ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਭਵਨ ਸਰੀ (ਕੈਨੇਡਾ) ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ ਪ੍ਰੋਗਰਾਮ 'ਕਾਵਿ-ਰੰਗ ਉਤਸਵ'
Babushahi Network
ਪਟਿਆਲਾ, 01 ਅਕਤੂਬਰ 2025- ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਭਵਨ ਸਰੀ (ਕੈਨੇਡਾ) ਵੱਲੋਂ ਕੱਲ੍ਹ ਯੂਨੀਵਰਸਿਟੀ ਕੈਂਪਸ ਵਿਖੇ ਸਾਂਝੇ ਤੌਰ ਉੱਤੇ 'ਕਾਵਿ-ਰੰਗ ਉਤਸਵ' ਨਾਮਕ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿਚ ‘ਕਾਵਿ-ਰੰਗ ਉਤਸਵ’ ਦੇ ਸੰਯੋਜਕ ਅਤੇ ਮੁਖੀ ਪੰਜਾਬੀ ਵਿਭਾਗ ਡਾ. ਰਾਜਵੰਤ ਕੌਰ ‘ਪੰਜਾਬੀ’ ਨੇ ਪਲੇਠੇ 'ਕਾਵਿ-ਰੰਗ ਉਤਸਵ' ਦੇ ਮਨੋਰਥ ਬਾਰੇ ਚਾਨਣਾ ਪਾਇਆ ਅਤੇ ਪਹਿਲੀ ਵਾਰ ਆਪਣੀ ਕਾਵਿ-ਪ੍ਰਤਿਭਾ ‘ਤੇ ਅਦਾਕਾਰੀ ਦਾ ਪ੍ਰਦਰਸ਼ਨ ਕਰਨ ਲਈ ਪੰਜਾਬੀ ਯੂਨੀਵਰਸਿਟੀ ਦਾ ਮੰਚ ਮਿਲਣ ’ਤੇ ਵਧਾਈ ਦਿੱਤੀ।
VC ਡਾ. ਜਗਦੀਪ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਜਿਸ ਉਦੇਸ਼ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੋਈ ਸੀ, ਉਸ ਦੀ ਪੂਰਤੀ ਲਈ ਯੂਨੀਵਰਸਿਟੀ ਤਨਦੇਹੀ ਨਾਲ ਜੁਟੀ ਹੋਈ ਹੈ। ਉਹਨਾਂ ਕਿਹਾ ਕਿ ਕਾਵਿ-ਰੰਗ ਉਤਸਵ ਨਾਲ ਸਕੂਲਾਂ ਦੇ ਕਵੀ-ਵਿਦਿਆਰਥੀਆਂ ਨੂੰ, ਕਾਲਜ ਕਵੀ-ਵਿਦਿਆਰਥੀਆਂ ਕੋਲੋਂ ਅਤੇ ਕਾਲਜ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਕੋਲੋਂ ਕਵਿਤਾ ਲਿਖਣ ਤੇ ਉਸ ਦੀ ਪੇਸ਼ਕਾਰੀ ਦੇ ਢੰਗ ਸਿੱਖਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਅਤੇ ਪੰਜਾਬ ਭਵਨ, (ਸਰੀ) ਵੱਲੋਂ ਸਾਂਝੇ ਤੌਰ ‘ਤੇ ਵਿਦਿਆਰਥੀਆਂ ਵਿੱਚ ਸਾਹਿਤਕ ਚੇਤਨਾ ਪੈਦਾ ਕਰਨ ਲਈ ਅਜਿਹੇ ਹੋਰ ਸਾਰਥਿਕ ਉਪਰਾਲੇ ਕੀਤੇ ਜਾਣਗੇ।

ਮੁੱਖ ਮਹਿਮਾਨ ਵਜੋਂ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਸਕੂਲਾਂ ਵਿੱਚ ਬਾਲ ਸਭਾਵਾਂ ਦਾ ਰੁਝਾਨ ਮੱਠਾ ਪੈ ਚੁੱਕਾ ਹੈ ਜਦੋਂ ਕਿ ਇਹ ਬੱਚਿਆਂ ਵਿੱਚ ਰਚਨਾਤਮਕ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਇੱਕ ਸੁਚਾਰੂ ਵਸੀਲਾ ਸਨ। ਇਹਨਾਂ ਦੀ ਪੁਨਰ-ਸੁਰਜੀਤੀ ਦੀ ਬਹੁਤ ਲੋੜ ਹੈ।
ਪੰਜਾਬ ਭਵਨ, ਸਰੀ (ਕੈਨੇਡਾ) ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਭਵਨ ਸਰੀ (ਕੈਨੇਡਾ) ਨੇ ਮਿਲ ਕੇ ਬੱਚਿਆਂ ਨੂੰ ਅਜਿਹਾ ਪਲੇਟਫਾਰਮ ਮੁਹੱਈਆ ਕਰਵਾਇਆ ਹੈ ਜਿੱਥੇ ਉਹ ਆਪਣੀਆਂ ਭਾਵਨਾਵਾਂ, ਸੁਪਨੇ, ਸੱਧਰਾਂ ਅਤੇ ਵਿਚਾਰਾਂ ਨੂੰ ਖੁੱਲ੍ਹ ਦਿਲੀ ਨਾਲ ਪ੍ਰਗਟ ਕਰ ਸਕਣ। ਬਾਠ ਦਾ ਕਹਿਣਾ ਸੀ ਕਿ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਬੱਚਿਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਿਰਾਸਤ ਨਾਲ ਜੋੜਨਾ ਨਿਹਾਇਤ ਜ਼ਰੂਰੀ ਹੈ।

ਉਹਨਾਂ ਪੰਜਾਬੀ ਯੂਨੀਵਰਸਿਟੀ ਨੂੰ ਭਵਿੱਖ ਵਿਚ ਅਜਿਹੇ ਹੋਰ ਸਮਾਗਮ ਕਰਵਾਉਣ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਕਾਵਿ-ਰੰਗ ਉਤਸਵ ਦੇ ਮਾਹਰ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਬਾਲ ਕਵਿਤਾ ਹੀ ਪ੍ਰੋੜ੍ਹ ਕਵਿਤਾ ਦੀ ਬੁਨਿਆਦ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ 'ਤੇ ਕਵੀ-ਵਿਦਿਆਰਥੀਆਂ ਦਾ ਪਹਿਲੀ ਵਾਰੀ ਆਯੋਜਿਤ ਹੋਇਆ ਇਹ ਸੰਮੇਲਨ ਯਕੀਨਨ ਪੰਜਾਬੀ ਯੂਨੀਵਰਸਿਟੀ ਅਤੇ ਕਾਵਿ-ਪੇਸ਼ਕਾਰੀ ਦੇਣ ਵਾਲੇ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਸੁਨਹਿਰੀ ਪੰਨਾ ਬਣੇਗਾ।