‘ਇੰਡੀਅਨ ਗਰੋਸਰੀ’? ...ਚੱਕ ਲਓ ਇੱਥੋਂ ਹੀ’’
ਵੂਲਵਰਥਸ ਸੁਪਰ ਮਾਰਕੀਟ ਵੱਲੋਂ ਭਾਰਤੀ ਰਸੋਈ ਦੇ ਸਾਮਾਨ ਲਈ ਔਕਲੈਂਡ ਵਿੱਚ ਵੱਡਾ ਉਪਰਾਲਾ-ਰੱਖ ਲਇਆ ਸੌਦਾ-ਪੱਤਾ
-ਇੱਕੋ ਸੁਪਰਮਾਰਕੀਟ ਵਿੱਚ ਰੰਗ-ਬਿਰੰਗੇ ਮਸਾਲੇ, ਬਾਸਮਤੀ ਚੌਲ ਤੇ ਦੇਸੀ ਰੌਣਕਾਂ!
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 23 ਸਤੰਬਰ 2026:-ਸਾਡੇ ਪੰਜਾਬੀ ਭੈਣ-ਭਰਾਵਾਂ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਹੁਣ ਰਸੋਈ ਦੇ ਘਰੇਲੂ ਸਮਾਨ ਅਤੇ ਦੇਸੀ ਮਸਾਲਿਆਂ ਲਈ ਵੱਖ-ਵੱਖ ਦੁਕਾਨਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪਵੇਗੀ, ਕਿਉਂਕਿ ਵੂਲਵਰਥਸ (ਪੁਰਾਣਾ ਨਾਂਅ ਕਾਊਂਟ ਡਾਊਨ) ਨੇ ਆਪਣੇ ਸਟੋਰਾਂ ਵਿੱਚ ਦੇਸੀ ਰਸੋਈ ਦੇ ਸਮਾਨ ਦੇ ਖਾਸ ਰੈਕ ਸਜਾ ਦਿੱਤੇ ਹਨ।
ਆਮ ਘਰੇਲੂ ਸਾਮਾਨ ਲਈ ਵੱਡੀ ਸੁਪਰਮਾਰਕੀਟ ਅਤੇ ਦਾਲਾਂ, ਮਸਾਲਿਆਂ, ਚੌਲਾਂ ਤੇ ਜਾਣੇ-ਪਛਾਣੇ ਬ੍ਰਾਂਡਾਂ ਲਈ ਕਿਸੇ ਇੰਡੀਅਨ ਗ੍ਰੋਸਰੀ ਸਟੋਰ ਤੱਕ ਜਾਣਾ ਪੈਂਦਾ ਸੀ। ਪਰ ਹੁਣ ਇਹ ਰਵਾਇਤ ਹੌਲੀ-ਹੌਲੀ ਬਦਲਣ ਜਾ ਰਹੀ ਹੈ। ਵੂਲਵਰਥਸ ਨੇ ਗਾਹਕਾਂ ਦੀ ਮੰਗ ਅਤੇ ਬਦਲਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਔਕਲੈਂਡ ਦੇ 14 ਸਟੋਰਾਂ ਵਿੱਚ ਖਾਸ ਭਾਰਤੀ ਸਮਾਨ ਵਾਲੇ ਰੈਕ ਸ਼ੁਰੂ ਕੀਤੇ ਹਨ।
ਵੂਲਵਰਥਸ ਦੇ ਸਟੋਰ ਗਰੁੱਪ ਮੈਨੇਜਰ ਅਨੁਸਾਰ ਇਹ ਫੈਸਲਾ ਸਥਾਨਕ ਭਾਈਚਾਰੇ ਦੀਆਂ ਲੋੜਾਂ ਨੂੰ ਸਮਝਦਿਆਂ ਲਿਆ ਗਿਆ ਹੈ। ਇਹਨਾਂ ਰੈਕਾਂ ਉੱਤੇ ਹਲਦੀਰਾਮ, ਬ੍ਰਿਟਾਨੀਆ ਵਰਗੇ ਅੰਤਰਰਾਸ਼ਟਰੀ ਬ੍ਰਾਂਡਾਂ ਦੇ ਨਾਲ-ਨਾਲ ਕਸ਼ਿਸ਼ ਵਰਗੇ ਸਥਾਨਕ ਭਾਰਤੀ ਬ੍ਰਾਂਡ ਵੀ ਉਪਲਬਧ ਕਰਵਾਏ ਗਏ ਹਨ। ਇਹ ਪਹਿਲਕਦਮੀ ਪਹਿਲਾਂ ਕੁਝ ਸਟੋਰਾਂ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਇਹ ਆਕਲੈਂਡ ਦੇ 14 ਵੱਡੇ ਸਟੋਰਾਂ ਤੱਕ ਫੈਲ ਚੁੱਕੀ ਹੈ।
ਇਹਨਾਂ ਵਿਸ਼ੇਸ਼ ਰੈਕਾਂ ਉੱਤੇ 20 ਕਿੱਲੋ ਵਾਲੇ ਚੌਲਾਂ ਦੇ ਗੱਟੇ, ਖਾਸ ਖੇਤਰੀ ਮਸਾਲੇ, ਪਰੰਪਰਾਗਤ ਦਾਲਾਂ ਅਤੇ ਹੋਰ ਆਯਾਤ ਕੀਤਾ ਸਾਮਾਨ ਸ਼ਾਮਲ ਹੈ। ਆਂਕੜੇ ਦੱਸਦੇ ਹਨ ਕਿ ਆਕਲੈਂਡ ਦੀ 40 ਫੀਸਦੀ ਆਬਾਦੀ ਵਿਦੇਸ਼ਾਂ ਵਿੱਚ ਜੰਮੀ ਹੈ ਅਤੇ 31 ਫੀਸਦੀ ਆਬਾਦੀ ਏਸ਼ੀਆਈ ਮੂਲ ਦੀ ਹੈ। ਜਤਿੰਦਰ ਚਾਹਲ ਅਨੁਸਾਰ ਇਹ ਕਦਮ ਗਾਹਕਾਂ ਦੀ ਪਸੰਦ ਦਾ ਸਤਿਕਾਰ ਕਰਨ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਭਾਵਨਾ ਨੂੰ ਦਰਸਾਉਂਦਾ ਹੈ। ਭਵਿੱਖ ਵਿੱਚ ਇਸ ਲੜੀ ਵਿੱਚ ਦੇਸੀ ਮਿਠਾਈਆਂ ਅਤੇ ਨਮਕੀਨ ਵੀ ਸ਼ਾਮਲ ਕਰਨ ਦੀ ਯੋਜਨਾ ਹੈ।
ਇਹ ਸੁਵਿਧਾ ਔਕਲੈਂਡ ਦੇ ਮੈਨੂਕਾਊ ਸਿਟੀ ਮਾਲ, ਮੈਨੂਰੇਵਾ, ਮਾਊਂਟ ਰੋਸਕਿਲ, ਪਾਪਾਕੁਰਾ, ਪਾਪਾਟੋਏਟੋਏ, ਰੋਜ਼ਲੈਂਡਜ਼, ਟਾਕਾਨੀਨੀ, ਥਰੀ ਕਿੰਗਜ਼, ਵਾਇਆਟਾ ਸ਼ੋਰਜ਼, ਬੋਟਨੀ, ਮੈਂਗਰੀੇ ਈਸਟ, ਲਿਨਮਾਲ, ਲਿਨਫੀਲਡ ਅਤੇ ਮੈਨੂਕਾਊ ਦੇ ਵੂਲਵਰਥਸ ਸਟੋਰਾਂ ਵਿੱਚ ਉਪਲਬਧ ਹੈ।