ਕੈਨੇਡਾ ਟੈਬਲਾਇਡ' ਦੇ ਜੁਲਾਈ ਅੰਕ ਦਾ ਸਰੀ ਵਿੱਚ ਸ਼ਾਨਦਾਰ ਲੋਕ ਅਰਪਣ ਸਮਾਗਮ
ਸਰੀ, 15 ਜੁਲਾਈ (ਹਰਦਮ ਮਾਨ)- ਪੰਜਾਬੀ ਅਤੇ ਬਹੁ-ਸੱਭਿਆਚਾਰਕ ਭਾਈਚਾਰੇ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੀ 'ਕੈਨੇਡਾ ਟੈਬਲਾਇਡ' ਮੈਗਜ਼ੀਨ ਦੇ ਜੁਲਾਈ ਅੰਕ ਨੂੰ ਲੋਕ ਅਰਪਣ ਕਰਨ ਲਈ ਸਰੀ ਵਿੱਚ ਇੱਕ ਪ੍ਰਭਾਵਸ਼ਾਲੀ ਅਤੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵੱਖ-ਵੱਖ ਭਾਈਚਾਰਿਆਂ ਨਾਲ ਸੰਬੰਧਿਤ ਰਾਜਨੀਤਿਕ ਆਗੂਆਂ, ਸਮਾਜ ਸੇਵਕਾਂ, ਕਾਰੋਬਾਰੀ ਹਸਤੀਆਂ ਅਤੇ ਮੀਡੀਆ ਜਗਤ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਮੈਗਜ਼ੀਨ ਦੀ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ।
ਸਮਾਗਮ ਦੇ ਮੁੱਖ ਮਹਿਮਾਨਾਂ ਵਿੱਚ ਸੰਸਦ ਮੈਂਬਰ ਸੁਖ ਧਾਲੀਵਾਲ, ਗੁਰਬਖ਼ਸ ਸੈਣੀ ਅਤੇ ਰਣਦੀਪ ਸਿੰਘ ਸਰਾਏ, ਵਿਧਾਇਕ ਲਿੰਡਾ ਹੈਪਨਰ ਅਤੇ ਪੀਟਰ ਮਿਲੋਬਾਰ, ਸਰੀ ਦੀ ਮੇਅਰ ਬਰੈਂਡਾ ਲੌਕ, ਕੌਂਸਲਰ ਰੌਬ ਸਟੱਟ, ਕੌਂਸਲਰ ਉਮੀਦਵਾਰ ਰੋਨਾ ਟੈੱਪਰ, ਨਿਓਮੀ, ਗਗਨ ਨਾਹਲ ਅਤੇ ਪਵਨ ਜੋਸ਼ੀ ਸਮੇਤ ਅਨੇਕਾਂ ਪ੍ਰਮੁੱਖ ਹਸਤੀਆਂ ਸ਼ਾਮਲ ਸਨ। ਬੁਲਾਰਿਆਂ ਨੇ ਕਿਹਾ ਕਿ ਸੁਤੰਤਰ ਅਤੇ ਜ਼ਿੰਮੇਵਾਰ ਮੀਡੀਆ ਹੀ ਸਮਾਜ ਦੀ ਸਹੀ ਤਸਵੀਰ ਪੇਸ਼ ਕਰਨ ਅਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹੈ।
ਇਸ ਮੌਕੇ ਚੜ੍ਹਦੀਕਲਾ ਬ੍ਰਦਰਹੁੱਡਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ 'ਕੈਨੇਡਾ ਟੈਬਲਾਇਡ' ਦੇ ਐਡੀਟਰ ਜਸਵਿੰਦਰ ਸਿੰਘ ਦਿਲਾਵਰੀ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਗਜ਼ੀਨ ਦਾ ਮੁੱਖ ਉਦੇਸ਼ ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀਆਂ ਪ੍ਰਾਪਤੀਆਂ, ਸਮਾਜਿਕ ਸਰੋਕਾਰਾਂ ਅਤੇ ਲੋਕ-ਹਿੱਤ ਦੇ ਮੁੱਦਿਆਂ ਨੂੰ ਨਿਰਪੱਖਤਾ ਅਤੇ ਜ਼ਿੰਮੇਵਾਰੀ ਨਾਲ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਪਾਠਕਾਂ ਦੇ ਭਰੋਸੇ ਅਤੇ ਸਹਿਯੋਗ ਸਦਕਾ ਮੈਗਜ਼ੀਨ ਲਗਾਤਾਰ ਆਪਣੀ ਪਛਾਣ ਨੂੰ ਮਜ਼ਬੂਤ ਕਰ ਰਹੀ ਹੈ।
ਸਮਾਗਮ ਵਿੱਚ ਹਰਪ੍ਰੀਤ ਸਿੰਘ ਮਨਕਟਲਾ, ਅਵਤਾਰ ਸਿੰਘ ਧਨੋਆ, ਇੰਦਰਜੀਤ ਸਿੰਘ ਲੱਦੜ, ਸੰਦੀਪ ਸਿੰਘ ਧੰਜੂ, ਲਖਵੀਰ ਸਿੰਘ ਗਰੇਵਾਲ, ਜਗਪਾਲ ਸਿੰਘ ਲਿੱਟ, ਹਰਪ੍ਰੀਤ ਸਿੰਘ ਹੈਰੀ, ਜਸ਼ਨਜੀਤ ਸਿੰਘ ਥਿੰਦ, ਡਾ. ਅਸਲਾਜੂਰ ਰਹਿਮਾਨ, ਮਨਜੀਤ ਸਿੰਘ ਚੀਮਾ, ਅੰਮ੍ਰਿਤਪਾਲ ਸਿੰਘ ਢੋਟ, ਦਵਿੰਦਰ ਸਿੰਘ ਸ਼ੇਰਗਿਲ, ਗੌਰਵਦੀਪ ਵਾਲੀਆ, ਹਰਵਿੰਦਰ ਸਿੰਘ ਖਾਲਸਾ ਸਮੇਤ ਕਈ ਹੋਰ ਸਮਾਜਿਕ, ਧਾਰਮਿਕ ਅਤੇ ਕਾਰੋਬਾਰੀ ਖੇਤਰਾਂ ਨਾਲ ਸੰਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਸਮਾਗਮ ਦੌਰਾਨ ਮੈਗਜ਼ੀਨ ਦੇ ਜੁਲਾਈ ਅੰਕ ਨੂੰ ਰਸਮੀ ਤੌਰ 'ਤੇ ਲੋਕ ਅਰਪਣ ਕੀਤਾ ਗਿਆ। ਹਾਜਰ ਮਹਿਮਾਨਾਂ ਨੇ ਇਸ ਪ੍ਰਕਾਸ਼ਨ ਨੂੰ ਪੰਜਾਬੀ ਭਾਈਚਾਰੇ ਦੀ ਮਜ਼ਬੂਤ ਆਵਾਜ਼ ਕਰਾਰ ਦਿੰਦਿਆਂ ਇਸ ਦੀ ਲਗਾਤਾਰ ਤਰੱਕੀ ਅਤੇ ਕਾਮਯਾਬੀ ਲਈ ਆਪਣੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ।