ਖ਼ਬਰਦਾਰ - ਕਾਰ ਡੀਲਰੋ! ਮੀਟਰ ਨਾਲ ਛੇੜਛਾੜ ਪਵੇਗੀ ਭਾਰੀ, ਲੱਗੇਗਾ ਭਾਰੀ ਜੁਰਮਾਨਾ
ਓਡੋਮੀਟਰ (ਮੀਟਰ) ਨਾਲ ਛੇੜਛਾੜ ਕਰਨ ’ਤੇ ਕਾਰ ਡੀਲਰ ਨੂੰ 5,000 ਡਾਲਰ ਦਾ ਜੁਰਮਾਨਾ; ਵਾਪਸ ਕਰਨੇ ਪਏ ਪੈਸੇ
-30,000 ਕਿਲੋਮੀਟਰ ਤੋਂ ਵੱਧ ਦੀ ਹੇਰਾਫੇਰੀ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 15 ਜੁਲਾਈ 2026:-ਸਾਵਧਾਨ! ਜੇ ਤੁਸੀਂ ਵੀ ਨਿਊਜ਼ੀਲੈਂਡ ਵਿੱਚ ਗੱਡੀਆਂ ਵੇਚਣ ਦਾ ਕਾਰੋਬਾਰ ਕਰਦੇ ਹੋ, ਤਾਂ ਮੀਟਰ ਘਟਾਉਣ ਦੀ ਗਲਤੀ ਕਦੇ ਨਾ ਕਰਨਾ ‘ਮਿਨੀਸਟਰੀ ਆਫ਼ ਬਿਜ਼ਨਸ, ਇਨੋਵੇਸ਼ਨ ਐਂਡ ਇੰਪਲਾਇਮੈਂਟ’ ਦੀ ਸਖ਼ਤ ਕਾਰਵਾਈ ਤੁਹਾਨੂੰ ਜੇਲ੍ਹ, ਮੋਟੇ ਜੁਰਮਾਨੇ ਅਤੇ ਕਾਰੋਬਾਰ ਬੰਦ ਹੋਣ ਦੇ ਕੰਢੇ ਲਿਆ ਸਕਦੀ ਹੈ!
ਟੌਰੰਗਾ ਦੇ ਇੱਕ ਮੋਟਰ ਵਹੀਕਲ ਟਰੇਡਰ (ਕਾਰ ਡੀਲਰ) ਨੂੰ ਮਿਨੀਸਟਰੀ ਆਫ਼ ਬਿਜ਼ਨਸ, ਇਨੋਵੇਸ਼ਨ ਐਂਡ ਇੰਪਲਾਇਮੈਂਟ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਤੋਂ ਬਾਅਦ, ਆਪਣੀ ਕੰਪਨੀ ਦੁਆਰਾ ਵੇਚੀ ਗਈ ਇੱਕ ਅਜਿਹੀ ਕਾਰ ਨੂੰ ਖੁਦ ਵਾਪਸ ਖਰੀਦਣਾ ਪਿਆ ਹੈ ਜਿਸਦੇ ਓਡੋਮੀਟਰ (ਕਿਲੋਮੀਟਰ ਮੀਟਰ) ਨਾਲ ਛੇੜਛਾੜ ਕੀਤੀ ਗਈ ਸੀ।
ਇਸ ਹਫ਼ਤੇ ਟੌਰੰਗਾ ਜ਼ਿਲ੍ਹਾ ਅਦਾਲਤ ਨੇ ‘ਕਾਰਪੋਰੀਅਮ’ ਵਜੋਂ ਕਾਰੋਬਾਰ ਕਰਨ ਵਾਲੀ ਕੰਪਨੀ ‘ਸਚਿਸ ਹੋਲਡਿੰਗਜ਼ ਲਿਮਟਿਡ’ ਦੇ ਇਕਲੌਤੇ ਡਾਇਰੈਕਟਰ ਸਚਿਨਥਾਕਾ ਨਾਗਾਸਿੰਘੇ ਨੂੰ ਗਾਹਕ ਨੂੰ ਹੋਈ ਮਾਨਸਿਕ ਪਰੇਸ਼ਾਨੀ ਦੇ ਹਰਜਾਨੇ ਵਜੋਂ 1,000 ਡਾਲਰ ਦੇਣ ਦਾ ਹੁਕਮ ਸੁਣਾਇਆ, ਅਤੇ ਉਸਦੀ ਕੰਪਨੀ ਨੂੰ 5,000 ਡਾਲਰ ਦਾ ਜੁਰਮਾਨਾ ਕੀਤਾ।
ਮਾਮਲਾ ਕੀ ਸੀ?
ਫ਼ਰਵਰੀ 2024 ਵਿੱਚ, ਕਾਰਪੋਰੀਅਮ ਨੇ ਇੱਕ ਟੋਇਟਾ ਕਾਰ ਵੇਚੀ ਸੀ, ਜੋ ਉਹਨਾਂ ਨੇ ਦਸੰਬਰ 2023 ਵਿੱਚ ਆਕਲੈਂਡ ਦੀ ਇੱਕ ਕਾਰ ਨਿਲਾਮੀ ਤੋਂ ਖਰੀਦੀ ਸੀ। ਜਦੋਂ ਕਾਰ ਦੇ ਨਵੇਂ ਮਾਲਕ ਨੇ ਮਈ 2025 ਵਿੱਚ ਕਾਰ ਦੀ ਸਰਵਿਸ ਕਰਵਾਈ, ਤਾਂ ਟੈਕਨੀਸ਼ੀਅਨਾਂ ਨੇ ਦੇਖਿਆ ਕਿ ਮੀਟਰ ਦੀ ਰੀਡਿੰਗ ਕਾਰ ਦੇ ਪੁਰਾਣੇ ਰਿਕਾਰਡ ਨਾਲ ਮੇਲ ਨਹੀਂ ਖਾਂਦੀ ਸੀ। ਇਹ ਮਾਮਲਾ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਰਾਹੀਂ ਰਜਿਸਟਰਾਰ ਕੋਲ ਪਹੁੰਚਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਜਦੋਂ ਇਹ ਕਾਰ ਨਿਲਾਮੀ ਵਿੱਚ ਵਿਕੀ ਸੀ ਤਾਂ ਇਸਦਾ ਮੀਟਰ 150,031 ਕਿਲੋਮੀਟਰ ਸੀ, ਪਰ ਸਿਰਫ਼ ਤਿੰਨ ਮਹੀਨਿਆਂ ਬਾਅਦ ਜਦੋਂ ਕੰਪਨੀ ਨੇ ਇਸਨੂੰ ਅੱਗੇ ਵੇਚਿਆ ਤਾਂ ਮੀਟਰ ਘਟਾ ਕੇ 119,244 ਕਿਲੋਮੀਟਰ (ਯਾਨੀ 30,000 ਕਿਲੋਮੀਟਰ ਤੋਂ ਵੱਧ ਦੀ ਹੇਰਾਫੇਰੀ) ਕਰ ਦਿੱਤਾ ਗਿਆ ਸੀ। ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ, ਡਾਇਰੈਕਟਰ ਗੱਡੀ ਨੂੰ ਉਸੇ ਵਿਕਰੀ ਕੀਮਤ ਯਾਨੀ 24,000 ਡਾਲਰ ਵਿੱਚ ਵਾਪਸ ਖਰੀਦਣ ਲਈ ਸਹਿਮਤ ਹੋ ਗਿਆ।
ਵਰਨਣਯੋਗ ਹੈ ਕਿ ਮੋਟਰ ਵਹੀਕਲ ਸੇਲਜ਼ ਐਕਟ 2003 ਦੇ ਤਹਿਤ ਅਜਿਹੇ ਗੰਭੀਰ ਅਪਰਾਧਾਂ ਲਈ ਕਿਸੇ ਕੰਪਨੀ ਨੂੰ ਵੱਧ ਤੋਂ ਵੱਧ 200,000 ਡਾਲਰ ਅਤੇ ਕਿਸੇ ਵਿਅਕਤੀ ਨੂੰ 50,000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।