ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਕਰਮਨ ਦੇ ਗੁਰਦੁਆਰਾ ਵਿਖੇ ਵਿਸ਼ੇਸ਼ ਸਮਾਗਮ ਹੋਏ
“ਸੰਗਤਾਂ ਨੇ ਭਾਰੀ ਗਿਣਤੀ ਵਿੱਚ ਭਰੀ ਹਾਜ਼ਰੀ”
(ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ)
ਫਰਿਜ਼ਨੋ, ਕੈਲੇਫੋਰਨੀਆ 8 ਸਤੰਬਰ, 2026
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ “ਗੁਰਦੁਆਰਾ ਅਨੰਦਗੜ ਸਾਹਿਬ” ਕਰਮਨ, ਕੈਲੇਫੋਰਨੀਆ ਵਿਖੇ ਕਰਵਾਏ ਗਏ। ਜਿਸ ਦੌਰਾਨ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਅਤੇ ਖਾਲੜਾ ਸਾਹਿਬ ਦੇ ਸੱਚੇ-ਸੁੱਚੇ ਨਿਧੜਕ ਕੁਰਬਾਨੀ ਵਾਲੇ ਜੀਵਨ ਬਾਰੇ ਵਿਚਾਰਾਂ ਹੋਈਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪਾਠ ਦੇ ਭੋਗ ਉਪਰੰਤ ਗੁਰੂਘਰ ਦੇ ਹਜ਼ੂਰੀ ਜੱਥੇ ਦੇ ਭਾਈ ਬਲਜਿੰਦਰ ਸਿੰਘ, ਭਾਈ ਸਤਿੰਦਰ ਸਿੰਘ ਅਤੇ ਭਾਈ ਨਰਿੰਦਰ ਸਿੰਘ ਨੇ ਨਿਰੋਲ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਉਂਦਿਆਂ ਕੀਤੀ। ਇਸ ਬਾਅਦ ਪ੍ਰਬੰਧਕਾਂ ਦੇ ਸੱਦੇ ‘ਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਈ ਮਹਿਲ ਸਿੰਘ ਚੰਡੀਗੜ ਵਾਲਿਆਂ ਦੇ ਕਵੀਸ਼ਰੀ ਜੱਥੇ ਨੇ ਖਾਲੜਾ ਸਾਹਿਬ ਦੀ ਜ਼ਿੰਦਗੀ ਅਤੇ ਹੋਰ ਸ਼ਹੀਦਾਂ ਦੀ ਜ਼ਿੰਦਗੀ ਬਾਰੇ ਇਤਿਹਾਸਕ ਵਾਰਾ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ।
ਇਸ ਪ੍ਰੋਗਰਾਮ ਦੌਰਾਨ ਸਟੇਜ਼ ਦਾ ਸੰਚਾਲਨ ਕਰਦਿਆਂ ਸ. ਸਰਬਜੀਤ ਸਿੰਘ ਸਰਾਂ ਨੇ ਜਿੱਥੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਇਤਿਹਾਸਕ ਪੱਖਾਂ ਦੀ ਗੱਲ ਕੀਤੀ, ਉੱਥੇ ਆਪਣੀ ਨਵੀਂ ਪੀੜੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਜਿਹੇ ਉਪਰਾਲੇ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਰੇਡੀਓ ਹੋਸਟ ਅਤੇ ਸੀਨੀਅਰ ਪੱਤਰਕਾਰ ਪਰਵੀਨ ਸ਼ਰਮਾ ਨੇ ਬੋਲਦਿਆਂ ਸੁਰੂ ਤੋਂ ਮੌਜੂਦਾ ਸਮੇਂ ਤੱਕ ਸਿੱਖ ਸ਼ਹੀਦਾਂ ਅਤੇ ਸਿੱਖ ਇਤਿਹਾਸ ਦੀ ਗੱਲ ਕਰਦਿਆਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ। ਜਦ ਕਿ ਫਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ਉੱਪਰ ਪਾਰਕ ਅਤੇ ਸਕੂਲ ਬਣਾਉਣ ਲਈ ਸਹਿਯੋਗੀਆਂ ਸਮੇਤ ਸੇਵਾਵਾਂ ਨਿਭਾਉਣ ਵਾਲੇ ਨੌਜਵਾਨ ਆਗੂ ਨੈਣਦੀਪ ਸਿੰਘ ਨੇ ਵੀ ਖਾਲੜਾ ਸਾਹਿਬ ਨੂੰ ਯਾਦ ਕਰਦਿਆਂ ਸਿੱਖ ਭਾਰੀਇਸ ਤੋਂ ਬਾਅਦ ਕਰਮਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਲਈ ਉਮੀਦਵਾਰ ਡਾ. ਦਵਿੰਦਰ ਕੌਰ ਸਿੱਧੂ ਨੇ ਸਿੱਖ ਇਤਿਹਾਸ ਦੇ ਨਾਲ-ਨਾਲ ਸੰਗਤਾਂ ਨੂੰ ਵੋਟਾਂ ਪਾਉਣ ਲਈ ਵੀ ਅਪੀਲ ਕੀਤੀ।
ਇਸ ਪ੍ਰੋਗਰਾਮ ਦੌਰਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਦੂਰ ਦੁਰਾਡੇ ਤੋਂ ਗੁਰੂਘਰ ਪਹੁੰਚੀਆਂ ਹੋਈਆਂ ਸਨ। ਇਸ ਪ੍ਰੋਗਰਾਮ ਦੇ ਇਤਿਹਾਸਕ ਪਲਾਂ ਨੂੰ ਲਾਈਵ ਅਤੇ ਕੈਮਰਾਬੰਧ ਕਰਨ ਦੀਆਂ ਸੇਵਾਵਾਂ ਭਾਈ ਬਲਵਿੰਦਰ ਸਿੰਘ ‘ਸਿੰਘ ਪ੍ਰੋਡਕਸਨ ਯੂ.ਐਸ.ਏ.’ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਨਿਭਾਈਆਂ ਗਈਆ। ਅੰਤ ਸ. ਸਰਬਜੀਤ ਸਿੰਘ ਸਰਾਂ ਨੇ ਇਸ ਪ੍ਰੋਗਰਾਮ ਵਿੱਚ ਸੇਵਾਵਾਂ ਨਿਭਾਉਣ ਅਤੇ ਹਾਜ਼ਰ ਹੋਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮੁੱਚੇ ਤੌਰ ਤੇ ਸਿੱਖ ਇਤਿਹਾਸ ਦੇ ਸ਼ਹਾਦਤਾਂ ਭਰੇ ਅਤੇ ਇਨਸਾਨੀਅਤ ਲਈ ਬਹਾਦਰੀ ਨਾਲ ਲੜਨ ਵਾਲੇ ਸਮੇਂ ਦੀ ਯਾਦ ਕਰਵਾਉਂਦਿਆਂ, ਨਵੀਂ ਪੀੜ੍ਹੀ ਲਈ ਸੇਧ ਦੇਣ ਵਾਲੇ ਪ੍ਰੋਗਰਾਮ ਦਾ ਪ੍ਰਬੰਧਕਾਂ ਵੱਲੋਂ ਵੱਡਾ ਉਪਰਾਲਾ ਸੀ।