਹਨ। ਸ. ਸੁਲੱਖਣ ਸਰਹੱਦੀ ਨੇ ‘ਫ਼ਾਰਸੀ ਵੱਲੋਂ ਆਈਆਂ ਪੈਰੀਂ ਬਿੰਦੀਆਂ ਨੂੰ ਅਣਵਿਿਗਆਨਕ ਤੇ ਫ਼ਜ਼ੂਲ’ ਕਰਾਰ ਦਿੰਦਿਆਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਅਕਾਦਮਿਕ ਸੰਸਥਾ ਵੱਲੋਂ ਕਰਵਾਏ ਗਏ ਖੋਜ ਕਾਰਜ ’ਚ ਕਿਧਰੇ ਵੀ ਬਿੰਦੀਆਂ ਦੀ ਆਮਦ ਸਬੰਧੀ ਕੋਈ ਪ੍ਰਮਾਣ ਨਹੀਂ ਮਿਲਦਾ। ਫਿਰ ਵੀ ਅਸੀਂ ਅੰਨੇਵਾਹ ਇਨ੍ਹਾਂ ਦੀ ਵਰਤੋਂ ਕਰ ਰਹੇ ਹਾਂ ਅਤੇ ਇਹ ਪੰਜਾਬੀ ਬੋਲੀ ਦਾ ਉਚਾਰਨ ਵਿਗਾੜ ਰਹੀਆਂ ਹਨ। ਸ. ਸਰਹੱਦੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਕੋਲ ਆਪਣੇ 35 ਅੱਖਰ ਹਨ ਜੋ ਹਰ ਤਰ੍ਹਾਂ ਦੀ ਧੁਨੀ ਦੇ ਸਮਰੱਥ ਹਨ। ਇਸ ਕਰਕੇ ਬਿੰਦੀਆਂ ਲਗਾਕੇ ਹੋਰ ਵਰਣ ਪੈਦਾ ਕਰਨ ਦੀ ਜ਼ਰੂਰਤ ਨਹੀਂ।
ਡਾ. ਪਰਮਜੀਤ ਸਿੰਘ ਢੀਂਗਰਾ ਨੇ ‘ਪੰਜਾਬੀ ਸ਼ਬਦ-ਜੋੜ ਮਸਲੇ, ਚੁਣੌਤੀਆਂ ਤੇ ਇਨ੍ਹਾਂ ਦੇ ਹੱਲ’ ਵਿਸ਼ੇ ਦੇ ਬੋਲਦਿਆਂ ਕਿਹਾ ਕਿ ਭਾਸ਼ਾ ਵਿੱਚ ਨਿਰੰਤਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਮਸਲਾ ਨਹੀਂ ਸਗੋਂ ਚੁਣੌਤੀਆਂ ਵਜੋਂ ਲੈਣਾ ਚਾਹੀਦਾ ਹੈ ਕਿਉਂਕਿ ਬਦਲਾਅ ਦੀ ਬਦੌਲਤ ਹੀ ਭਾਸ਼ਾ ਵਿਕਾਸ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਮੀਡੀਆ ’ਚ ਸ਼ੁੱਧ ਸ਼ਬਦ-ਜੋੜ ਵਰਤੇ ਜਾਣ ਅਤੇ ਵਿਿਦਅਕ ਸੰਸਥਾਵਾਂ ਵੱਲੋਂ ਪੜ੍ਹਾਈ ਜਾਂਦੀ ਪੰਜਾਬੀ ਦੀਆਂ ਕਿਤਾਬਾਂ ਦੀ ਭਾਸ਼ਾ ਵੱਲ ਖਾਸ ਤੌਰ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸੁਖਵਿੰਦਰ ਸਿੰਘ ਸੰਘਾ ਨੇ ‘ਪੰਜਾਬੀ ਧੁਨੀ ਵਿਉਂਤ ਅਤੇ ਗੁਰਮੁਖੀ ਲਿਪੀ ਬਾਰੇ ਸ਼ਬਦ-ਜੋੜਾਂ ਦੇ ਪ੍ਰਸੰਗ ਵਿੱਚ ਬੋਲਦਿਆ ਕਿਹਾ ਕਿ ਭਾਸ਼ਾ ਵਿਿਗਆਨਿਕ ਤੌਰ ’ਤੇ ਸ਼ਬਦ ਜੋੜ ਪ੍ਰਮਾਣਿਕ ਨਹੀਂ ਹੋ ਸਕਦੇ ਸਗੋਂ ਪ੍ਰਵਾਨਿਤ ਹੋ ਸਕਦੇ ਹਨ ਕਿਉਂਕਿ ਹਰੇਕ ਭਾਸ਼ਾ ਦੇ ਸ਼ਬਦਾਂ ’ਚ ਨਿਰੰਤਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਇੱਕ ਚਿੰਨ੍ਹ ਇੱਕ ਧੁਨੀ ਦੇ ਸਿਧਾਂਤ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਕਈ ਭਾਸ਼ਾਵਾਂ ਦੀਆਂ ਇੱਕ ਤੋਂ ਵੱਧ ਲਿਪੀਆਂ ਹਨ ਅਤੇ ਕਈ ਲਿਪੀਆਂ ’ਚ ਬਹੁਤ ਸਾਰੀਆਂ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ। ਪੰਜਾਬੀ ਵੀ ਭਾਵੇਂ ਦੋ ਲਿਪੀਆਂ ’ਚ ਲਿਖੀ ਜਾ ਰਹੀ ਹੈ ਪਰ ਗੁਰਮੁਖੀ ਲਿਪੀ ਇਸ ਲਈ ਸਭ ਤੋਂ ਢੁਕਵੀਂ ਤੇ ਵਿਿਗਆਨਿਕ ਹੈ। ਗੁਰਮੁਖੀ ਲਿਪੀ ਨੇ ਇਤਿਹਾਸਿਕ ਤੇ ਧਾਰਮਿਕ ਵਿਰਾਸਤ ਵੀ ਸੰਭਾਲੀ ਹੋਈ ਹੈ ਅਤੇ ਇਹ ਸੁਚੇਤ ਪੱਧਰ ’ਤੇ ਪੰਜਾਬੀ ਲਈ ਹੀ ਘੜੀ ਗਈ ਸੀ। ਡਾ. ਸੰਘਾ ਨੇ ਕਿਹਾ ਕਿ ਹੋਰਨਾਂ ਭਾਸ਼ਾਵਾਂ ਤੋਂ ਸ਼ਬਦ ਲੈਣੇ ਚਾਹੀਦੇ ਹਨ ਪਰ ਵਿਅਕਾਰਣ ਤੇ ਧੁਨੀ ਨਹੀਂ ਲੈਣੀ ਚਾਹੀਦੀ।ਇਸ ਸੈਸ਼ਨ ਦਾ ਮੰਚ ਸੰਚਾਲਨ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਕੀਤਾ। ਗੋਸ਼ਟੀ ਦੇ ਦੂਸਰੇ ਸੈਸ਼ਨ ਦੌਰਾਨ ਡਾ. ਸੁਖਵਿੰਦਰ ਸਿੰਘ ਨੇ ਆਪਣੇ ਪਰਚੇ ‘ਪੰਜਾਬੀ ਸ਼ਬਦ-ਜੋੜਾਂ ਦੀ ਸਥਿਤੀ, ਸਰਵੇਖਣ ਤੇ ਮੁਲਾਂਕਣ’ ਰਾਹੀਂ ਅਜੋਕੇ ਸੰਚਾਰ ਸਾਧਨਾਂ ’ਚ ਪੰਜਾਬੀ ਸ਼ਬਦ-ਜੋੜਾਂ ਦੀ ਵਰਤੋਂ ਸਬੰਧੀ ਵਿਚਾਰ ਪੇਸ਼ ਕੀਤੇ। ਪੰਜਾਬੀ ਮੀਡੀਆ ’ਚ ਗਲਤ ਸ਼ਬਦ-ਜੋੜ ਪਰੋਸਣ ਸਬੰਧੀ ਉਨ੍ਹਾਂ ਕਿਹਾ ਕਿ ਸਾਡੇ ਮੀਡੀਏ ’ਚ ਮਾਹਿਰ ਲੋਕਾਂ ਦੀ ਘਾਟ ਕਾਰਨ ਸ਼ਬਦ-ਜੋੜਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਖ-ਵੱਖ ਸੋਸ਼ਲ ਸਾਈਟਸ ’ਤੇ ਪਰੋਸੀ ਜਾ ਰਹੀ ਗੈਰ-ਮਿਆਰੀ ਸਮੱਗਰੀ ’ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ।
‘ਸਕੂਲ ਪੱਧਰ ’ਤੇ ਸ਼ਬਦ-ਜੋੜਾਂ ਸਬੰਧੀ ਸਮੱਸਿਆਵਾਂ’ ਬਾਰੇ ਬੋਲਦਿਆਂ ਰਬਿੰਦਰ ਸਿੰਘ ਰੱਬੀ ਨੇ ਕਿਹਾ ਕਿ ਸਾਡੇ ਵਿਿਦਆਰਥੀਆਂ ਨੂੰ ਸ਼ੁੱਧ ਪੰਜਾਬੀ ਸ਼ਬਦ-ਜੋੜ ਪੜ੍ਹਨ ਨੂੰ ਨਾ ਮਿਲਣ ਕਾਰਨ ਭਾਸ਼ਾ ਵਿੱਚ ਉਨ੍ਹਾਂ ਦੀ ਨੀਂਹ ਕਮਜ਼ੋਰ ਹੋ ਰਹੀ ਹੈ ਕਿਉਂਕਿ ਬਹੁਤ ਸਾਰੇ ਅਜੋਕੇ ਅਧਿਆਪਕ ਵੀ ਸਹੀ ਅਗਵਾਈ ਨਾ ਮਿਲਣ ਕਰਕੇ ਸ਼ਬਦ-ਜੋੜਾਂ ਸਬੰਧੀ ਸਪੱਸ਼ਟ ਨਹੀਂ ਹਨ। ਉਨ੍ਹਾਂ ਕਿਹਾ ਕਿ ਵਡੇਰੀ ਉਮਰ ’ਚ ਜਾ ਕੇ ਕਿਸੇ ਦੀ ਵੀ ਭਾਸ਼ਾ ਨੂੰ ਸ਼ੁੱਧ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਇਸ ਕਰਕੇ ਲੋੜ ਹੈ ਸਕੂਲਾਂ ਵਿੱਚ ਪਾਠਕ੍ਰਮ ਦੇ ਸਮਾਂਤਰ ਸ਼ਬਦ-ਜੋੜਾਂ ਵੱਲ ਵੀ ਧਿਆਨ ਦਿੱਤਾ ਜਾਵੇ। ‘ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ’ ਬਾਰੇ ਬੋਲਦਿਆਂ ਡਾ. ਬੂਟਾ ਸਿੰਘ ਬਰਾੜ ਨੇ ਕਿਹਾ ਕਿ ਸ਼ਬਦ ਬੋਲ ਤੇ ਸ਼ਬਦ ਜੋੜ ਬਾਰੇ ਇਕਸਾਰਤਾ ਦਾ ਸਿਧਾਂਤ ਉੱਥੇ ਲਾਗੂ ਹੋ ਸਕਦਾ ਹੈ ਜੋ ਇੱਕ ਖੇਤਰ ਜਾਂ ਇੱਕ ਸੱਭਿਆਚਾਰ ਦੀ ਭਾਸ਼ਾ ਹੋਵੇ। ਇਸੇ ਨਜ਼ਰੀਏ ਨਾਲ ਦੇਖੀਏ ਤਾਂ ਪੰਜਾਬੀ ਵੱਖ-ਵੱਖ ਖਿੱਤਿਆਂ ’ਚ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਇਸ ਨੂੰ ਬੋਲਣ ਵਾਲੇ ਲੋਕਾਂ ਦੀ ਲੋਕਧਾਰਾ ਵੀ ਇਸ ਦੇ ਸ਼ਬਦ ਜੋੜਾਂ ’ਤੇ ਅਸਰ ਪਾਉਂਦੀ ਹੈ।
ਇਸ ਕਰਕੇ ਉਕਤ ਸਿਧਾਂਤ ਇਸ ਭਾਸ਼ਾ ’ਤੇ ਲਾਗੂ ਨਹੀਂ ਹੋ ਸਕਦਾ। ਡਾ. ਬਰਾੜ ਨੇ ਕਿਹਾ ਕਿ ਪੰਜਾਬੀ ਸ਼ਬਦ ਜੋੜਾਂ ਬਾਰੇ ਵਾਦ-ਵਿਵਾਦ ਇਕ ਸਦੀ ਤੋਂ ਚੱਲਿਆ ਆ ਰਿਹਾ ਹੈ ਜਦੋਂ ਕਿ ਲੋੜ ਹੈ ਇਸ ਸਬੰਧੀ ਮਿਆਰੀ ਸੰਵਾਦ ਰਚਾਇਆ ਜਾਵੇ। ਇਹੀ ਕਾਰਨ ਹੈ ਕਿ ਸਾਡੀ ਭਾਸ਼ਾ ਦੇ ਤਿੰਨੇ ਸ਼ਬਦ ਕੋਸ਼ਾਂ ਦੇ ਮਿਆਰੀਕਰਨ ਬਾਰੇ ਸਹਿਮਤੀ ਨਹੀਂ ਬਣੀ। ਦੂਸਰੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਜੋਗਾ ਸਿੰਘ ਨੇ ‘ਸ਼ਬਦ-ਜੋੜਾਂ ਦੇ ਸਿਧਾਂਤ ਅਧਾਰ ਅਤੇ ਪੰਜਾਬੀ ਸ਼ਬਦ-ਜੋੜ’ ਬਾਰੇ ਬੋਲਦਿਆਂ ਕਿਹਾ ਕਿ ਦੁਨੀਆ ਭਰ ਦੀਆਂ ਭਾਸ਼ਾਵਾਂ ਬਾਰੇ ਅੱਠ ਕੁ ਸਿਧਾਂਤ ਹਨ, ਜਿਨ੍ਹਾਂ ’ਚੋਂ ਸਾਰੇ ਕਦੇ ਵੀ ਕਿਸੇ ਭਾਸ਼ਾ ਅਤੇ ਲਿਪੀ ’ਤੇ ਲਾਗੂ ਨਹੀਂ ਹੁੰਦੇ। ਇਨ੍ਹਾਂ ਵਿੱਚੋਂ ਜਿਆਦਾਤਰ ਪੰਜਾਬੀ ’ਤੇ ਲਾਗੂ ਹੁੰਦੇ ਹਨ। ਇਸੇ ਕਰਕੇ ਪੰਜਾਬੀ ਦੀ ਲਿਪੀ ਗੁਰਮੁਖੀ ਬਹੁਤ ਸਾਰੀਆਂ ਲਿਪੀਆਂ ਤੋਂ ਮਜ਼ਬੂਤ ਹੈ ਅਤੇ ਵਿਆਕਰਣ ਵੀ ਕਾਫ਼ੀ ਮਿਆਰੀ ਹੈ। ਉਨ੍ਹਾਂ ਕਿਹਾ ਕਿ ਸਾਡੀ ਭਾਸ਼ਾ ਬਾਰੇ ਵਾਵੇਲਾ ਖੜ੍ਹਾ ਕੀਤਾ ਹੋਇਆ ਹੈ ਕਿ ਉਰਦੂ ਤੇ ਫਾਰਸੀ ਤੋਂ ਆਏ ਸ਼ਬਦਾਂ ’ਚ ਬਿੰਦੀਆਂ ਦੀ ਵਰਤੋਂ ਕਰਨੀ ਲਾਜ਼ਮੀ ਹੈ ਪਰ ਹਿੰਦੀ ’ਚ ਵੀ ਇਨ੍ਹਾਂ ਭਾਸ਼ਾਵਾਂ ਦੇ ਸ਼ਬਦ ਸ਼ਾਮਲ ਹਨ ਅਤੇ ਹਿੰਦੀ ਵਾਲੇ ਬਾਹਰੀ ਸ਼ਬਦਾਂ ਲਈ ਬਿੰਦੀਆਂ ਦੀ ਵਰਤੋਂ ਨਹੀਂ ਕਰਦੇ।
ਉਨ੍ਹਾਂ ਕਿਹਾ ਸਾਨੂੰ ਸਮਝਣ ਦੀ ਲੋੜ ਹੈ ਕਿ ਲਿਪੀ ਅਤੇ ਬੋਲੀ, ਭਾਸ਼ਾ ਦਾ ਨਹੀਂ ਰਾਜਸੀ ਤੇ ਸਮਾਜਿਕ ਮਸਲਾ ਹੈ। ਬਹੁਤ ਸਾਰੇ ਲੋਕ ਆਪਣੀ ਬੌਧਿਕਤਾ ਦਿਖਾਉਣ ਅਤੇ ਰਾਜਸੀ ਧੌਂਸ ਜਮਾਉਣ ਲਈ ਕਿਸੇ ਨਾ ਕਿਸੇ ਬੋਲੀ ਨੂੰ ਢਾਅ ਲਗਾਉਣ ਲਈ ਸਾਜਿਸ਼ਾਂ ਰਚਦੇ ਰਹਿੰਦੇ ਹਨ। ਜਿਨ੍ਹਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਇਸ ਸੈਸ਼ਨ ਦਾ ਮੰਚ ਸੰਚਾਲਨ ਖੋਜ ਅਫ਼ਸਰ ਸਤਪਾਲ ਸਿੰਘ ਚਹਿਲ ਨੇ ਕੀਤਾ। ਸ੍ਰੋਮਣੀ ਕਵੀ ਬਲਵਿੰਦਰ ਸਿੰਘ ਸੰਧੂ ਨੇ ਅਖ਼ੀਰ ਵਿੱਚ ਗੋਸ਼ਟੀ ਨੂੰ ਭਾਸ਼ਾ ਵਿਭਾਗ ਦੀ ਵੱਡੀ ਪ੍ਰਾਪਤੀ, ਸਫ਼ਲ ਤੇ ਸਮੇਂ ਦੀ ਜ਼ਰੂਰਤ ਕਰਾਰ ਦਿੱਤਾ। ਗੋਸ਼ਟੀ ਦੇ ਕੋਆਰਡੀਨੇਟਰ ਤੇ ਵਿਭਾਗ ਦੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ ਨੇ ਸਭ ਦਾ ਧੰਨਵਾਦ ਕੀਤਾ। ਗੋਸ਼ਟੀ ਦੌਰਾਨ ਬਹੁਤ ਸਾਰੇ ਸਰੋਤਿਆਂ ਨੇ ਵੀ ਸੁਆਲ ਕੀਤੇ ਜਿਨ੍ਹਾਂ ਦੇ ਵਕਤਾਵਾਂ ਨੇ ਜੁਆਬ ਦਿੱਤੇ। ਸਾਰੇ ਵਿਦਵਾਨਾਂ ਦਾ ਵਿਭਾਗ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਵਿਭਾਗ ਦੀ ਡਿਪਟੀ ਡਾਇਰੈਕਟਰ ਹਰਭਜਨ ਕੌਰ, ਚੰਦਨਦੀਪ ਕੌਰ ਤੇ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਜਸਪ੍ਰੀਤ ਕੌਰ, ਸੁਰਿੰਦਰ ਕੌਰ, ਰਾਬੀਆ ਤੇ ਦਵਿੰਦਰ ਕੌਰ ਵੀ ਹਾਜ਼ਰ ਸਨ।