Babushahi Special - ਕਾਲੇ ਦੌਰ ਦਾ ਸੱਚ : ਤੇਰੇ ਧੱਕਿਆਂ ਦੀ ਹਿੱਕ ਉੱਤੇ ਹਾਕਮੋ ਧੱਕੇ ਨਾਲ ਅਸੀਂ ਜਿੰਦਾਬਾਦ ਲਿਖਣਾ
ਅਸ਼ੋਕ ਵਰਮਾ
ਬਠਿੰਡਾ, 16 ਜੁਲਾਈ 2026: ਨਾਂ ਉਹ ਧਮਕੀਆਂ ਤੋਂ ਡਰਿਆ ਅਤੇ ਨਾਂ ਹੀ ਕੋਈ ਲਾਲਚ ਉਸ ਨੂੰ ਆਪਣੇ ਫਰਜ਼ਾਂ ਤੋਂ ਡੁਲਾ ਸਕਿਆ ਬਲਕਿ ਝਿਪਣਾ ਤਾਂ ਦੂਰ ਦੀ ਗੱਲ ਰਹੀ। ਇਹ ਉਹ ਭਰਾ ਹੈ ਜਿਸ ਨੇ ਅੱਤਵਾਦ ਦੀ ਕਾਲੀ ਹਨੇਰੀ ਦੌਰਾਨ ਆਪਣੇ ਸਕੇ ਭਾਈ ਪਰਮਜੀਤ ਸਿੰਘ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭਿਜਵਾਕੇ ਸਾਹ ਲਿਆ ਸੀ। ਪਰਮਜੀਤ ਸਿੰਘ ਦਾ ਬਾਪ ਗੁਰਦਿੱਤ ਸਿੰਘ ਨਿਆਂ ਦੀ ਲੜਾਈ ਲੜਦਿਆਂ ਜਿੰਦਗੀ ਹਾਰ ਗਿਆ ਸੀ ਅਤੇ ਮਗਰੋਂ ਕੇਸ ਦੀ ਪੈਰਵੀ ਪਰਮਜੀਤ ਸਿੰਘ ਦੇ ਭਰਾ ਬਲਜੀਤ ਸਿੰਘ ਨੇ ਕੀਤੀ ਸੀ। ਜਿੰਨ੍ਹਾਂ ਪੁਲਿਸ ਕਰਮਚਾਰੀਆਂ ਉਮਰ ਕੈਦ ਸਜ਼ਾ ਸੁਣਾਈ ਗਈ ਉਨ੍ਹਾਂ ਵਿੱਚ ਇੰਸਪੈਕਟਰ ਬਰਜਿੰਦਰ ਕੁਮਾਰ , ਗੁਰਬਚਨ ਸਿੰਘ, ਹਰਿੰਦਰ ਸਿੰਘ ਤੇ ਮੱਲ ਸਿੰਘ (ਤਿੰਨੋਂ ਹੈਡ ਕਾਂਸਟੇਬਲ) , ਸਿਪਾਹੀ ਤਿਰਲੋਕ ਸਿੰਘ , ਕਮਲਜੀਤ ਸਿੰਘ ਅਤੇ ਹੋਮਗਾਰਡ ਜਗਸੀਰ ਸਿੰਘ ਤੇ ਜਰਨੈਲ ਸਿੰਘ ਸ਼ਾਮਲ ਸਨ।
ਇਸ ਕਤਲ ਕਾਂਡ ’ਚ ਸ਼ਾਮਲ 2 ਪੁਲਿਸ ਮੁਲਾਜਮਾਂ ਲਖਵੀਰ ਸਿੰਘ ਅਤੇ ਪਾਲ ਸਿੰਘ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ ਜਦੋਂਕਿ ਡੀਐਸਪੀ ਗੁਰਜੀਤ ਸਿੰਘਭਗੌੜਾ ਹੋ ਗਿਆ ਸੀ। ਹਾਲਾਂਕਿ ਕੁੱਝ ਸਮਾਂ ਪਹਿਲਾਂ ਇੰਨ੍ਹਾਂ ਪੁਲਿਸ ਮੁਲਾਜਮਾਂ ਨੂੰ ਅਗੇਤੀ ਰਿਹਾਈ ਦਿਵਾਉਣ ਦੀ ਗੱਲ ਤੁਰੀ ਸੀ ਜਿਸ ਦਾ ਕੀ ਬਣਿਆ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਮਾਮਲੇ ਦਾ ਪਿਛੋਕੜ ਇਹ ਹੈ ਕਿ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਦਾ ਨੌਜਵਾਨ ਪਰਮਜੀਤ ਸਿੰਘ ਪੁੱਤਰ ਗੁਰਦਿੱਤ ਸਿੰਘ ਬਠਿੰਡਾ ਛਾਉਣੀ ਦੇ ਅਸਲਾ ਡਿਪੂ ਵਿੱਚ ਫਾਇਰਮੈਨ ਸੀ। ਪੁਲੀਸ ਨੇ 17 ਜੁਲਾਈ 1992 ਨੂੰ ਪਰਮਜੀਤ ਸਿੰਘ ਨੂੰ ਬੀਬੀ ਵਾਲਾ ਚੌਕ ਲਾਗਿਓਂ ਆਟਾ ਚੱਕੀ ਤੋਂ ਚੁੱਕ ਲਿਆ ਅਤੇ 18 ਜੁਲਾਈ 1992 ਨੂੰ ਪੁਲੀਸ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ। ਪੁਲੀਸ ਦਾ ਉਦੋਂ ਪੱਖ ਸੀ ਕਿ ਵਿੱਚ ਪਿੰਡ ਝੁੰਬਾ ਲਾਗੇ ਅੱਤਵਾਦੀਆਂ ਅਤੇ ਪੁਲੀਸ ਵਿਚਕਾਰ ਇੱਕ ਮੁਕਾਬਲਾ ਹੋਇਆ ਸੀ।
ਇਸ ਮੌਕੇ ਇੱਕ ਅੱਤਵਾਦੀ ਮਾਰਿਆ ਗਿਆ ਸੀ ਜਦੋਂ ਕਿ ਦੂਸਰਾ ਫਰਾਰ ਹੋ ਗਿਆ ਜੋਕਿ ਪਰਮਜੀਤ ਸਿੰਘ ਸੀ। ਪੁਲੀਸ ਦਾ ਕਹਿਣਾ ਸੀ ਕਿ ਪਰਮਜੀਤ ਸਿੰਘ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਪਿੰਡ ਝੁੰਬਾ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੇ ਸਾਥੀ ਅੱਤਵਾਦੀਆਂ ਨੇ ਪੁਲੀਸ ’ਤੇ ਹਮਲਾ ਕਰ ਦਿੱਤਾ । ਹੈਰਾਨੀ ਵਾਲੀ ਗੱਲ ਹੈ ਕਿ ਇਸ ਮੌਕੇ ਕਿਸੇ ਪੁਲਿਸ ਵਾਲੇ ਨੂੰ ਝਰੀਟ ਨਹੀਂ ਵੱਜੀ ਲੇਕਿਨ ਪਰਮਜੀਤ ਭੱਜ ਗਿਆ ਜਿਸ ਦਾ ਮਗਰੋਂ ਥਹੁ ਪਤਾ ਨਹੀਂ ਲੱਗਾ ਸੀ। ਬਠਿੰਡਾ ਛਾਉਣੀ ਦੇ ਕਮਾਂਡੈਂਟ ਨੇ ਤੱਤਕਾਲੀ ਐਸਐਸਪੀ ਨੂੰ ਵੀ ਪੱਤਰ ਲਿਖਿਆ ਸੀ ਜਿਸ ਦੇ ਜੁਆਬ ਵਿਚ ਪੁਲੀਸ ਨੇ ਦੱਸਿਆ ਕਿ ਅੱਤਵਾਦੀ ਪਰਮਜੀਤ ਸਿੰਘ ਫਰਾਰ ਹੋ ਗਿਆ ਹੈ। ਆਪਣੇ ਪੁੱਤਰ ਦੀ ਅਣਆਈ ਮੌਤ ਦੇ ਇਨਸਾਫ ਲਈ ਪਰਮਜੀਤ ਸਿੰਘ ਦੇ ਬਜ਼ੁਰਗ ਪਿਤਾ ਗੁਰਦਿੱਤ ਸਿੰਘ ਨੇ ਦਰ ਦਰ ਦੀ ਖ਼ਾਕ ਛਾਣੀ , ਪਰ ਕਿਸੇ ਨੇ ਉਸਦੀ ਫਰਿਆਦ ਨਾ ਸੁਣੀ।
ਇਹ ਪਤਾ ਲੱਗਣ ’ਤੇ ਕਿ ਅਕਤੂਬਰ 1994 ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸ੍ਰੀ ਆਰ. ਐਲ. ਅਨੰਦ ਦੀ ਬਠਿੰਡਾ ਵਿਖੇ ਲੋਕ ਅਦਾਲਤ ਲਾ ਰਹੇ ਹਨ ਤਾਂ ਗੁਰਦਿੱਤ ਸਿੰਘ ਇੱਕ ਦਰਖਾਸਤ ਲੈਕੇ ਉਨ੍ਹਾਂ ਕੋਲ ਪੇਸ਼ ਹੋ ਗਿਆ। ਜਸਟਿਸ ਆਨੰਦ ਨੇ ਗੁਰਦਿੱਤ ਸਿੰਘ ਦੀ ਸਧਾਰਨ ਅਰਜੀ ਨੂੰ ਫੌਜਦਾਰੀ ਰਿੱਟ ਪਟੀਸ਼ਨ ਵਜੋਂ ਪ੍ਰਵਾਨ ਕਰਦਿਆਂ ਜਾਂਚ ਲਈ ਮਾਮਲਾ ਤੱਤਕਾਲੀ ਸੈਸ਼ਨ ਜੱਜ ਨੂੰ ਸੌਂਪ ਦਿੱਤਾ। ਨਿਆਂਇਕ ਪੜਤਾਲ ਵਿਚ ਸਾਫ ਹੋਇਆ ਕਿ ਪਰਮਜੀਤ ਸਿੰਘ ਫਰਾਰ ਨਹੀਂ ਹੋਇਆ ਬਲਕਿ ਉਸ ਨੂੰ ਖਪਾਇਆ ਗਿਆ ਹੈ। ਸੈਸ਼ਨ ਜੱਜ ਨੇ ਉਦੋਂ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ। ਜਦੋਂ ਕੇਸ ਦਰਜ ਨਾਂ ਹੋਇਆ ਤਾਂ ਬਜ਼ੁਰਗ ਗੁਰਦਿੱਤ ਸਿੰਘ ਨੂੰ ਹਾਈਕੋਰਟ ਜਾਣਾ ਪਿਆ। ਹਾਈਕੋਰਟ ਨੇ ਲਾਪਤਾ ਨੌਜਵਾਨ ਦੇ ਪ੍ਰੀਵਾਰ ਨੂੰ ਇੱਕ ਲੱਖ ਰੁਪਏ ਦੀ ਅਦਾਇਗੀ ਤੋਂ ਇਲਾਵਾ ਡੀਜੀਪੀ. ਪੰਜਾਬ ਨੂੰ ਪੁਲਿਸ ਕਰਮਚਾਰੀਆਂ ਵਿਰੁੱਧ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਕਰ ਦਿੱਤੀ।
ਪੰਜਾਬ ਸਰਕਾਰ ਨੇ ਮੁਆਵਜਾ ਤਾਂ ਦੇ ਦਿੱਤਾ, ਪ੍ਰੰਤੂ ਆਪਣੇ ਕਰਮਚਾਰੀਆਂ ਖਿਲਾਫ ਕੋਈ ਐਕਸ਼ਨ ਨਾ ਲਿਆ । ਗੁਰਦਿੱਤ ਸਿੰਘ ਨੇ ਹਿੰਮਤ ਨਾ ਹਾਰੀ ਅਤੇ ਸੁਪਰੀਮ ਕੋਰਟ ਵਿਖੇ ਅਪੀਲ ਕਰ ਦਿੱਤੀ ਜਿੱਥੇ ਅਦਾਲਤ ਨੇ 11 ਪੁਲਿਸ ਮੁਲਾਜਮਾਂ ਵਿਰੁੱਧ ਮੁਕੱਦਮਾ ਦਰਜ਼ ਕਰਨ ਦੀ ਹਦਾਇਤ ਕਰ ਦਿੱਤੀ । ਅਦਾਲਤੀ ਹੁਕਮਾਂ ’ਤੇ ਥਾਣਾ ਸਦਰ ’ਚ ਐਫਆਈਆਰ ਨੰਬਰ 70 ਤਾਂ ਦਰਜ ਕਰ ਲਈ ਪਰ ਕੋਈ ਗ੍ਰਿਫਤਾਰੀ ਨਾ ਕੀਤੀ। ਗੁਰਦਿੱਤ ਸਿੰਘ ਨੂੰ ਹਾਈਕੋਰਟ ਅੱਗੇ ਗੁਹਾਰ ਲਾਉਣੀ ਪਈ । ਅਦਾਲਤੀ ਦਖ਼ਲ ਕਾਰਨ ਪੁਲਿਸ ਨੂੰ ਥਾਣਾ ਸਦਰ ਦੇ ਤੱਤਕਾਲੀ ਐਸਐਚਓ ਗੁਰਜੀਤ ਸਿੰਘ ਜੋ ਮਗਰੋਂ ਡੀਐਸਪੀ ਬਣ ਗਿਆ ਸੀ, ਤੋਂ ਇਲਾਵਾ ਬਾਕੀ ਪੁਲਿਸ ਮੁਲਾਜਮਾਂ ਵਿਰੁੱਧ ਚਲਾਨ ਪੇਸ਼ ਕਰਨਾ ਪਿਆ। ਇਸ ਦੌਰਾਨ ਇੱਕ ਹੱਤਿਆ ਮਾਮਲੇ ’ਚ ਸੰਗਰੂਰ ਅਦਾਲਤ ਨੇ ਕੁੱਝ ਹੋਰ ਪੁਲਸ ਮੁਲਾਜਮਾਂ ਸਮੇਤ ਡੀਐਸਪੀ ਗੁਰਜੀਤ ਸਿੰਘ ਨੂੰ ਉਮਰ ਕੈਦ ਦੀ ਸਜਾ ਸੁਣਾ ਦਿੱਤੀ, ਜੋ ਪੈਰੋਲ ਲੈਣ ਉਪਰੰਤ ਫਰਾਰ ਹੋ ਗਿਆ।
ਫੈਸਲਾ 21 ਸਾਲ ਬਾਅਦ
ਇਹ ਕੇਸ ਲਗਾਤਾਰ ਚੱਲਿਆ ਅਤੇ 14 ਜਨਵਰੀ 2014 ਨੂੰ ਐਡੀਸ਼ਨਲ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਨੇ ਬਾਕੀ ਬਚੇ 8 ਪੁਲਿਸ ਮੁਲਾਜਮਾਂ ਨੂੰ ਕਤਲ , ਅਗਵਾ ਤੇ ਲਾਸ਼ ਖੁਰਦ ਬੁਰਦ ਕਰਨ ਦਾ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜਾ ਸੁਣਾਈ ਸੀ। ਮਾਮਲੇ ਦਾ ਦੁਖਦਾਇਕ ਪੱਖ ਇਹ ਵੀ ਹੈ ਕਿ 21 ਵਰ੍ਹਿਆਂ ਬਾਅਦ ਬਿਰਧ ਗੁਰਦਿੱਤ ਸਿੰਘ ਦਾ ਨੌਜਵਾਨ ਪੁੱਤ ਗਾਇਬ ਕਰਨ ਵਾਲਿਆਂ ਨੂੰ ਤਾਂ ਸਜ਼ਾ ਮਿਲ ਗਈ ਪਰ ਉਹ ਇਸ ਤੋਂ ਪਹਿਲਾਂ 27 ਮਈ 2013 ਨੂੰ ਜਹਾਨੋਂ ਕੂਚ ਕਰ ਚੁੱਕਿਆ ਸੀ
- Download Babushahi App
-
-