Canada: ਗ਼ਜ਼ਲ ਮੰਚ ਸਰੀ ਵੱਲੋਂ ਆਪਣੀ ਸਾਲਾਨਾ ‘ਸ਼ਾਇਰਾਨਾ ਸ਼ਾਮ – 2025’ 12 ਅਕਤੂਬਰ ਨੂੰ
ਹਰਦਮ ਮਾਨ
ਸਰੀ, 10 ਅਕਤੂਬਰ 2025-ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜੀ ਆਪਣੀ ਸਾਲਾਨਾ ‘ਸ਼ਾਇਰਾਨਾ ਸ਼ਾਮ-2025’ 12 ਅਕਤੂਬਰ 2025 (ਐਤਵਾਰ) ਨੂੰ ਸਰੀ ਆਰਟ ਸੈਂਟਰ (13750 88 ਐਵੀਨਿਊ) ਸਰੀ ਵਿਖੇ ਸ਼ਾਮ 3.30 ਵਜੇ ਤੋਂ ਸ਼ਾਮ 7 ਵਜੇ ਤੱਕ ਕਰਵਾਈ ਜਾ ਰਹੀ ਹੈ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਕਿ ਇਸ ਸ਼ਾਇਰਾਨਾ ਸ਼ਾਮ ਵਿੱਚ ਭਾਰਤ, ਪਾਕਿਸਤਾਨ, ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦੇ ਪ੍ਰਸਿੱਧ ਸ਼ਾਇਰ ਆਪਣਾ ਕਲਾਮ ਪੇਸ਼ ਕਰਨਗੇ ਜਿਨ੍ਹਾਂ ਵਿਚ ਦਰਸ਼ਨ ਬੁੱਟਰ, ਕੁਲਵਿੰਦਰ, ਤਾਹਿਰਾ ਸਰਾ, ਅਜ਼ੀਮ ਸ਼ੇਖਰ, ਕਰਨਜੀਤ ਸਿੰਘ, ਪਰਤਾਪ ਜਗਰਾਓਂ, ਪਰਮਜੀਤ ਦਿਓਲ, ਜਸਵਿੰਦਰ, ਦਵਿੰਦਰ ਗੌਤਮ, ਰਾਜਵੰਤ ਰਾਜ, ਗੁਰਮੀਤ ਸਿੱਧੂ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ ਫਿਰੋਜ਼, ਹਰਦਮ ਮਾਨ, ਸੁਖਜੀਤ ਕੌਰ, ਮਨਜੀਤ ਕੰਗ, ਨਰਿੰਦਰ ਭਾਗੀ, ਬਲਦੇਵ ਸੀਹਰਾ, ਇੰਦਰਜੀਤ ਧਾਮੀ ਅਤੇ ਨੂਰ ਬੱਲ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦੇਣ ਲਈ ਬੀਤੇ ਦਿਨ ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਮੰਚ ਦੇ ਪ੍ਰਧਾਨ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ ਵੱਖ ਕਾਰਜਾਂ ਲਈ ਮੰਚ ਦੇ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਦਵਿੰਦਰ ਗੌਤਮ ਨੇ ਕਿਹਾ ਕਿ ਮੰਚ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਪਿਛਲੇ 7 ਸਾਲ ਤੋਂ ਇਹ ਪ੍ਰੋਗਰਾਮ ਜਿਸ ਮਕਸਦ ਨਾਲ ਸ਼ੁਰੂ ਕੀਤਾ ਗਿਆ ਸੀ ਉਸ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਗ਼ਜ਼ਲ ਮੰਚ ਵੱਲੋਂ ਪੰਜਾਬੀ ਸਾਹਿਤ, ਪੰਜਾਬੀ ਬੋਲੀ ਅਤੇ ਪੰਜਾਬੀ ਸ਼ਾਇਰੀ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਖੂਬਸੂਰਤ ਸ਼ਾਇਰੀ ਦਾ ਆਨੰਦ ਮਾਣਨ ਦੀ ਅਪੀਲ ਕੀਤੀ ਗਈ ਹੈ।