ਤੜਕਸਾਰ ਕੰਬੀ ਧਰਤੀ ਨਿਊਜ਼ੀਲੈਂਡ ਦੀ
ਨਿਊਜ਼ੀਲੈਂਡ ਦੇ ਮਨਾਵਾਤੂ ਖੇਤਰ ’ਚ 5.9 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ, 20,000 ਤੋਂ ਵੱਧ ਲੋਕਾਂ ਨੇ ਮਹਿਸੂਸ ਕੀਤੇ ਜ਼ਬਰਦਸਤ ਝਟਕੇ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 25 ਜੁਲਾਈ 2026:-ਭਾਰਤ ਨਿਊਜ਼ੀਲੈਂਡ ਦੇ ਮਨਾਵਾਤੂ-ਵੰਗਾਨੁਈ ਖੇਤਰ (ਟਾਪੂ ਤੋਂ 140 ਕਿਲੋਮੀਟਰ ਦੂਰ) ਵਿੱਚ ਅੱਜ ਤੜਕਸਾਰ 4:51 ਵਜੇ 5.9 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜੀਓਨੈੱਟ ਅਨੁਸਾਰ ਭੂਚਾਲ ਦਾ ਕੇਂਦਰ ਤੌਮਾਰੂਨੁਈ ਤੋਂ 5 ਕਿਲੋਮੀਟਰ ਦੱਖਣ ਵੱਲ ਅਤੇ 9 ਕਿਲੋਮੀਟਰ ਦੀ ਡੂੰਘਾਈ ’ਤੇ ਸੀ।
ਉੱਤਰੀ ਆਈਲੈਂਡ ਦੇ ਔਕਲੈਂਡ ਤੋਂ ਲੈ ਕੇ ਸਾਊਥ ਆਈਲੈਂਡ ਦੇ ਉੱਤਰੀ ਹਿੱਸੇ ਤੱਕ 23,000 ਤੋਂ ਵੱਧ ਲੋਕਾਂ ਨੇ ਇਨ੍ਹਾਂ ਝਟਕਿਆਂ ਨੂੰ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤਾ ਹੈ। ਤੌਮਾਰੂਨੁਈ ਵਿੱਚ ਦੁਕਾਨਾਂ ਦੇ ਸ਼ੈਲਫਾਂ ਤੋਂ ਸਾਮਾਨ ਹੇਠਾਂ ਡਿੱਗ ਗਿਆ ਅਤੇ ਕੱਚ ਟੁੱਟਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਇਸ ਦੇ ਨਾਲ ਹੀ ਪਹਾੜਾਂ ਤੋਂ ਮਿੱਟੀ ਡਿੱਗਣ ਕਰਕੇ ਸਟੇਟ ਹਾਈਵੇਅ 43 ਅਤੇ ਸਟੇਟ ਹਾਈਵੇਅ 3 ਨੂੰ ਬੰਦ ਕਰ ਦਿੱਤਾ ਗਿਆ ਹੈ। ਰੇਲਵੇ ਲਾਈਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਡਿੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਹੈ।
ਜੀਓਨੈੱਟ ਦੇ ਅਨੁਸਾਰ ਮੁੱਖ ਭੂਚਾਲ ਤੋਂ ਬਾਅਦ ਹੁਣ ਤੱਕ 73 ਤੋਂ ਵੱਧ ਆਫਟਰਸ਼ੌਕਸ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਝਟਕਾ 3.7 ਤੀਬਰਤਾ ਦਾ ਸੀ। ਮਾਹਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੇ ਛੋਟੇ-ਮੋਟੇ ਝਟਕੇ ਜਾਰੀ ਰਹਿ ਸਕਦੇ ਹਨ। ਸੀਵਿਲ ਡਿਫੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਭੂਚਾਲ ਦਾ ਝਟਕਾ ਮਹਿਸੂਸ ਹੋਵੇ ਤਾਂ "Drop, Cover, and Hold" ਦੇ ਨਿਯਮ ਦੀ ਪਾਲਣਾ ਕਰਨ।
ਜੀਓਨੈੱਟ ਸਰਕਾਰੀ ਰਿਕਾਰਡ ਅਨੁਸਾਰ ਨਿਊਜ਼ੀਲੈਂਡ ਦਾ ਮੁੱਖ ਭੂਚਾਲ ਇਤਿਹਾਸ
16 ਅਕਤੂਬਰ 1848 ਮਾਰਲਬਰੋ ਤੀਬਰਤਾ 7.4 ਵੈਲਿੰਗਟਨ ਵਿੱਚ ਇੱਟਾਂ ਦੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ।
23 ਜਨਵਰੀ 1855 ਵਾਈਰਾਰਾਪਾ ਤੀਬਰਤਾ 8.2 ਨਿਊਜ਼ੀਲੈਂਡ ਦੇ ਲਿਖਤੀ ਇਤਿਹਾਸ ਦਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ।
17 ਜੂਨ 1929 ਮਰਚੀਸਨ ਤੀਬਰਤਾ 7.8 ਲੈਂਡਸਲਾਈਡਾਂ ਕਾਰਨ 17 ਲੋਕਾਂ ਦੀ ਮੌਤ ਹੋਈ।
3 ਫਰਵਰੀ 1931 ਹੌਕਸ ਬੇ ਨੇਪੀਅਰ ਤੀਬਰਤਾ 7.8 ਨਿਊਜ਼ੀਲੈਂਡ ਦਾ ਸਭ ਤੋਂ ਵਿਨਾਸ਼ਕਾਰੀ ਭੂਚਾਲ ਜਿਸ ਵਿੱਚ 256 ਲੋਕਾਂ ਦੀ ਮੌਤ ਹੋਈ।
24 ਮਈ 1968 ਇਨੰਗਾਹੁਆ ਤੀਬਰਤਾ 7.1 ਵੈਸਟ ਕੋਸਟ ਖੇਤਰ ਵਿੱਚ ਪੁਲ ਅਤੇ ਰਸਤੇ ਨੁਕਸਾਨੇ ਗਏ।
2 ਮਾਰਚ 1987 ਐਜਕੰਬ ਤੀਬਰਤਾ 6.3 ਬੇ ਆਫ਼ ਪਲੈਂਟੀ ਵਿੱਚ ਇਮਾਰਤਾਂ ਤਬਾਹ ਹੋਈਆਂ।
4 ਸਤੰਬਰ 2010 ਡਾਰਫੀਲਡ ਕੈਂਟਰਬਰੀ ਤੀਬਰਤਾ 7.1 ਕ੍ਰਾਈਸਟਚਰਚ ਦੇ ਨੇੜੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ।
22 ਫਰਵਰੀ 2011 ਕ੍ਰਾਈਸਟਚਰਚ ਤੀਬਰਤਾ 6.3 ਸ਼ਹਿਰ ਵਿੱਚ ਭਾਰੀ ਤਬਾਹੀ ਅਤੇ 185 ਲੋਕਾਂ ਦੀ ਮੌਤ ਹੋਈ।
14 ਨਵੰਬਰ 2016 ਕਾਇਕੋਰਾ ਤੀਬਰਤਾ 7.8 ਮੁੱਖ ਹਾਈਵੇਅ ਅਤੇ ਰੇਲ ਲਾਈਨਾਂ ਨੂੰ ਭਾਰੀ ਨੁਕਸਾਨ।
5 ਮਾਰਚ 2021 ਕਰਮਾਡੇਕ ਆਈਲੈਂਡਜ਼ ਤੀਬਰਤਾ 8.1 ਸਮੁੰਦਰ ਵਿੱਚ ਸ਼ਕਤੀਸ਼ਾਲੀ ਭੂਚਾਲ ਅਤੇ ਸੁਨਾਮੀ ਦੀ ਚੇਤਾਵਨੀ।
25 ਜੁਲਾਈ 2026 ਮਨਾਵਾਤੂ ਤੌਮਾਰੂਨੁਈ ਤੀਬਰਤਾ 5.9 ਤੌਮਾਰੂਨੁਈ ਨੇੜੇ ਆਇਆ ਭੂਚਾਲ ਜਿਸ ਦੇ ਝਟਕੇ 23000 ਤੋਂ ਵੱਧ ਲੋਕਾਂ ਨੇ ਮਹਿਸੂਸ ਕੀਤੇ।