ਪੰਜਾਬੀ ਸਾਹਿਤ ਸਭਾ, ਪੰਜਾਬੀ ਅਧਿਐਨ ਸਕੂਲ ,ਪੰਜਾਬ ਯੂਨੀਵਰਸਿਟੀ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਕਾਵਿ ਸੰਮੇਲਨ
ਚੰਡੀਗੜ੍ਹ, 1 ਅਕਤੂਬਰ, 2025 - ਅੱਜ ਮਿਤੀ 1 ਅਕਤੂਬਰ, 2025 ਨੂੰ ਪੰਜਾਬੀ ਸਾਹਿਤ ਸਭਾ, ਪੰਜਾਬੀ ਅਧਿਐਨ ਸਕੂਲ ,ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਇੱਕ ਕਾਵਿ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਗਾਜ਼ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਸਰਬਜੀਤ ਸਿੰਘ ਦੇ ਸ਼ਬਦਾਂ ਨਾਲ ਹੋਇਆ ਜਿਹਨਾਂ ਨੇ ਵਿਦਿਆਰਥੀਆਂ ਨੂੰ ਜਿੱਥੇ ਸ਼ਹੀਦਭਗਤ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਉਥੇ ਉਹਨਾਂ ਭਗਤ ਸਿੰਘ ਬਾਰੇ ਬਣੀਆਂ ਮਿੱਥਾਂ ਦਾ ਖੰਡਨ ਕਰਦਿਆਂ ਭਗਤ ਸਿੰਘ ਨੂੰ ਇਕ ਬੌਧਿਕ ਵਿਅਕਤੀ ਦੇ ਤੌਰ ਤੇ ਸਮਝਣ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਭਗਤ ਸਿੰਘ ਨੂੰ ਸਮਝਣ ਨਾਲ ਸਾਡੇ ਨੌਜਵਾਨ ਬੌਧਿਕ ਤੌਰ ਤੇ ਹੋਰ ਵੀ ਪੁਖਤਾ ਸੋਚ ਅਖਤਿਆਰ ਕਰ ਸਕਦੇ ਹਨ।
ਇਸ ਮੌਕੇ ਵਿਭਾਗ ਦੀ ਪ੍ਰਾਧਿਆਪਕ ਡਾ. ਪਰਮਜੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਨੂੰ ਇਹ ਪ੍ਰੋਗਰਾਮ ਆਯੋਜਿਤ ਕਰਨ ਲਈ ਵਧਾਈ ਦਿੱਤੀ। ਉਹਨਾਂ ਭਗਤ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਸਬੰਧੀ ਪੰਜਾਬੀ ਲੋਕਾਂ ਦੇ ਮਨਾਂ ਵਿੱਚ ਟੋਪੀ ਦੀ ਦਿੱਖ ,ਤੁਰਲੇ ਵਾਲੀ ਪੱਗ ਜਾਂ ਪਿਸਟਲ ਵਾਲੀ ਤਸਵੀਰ ਦਾ ਪ੍ਰਭਾਵ ਵਧੇਰੇ ਰਿਹਾ ਹੈ, ਪਰ ਸਾਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਉਸਦੇ ਸਮਾਜਵਾਦ, ਰਾਸ਼ਟਰਵਾਦ ਅਤੇ ਧਰਮ ਨਿਰਪੱਖਤਾ ਵਰਗੇ ਵਿਚਾਰਾਂ ਨੂੰ ਸਮਝਣ ਅਤੇ ਉਹਨਾਂ ਤੋਂ ਪ੍ਰੇਰਿਤ ਹੋਣ ਦੀ ਲੋੜ ਹੈ।
ਵਿਭਾਗ ਦੇ ਮੁਖੀ ਪ੍ਰੋਫੈਸਰ ਯੋਗ ਰਾਜ ਅੰਗਰਿਸ਼ ਨੇ ਸ਼ਹੀਦ ਭਗਤ ਸਿੰਘ ਸਬੰਧੀ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੀ ਸਰਾਹਨਾ ਕਰਦੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵਰਗੀ ਕ੍ਰਾਂਤੀਕਾਰੀ ਸੋਚ ਰੱਖਣਾ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ। ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਵਿਦਿਆਰਥੀ ਸੁਖਦੀਪ ਸਿੰਘ, ਮਨਦੀਪ ਕੌਰ, ਸੁਖਪਾਲ ਸਿੰਘ, ਅਮਨਦੀਪ ਕੌਰ ,ਗੁਰਮਨ ਸਿੰਘ ,ਦਇਆ ਸਿੰਘ, ਰਾਜਵੀਰ ਸਿੰਘ ਨੇ ਸ਼ਹੀਦ ਭਗਤ ਸਿੰਘ ਨਾਲ ਸੰਬੰਧਿਤ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਵਿਭਾਗ ਦੇ ਵਿਦਿਆਰਥੀ ਦਇਆ ਸਿੰਘ ਨੇ ਨਿਭਾਈ । ਪ੍ਰੋਗਰਾਮ ਵਿੱਚ ਵਿਦਿਆਰਥੀਆਂ ਤੇ ਖੋਜਰਥੀਆਂ ਨੇ ਭਰਵੀਂ ਸ਼ਿਰਕਤ ਕੀਤੀ।