ਨੰਗਲ ਵਾਸੀਆਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਮਿਲੇਗੀ ਸੋਗਾਤ : ਹਰਜੋਤ ਬੈਂਸ
ਪ੍ਰਮੋਦ ਭਾਰਤੀ
ਨੰਗਲ 10 ਅਕਤੂਬਰ,2025
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਦੇ ਪ੍ਰਮੁੱਖ ਸ਼ਹਿਰ ਨੰਗਲ ਵਾਸੀਆਂ ਦੀ ਲੰਮੇ ਅਰਸੇ ਤੋਂ ਲੰਬਿਤ ਪਈ ਸਾਫ ਪਾਣੀ ਦੀ ਮੰਗ ਨੂੰ ਬੂਰ ਪਾਉਦੇ ਹੋਏ 16 ਕਰੋੜ ਦੀ ਲਾਗਤ ਨਾਲ ਸਤਲੁਜ ਦਰਿਆ ਤੋਂ ਟ੍ਰੀਟ ਕੀਤਾ ਪਾਣੀ ਨੰਗਲ ਸ਼ਹਿਰ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੇ ਪ੍ਰੋਜੈਕਟ ਦਾ ਕੰਮ ਸੁਰੂ ਕਰਵਾ ਦਿੱਤਾ ਹੈ। ਇਸ ਇਲਾਕੇ ਦੇ ਲੋਕਾਂ ਦੀ ਪਾਣੀ ਦੀ ਥੁੜ ਇਸ ਨਾਲ ਬਿਲਕੁਲ ਖਤਮ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀ ਪਿਛਲੀਆ ਸਰਕਾਰਾ ਦੀਆਂ ਗਲਤੀਆਂ ਸੁਧਾਰਣ ਵਿਚ ਲੱਗੇ ਹੋਏ ਹਾਂ।
ਸ.ਬੈਂਸ ਨੇ ਕਿਹਾ ਕਿ ਇਸ ਇਲਾਕੇ ਲਈ ਇਹ ਬਹੁਤ ਵੱਡੀ ਤਰਾਸਦੀ ਹੈ ਕਿ ਭਾਖੜਾ ਡੈਮ ਅਤੇ ਸਤਲੁਜ ਦਰਿਆ ਤੇ ਨਹਿਰਾ ਦੇ ਨਾਲ ਘਿਰੇ ਹੋਏ ਨੰਗਲ ਵਰਗੇ ਸ਼ਹਿਰ ਵਿੱਚ ਲੋਕ ਪਾਣੀ ਦੀ ਸਹੂਲਤ ਤੋਂ ਤਰਸ ਰਹੇ ਹਨ ਅੱਜ ਤੱਕ ਕਿਸੇ ਵੀ ਸਰਕਾਰ ਨੇ ਪੀਣ ਵਾਲੇ ਪਾਣੀ ਦਾ ਸਥਾਈ ਹੱਲ ਨਹੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗਿਕ ਇਕਾਇਆ ਹੋਣ ਕਾਰਨ ਜ਼ਮੀਨ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਬੋਰ ਬੰਦ ਹੋ ਰਹੇ ਹਨ, ਪ੍ਰੰਤੂ ਕੁਦਰਤੀ ਮਨਮੋਹਕ ਇਸ ਹਰੇ ਭਰੇ ਇਲਾਕੇ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਪਾਣੀ ਦੀ ਸਹੂਲਤ ਲਈ ਕੋਈ ਵਿਸੇਸ਼ ਉਪਰਾਲੇ ਨਹੀ ਕੀਤੇ, ਜਿਸ ਕਾਰਨ ਇਸ ਇਲਾਕੇ ਵਿਚ ਰਹਿ ਰਹੇ ਲੋਕ ਪਾਣੀ ਦੀ ਬੁਨਿਆਦੀ ਸਹੂਲਤ ਨੂੰ ਤਰਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਬੁਨਿਆਦੀ ਸਹੂਲਤ ਹਰ ਲੋੜਵੰਦ ਤੱਕ ਬਿਨਾ ਦੇਰੀ ਮੁਹੱਇਆ ਕਰਵਾਉਣ ਦਾ ਉਪਰਾਲਾ ਕੀਤਾ ਹੈ। ਸਾਡੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਇਸ ਦਿਸ਼ਾਂ ਵਿਚ ਵਿਸੇਸ਼ ਉਪਰਾਲੇ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਨੰਗਲ ਡੈਮ ਵਿਖੇ ਨੰਗਲ ਸ਼ਹਿਰ ਨੂੰ ਜਲਦੀ ਹੀ ਸਤਲੁਜ ਦਰਿਆ ਦਾ ਸਾਫ ਤੇ ਟਾਕਸਿਕ- ਫਰੀ ਪਾਣੀ ਮਿਲੇਗਾ। ਇਸ ਮਹੱਤਵਪੂਰਨ ਪ੍ਰੋਜੈਕਟ ਲਈ 16 ਕਰੋੜ ਰੁਪਏ ਦਾ ਟੈਂਡਰ ਲੱਗ ਚੁੱਕਿਆ ਹੈ, ਜਿਸ ਤਹਿਤ ਪੂਰੇ ਨੰਗਲ ਸ਼ਹਿਰ ਨੂੰ ਨਹਿਰੀ ਪਾਣੀ ਦੀ ਸਪਲਾਈ ਨਾਲ ਜੋੜਿਆ ਜਾਵੇਗਾ।
ਸ.ਬੈਂਸ ਨੇ ਦੱਸਿਆ ਕਿ ਕਈ ਸਾਲਾਂ ਤੋਂ ਨੰਗਲ ਸ਼ਹਿਰ ਦੇ ਵਸਨੀਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਵਾਰਡਾਂ ਵਿੱਚ ਪਾਣੀ ਦੀ ਕਮੀ ਰਹੀ ਤੇ ਜਿੱਥੇ ਪਾਣੀ ਮਿਲਦਾ ਸੀ, ਉਹ ਵੀ ਐਨਐਫਐਲ ਅਤੇ ਪੀਏਸੀਐਲ ਵਰਗੀਆਂ ਉਦਯੋਗਿਕ ਇਕਾਇਆ ਦੇ ਪ੍ਰਭਾਵ ਕਾਰਨ ਪੀਣ-ਯੋਗ ਨਹੀਂ ਸੀ। ਗਰਾਊਂਡ ਪਾਣੀ ਵੀ ਦੂਸ਼ਿਤ ਹੋ ਚੁੱਕਿਆ ਸੀ ਅਤੇ ਬਹੁਤ ਸਾਰੇ ਬੋਰ ਵੀ ਫੇਲ੍ਹ ਹੋ ਗਏ ਸਨ।
ਉਨ੍ਹਾਂ ਕਿਹਾ ਕਿ ਹੁਣ ਸਤਲੁਜ ਦਰਿਆ ਦਾ ਪਵਿੱਤਰ ਤੇ ਪਹਾੜਾਂ ਤੋਂ ਆਉਣ ਵਾਲਾ ਸ਼ੁੱਧ ਪਾਣੀ ਨੰਗਲ ਦੇ ਹਰ ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਪ੍ਰੋਜੈਕਟ ਵਿੱਚ ਦੋ ਨਵੇਂ ਵਾਟਰ ਟ੍ਰੀਟਮੈਂਟ ਪਲਾਂਟ ਬਣਾਏ ਜਾਣਗੇ ਅਤੇ ਮੌਜੂਦਾ 4 ਐਮਐਲਡੀ ਪਲਾਂਟ ਦੀ ਸਮਰੱਥਾ ਵੀ ਵਧਾਈ ਜਾਵੇਗੀ। ਸਾਰੇ ਕੰਮ ਨੂੰ ਅਗਲੇ 18 ਮਹੀਨਿਆਂ ਵਿੱਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਸ.ਬੈਂਸ ਨੇ ਕਿਹਾ, “ਇਹ ਪ੍ਰੋਜੈਕਟ ਨੰਗਲ ਸ਼ਹਿਰ ਲਈ ਇਕ ਵੱਡੀ ਸੌਗਾਤ ਹੈ। ਜਿੱਥੋਂ ਸਤਲੁਜ ਦਰਿਆ ਦੀ ਸ਼ੁਰੂਆਤ ਹੁੰਦੀ ਹੈ, ਉੱਥੇ ਹੀ ਲੋਕਾਂ ਨੂੰ ਪਾਣੀ ਦੀ ਕਮੀ ਹੋਣਾ ਦੁੱਖਦਾਈ ਸੀ। ਹੁਣ ਸਾਡੀ ਸਰਕਾਰ ਨੇ ਇਸ ਸਮੱਸਿਆ ਦਾ ਸਥਾਈ ਹੱਲ ਲੱਭ ਲਿਆ ਹੈ।
ਉਨ੍ਹਾਂ ਨੇ ਸਾਰੀ ਟੀਮ ਦੀ ਮਿਹਨਤ ਲਈ ਸ਼ਲਾਘਾ ਕੀਤੀ ਅਤੇ ਨੰਗਲ ਵਾਸੀਆਂ ਨੂੰ ਇਸ ਮਹੱਤਵਪੂਰਨ ਉਪਲਬਧੀ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਤੇ ਜਿਲ੍ਹਾ ਪ੍ਰਧਾਨ ਰੂਪਨਗਰ ਹਾਜ਼ਰ ਸਨ।