ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਸੰਦਰਭ ਵਿੱਚ ਨਸ਼ਾ ਰੋਗੀਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 10 ਅਕਤੂਬਰ 2025- ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਰਕਾਰੀ ਨਸ਼ਾ ਮੁਕਤੀ ਕੇਂਦਰ, ਨਵਾਂਸ਼ਹਿਰ ਵਿਖੇ ਅੱਜ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਆਮ ਲੋਕਾਂ ਖਾਸ ਕਰਕੇ ਨਸ਼ਾ ਰੋਗੀਆਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਅਤੇ ਮਾਨਸਿਕ ਬਿਮਾਰੀਆਂ ਬਾਰੇ ਸਿਹਤ ਸਿੱਖਿਆ ਦੇਣਾ ਹੈ।
ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਨਸ਼ਾ ਰੋਗੀਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਆਓ, ਅਸੀਂ ਨਸ਼ਿਆਂ ਤੋਂ ਆਪ ਵੀ ਬਚੀਏ ਅਤੇ ਹੋਰਾਂ ਨੂੰ ਵੀ ਬਚਾਈਏ। ਨਸ਼ਿਆਂ ਦੇ ਵਾਤਾਵਰਨ ਤੋਂ ਦੂਰ ਰਹਿ ਕੇ ਖੇਡ, ਯੋਗ, ਕਸਰਤ, ਆਸਨ ਅਤੇ ਰੋਜ਼ਾਨਾ ਸੈਰ ਕਰੀਏ। ਆਓ ਨਸ਼ੇ ਛੱਡ ਕੇ ਸਾਫ਼-ਸੁਥਰੇ ਸਮਾਜ ਦੀ ਉਸਾਰੀ ਵਿੱਚ ਯੋਗਦਾਨ ਪਾਈਏ। ਮਨੁੱਖੀ ਜਨਮ ਵਿਰਲਿਆਂ ਨੂੰ ਮਿਲਦਾ ਹੈ, ਆਓ ਖ਼ੂਬਸੂਰਤ ਕੁਦਰਤੀ ਜ਼ਿੰਦਗੀ ਦਾ ਨਸ਼ਿਆਂ ਰਹਿਤ ਰਹਿ ਕੇ ਅਨੰਦ ਮਨਾਈਏ।
ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰੀਰਕ ਸਿਹਤ ਅਤੇ ਮਾਨਸਿਕ ਸਿਹਤ ਦੇ ਵਿਚਕਾਰ ਸਿੱਧਾ ਸਬੰਧ ਹੈ। ਉਨ੍ਹਾਂ ਦੱਸਿਆ ਕਿ ਸਰੀਰਕ ਸਿਹਤ ਅਤੇ ਮਾਨਸਿਕ ਸਿਹਤ ਇਕੋ ਸਿੱਕੇ ਦੇ ਦੋ ਪਹਿਲੂ ਦੀ ਤਰ੍ਹਾਂ ਹੀ ਹਨ। ਕਿਸੇ ਵੀ ਇੱਕ ਪਹਿਲੂ ਨੂੰ ਨਜ਼ਰਅੰਦਾਜ ਕਰਨਾ ਦੂਸਰਾ ਪਹਿਲੂ ਨੂੰ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ। ਨੌਜਵਾਨ ਹੋਣ ਜਾਂ ਬਜੁਰਗਾਂ ਸਾਰੇ ਉਮਰ ਵਰਗ ਦੇ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ। ਇਸ ਲਈ ਸਮੱਸਿਆ ਨੂੰ ਛਪਾਉਣ ਦੀ ਥਾਂ ਉਸ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਡਾ. ਸਿੰਘ ਨੇ ਮਾਨਸਿਕ ਰੋਗਾਂ ਅਤੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਉਦਾਸੀ, ਇਕੱਲਤਾ, ਆਪਣੇ-ਆਪ ਨੂੰ ਨਕਾਰਾ ਸਮਝਣਾ, ਬੇਚੈਨੀ, ਨੀਂਦ ਘੱਟ ਜਾਂ ਵੱਧ ਆਉਣਾ, ਕੰਨਾਂ ਵਿਚ ਅਵਾਜ਼ਾਂ ਪੈਣੀਆਂ, ਦੰਦਲ ਪੈਣਾ, ਯਾਦ ਸ਼ਕਤੀ ਘਟਣਾ, ਵਾਰ-ਵਾਰ ਹੱਥ ਧੋਣਾ, ਚੀਜ਼ਾਂ ਦੀ ਵਰਤੋਂ ਸਮੇਂ ਵਹਿਮ ਭਰਮ ਰੱਖਣਾ, ਗੁੱਸੇ ਦਾ ਵੱਧਣਾ, ਚਿੜਚੜਾਪਣ, ਗੱਲਾਂ ਭੁੱਲਣੀਆਂ, ਖੁਦਕੁਸ਼ੀ ਦਾ ਵਿਚਾਰ ਆਉਣਾ ਆਦਿ ਮਾਨਸਿਕ ਰੋਗ ਦੀਆਂ ਨਿਸ਼ਾਨੀਆਂ ਹਨ ਅਤੇ ਜੇਕਰ ਅਜਿਹੇ ਮਰੀਜ਼ ਸਮੇਂ ਸਿਰ ਆਪਣਾ ਇਲਾਜ ਕਰਵਾ ਲੈਣ ਤਾਂ ਉਹ ਇੱਕ ਆਮ ਵਿਅਕਤੀ ਵਾਂਗ ਸਿਹਤਮੰਦ ਜਿੰਦਗੀ ਬਤੀਤ ਕਰ ਸਕਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ, ਮੈਡੀਕਲ ਅਫਸਰ ਡਾ. ਰਮਨ ਕੁਮਾਰ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਜ਼ਿਲ੍ਹਾ ਅੰਕੜਾ ਅਫ਼ਸਰ ਨੀਰਜ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।