ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ
Ravinder Singh
ਮੰਡੀ ਗੋਬਿੰਦਗੜ੍ਹ, 16 ਜੁਲਾਈ 2026- ਪੰਜਾਬ ਵਿੱਚ ਨਸ਼ੇ ਦੀ ਓਵਰਡੋਜ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਲਾ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦਾ, ਜਿਥੋਂ ਦੇ ਸੰਤ ਨਗਰ ਦੇ ਰਹਿਣ ਵਾਲੇ ਇਕ 20 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਗਈ। ਨਸ਼ੇ ਨਾਲ ਹੋਈ ਇਸ ਮੌਤ ਨੇ ਇਕ ਵਾਰ ਫਿਰ ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ "ਯੁੱਧ ਨਸ਼ਿਆ ਵਿਰੁੱਧ" ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਜਿਕਰਯੋਗ ਹੈ ਕਿ ਮ੍ਰਿਤਕ ਦਾ ਪਿਤਾ ਆਮ ਆਦਮੀ ਪਾਰਟੀ ਦਾ ਸੀਨੀਅਰ ਆਗੂ ਵੀ ਹੈ।
ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਵਿੱਚ ਆਏ ਦਿਨ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਬੀਤੇ ਦਿਨ ਹੀ ਸਥਾਨਕ ਸੰਤ ਨਗਰ ਦੇ ਰਹਿਣ ਵਾਲੇ ਯੁਵਰਾਜ ਸਿੰਘ ਦੀ ਵੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਗਈ ਸੀ। ਜਿਸਦੀ ਲਾਸ ਇਕ ਖਾਲੀ ਥਾਂ ਵਿੱਚ ਪਈ ਮਿਲੀ ਸੀ। ਬੇਟੇ ਦੀ ਮੌਤ ਤੋਂ ਬਾਅਦ ਪਿਤਾ ਨੇ ਭਾਵੁਕ ਹੁੰਦੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਾ ਖਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲ ਵਿਚ ਗਰਾਊਂਡ ਜੀਰੋ ਤੇ ਕੁਝ ਨਹੀਂ ਹੋ ਰਿਹਾ। ਨਸ਼ਾ ਪਹਿਲਾਂ ਤੋਂ ਵੀ ਵੱਧ ਵਿਕ ਰਿਹਾ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਆਪਣੀਆਂ ਅੱਖਾਂ ਖੋਲ੍ਹੋ। ਜੋ ਨਸ਼ੇ ਵਿਰੁੱਧ ਜੰਗ ਦੇ ਦਾਅਵੇ ਕੀਤੇ ਜਾ ਰਹੇ ਹਨ, ਉਹ ਸਭ ਹਵਾ-ਹਵਾਈ ਗੱਲਾਂ ਹਨ। ਗਰਾਊਂਡ ਦੇ ਉੱਤੇ ਤੁਹਾਡੀ ਕਾਰਗੁਜ਼ਾਰੀ ਬਿਲਕੁਲ ਜ਼ੀਰੋ ਹੈ। ਪੀੜਤ ਪਿਤਾ ਨੇ ਦੋਸ਼ ਲਾਇਆ ਕਿ ਪਹਿਲਾਂ ਨਾਲੋਂ ਨਸ਼ਾ ਵੀ ਵਧਿਆ ਹੈ ਅਤੇ ਮੌਤਾਂ ਦਾ ਸਿਲਸਿਲਾ ਵੀ ਤੇਜ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਘਾਤਕ ਨਸ਼ੇ ਨੇ ਉਨ੍ਹਾਂ ਦੇ ਜਵਾਨ ਪੁੱਤ ਦੀ ਜਾਨ ਲੈ ਲਈ।
ਪੀੜਤ ਪਰਿਵਾਰ ਨੇ ਸਥਾਨਕ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਜੇਕਰ ਇਲਾਕੇ ਦੇ ਆਮ ਲੋਕਾਂ ਨੂੰ ਪਤਾ ਹੈ ਕਿ ਇਥੇ ਸ਼ਰੇਆਮ ਨਸ਼ਾ ਵਿਕਦਾ ਹੈ, ਤਾਂ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਕਿਉਂ ਨਹੀਂ ਹੈ? ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦਾ ਖੁਫੀਆ ਤੰਤਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ ਅਤੇ ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਹੈ।
ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਤਾਂ ਖ਼ੁਦ 'ਆਪ' ਪਾਰਟੀ ਨਾਲ ਜੁੜੇ ਹੋਏ ਹੋ, ਤਾਂ ਪੀੜਤ ਪਿਤਾ ਨੇ ਕਿਹਾ, "ਅਸੀਂ ਅੱਜ ਵੀ ਪਾਰਟੀ ਦੇ ਨਾਲ ਹਾਂ, ਪਰ ਸੱਚਾਈ ਇਹ ਹੈ ਕਿ ਸਰਕਾਰ ਨੇ ਨਸ਼ੇ ਨੂੰ ਨੱਥ ਪਾਉਣ ਲਈ 100 ਵਿੱਚੋਂ ਸਿਰਫ਼ 1 ਫ਼ੀਸਦੀ ਕੰਮ ਹੀ ਕੀਤਾ ਹੋਵੇਗਾ। ਜ਼ਮੀਨੀ ਪੱਧਰ 'ਤੇ ਸਰਕਾਰ ਦੀ 'ਨਸ਼ੇ ਵਿਰੁੱਧ ਜੰਗ' ਬਿਲਕੁਲ ਫੈਲ ਸਾਬਤ ਹੋਈ ਹੈ।
ਮ੍ਰਿਤਕ ਦੇ ਚਾਚੇ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਦਿਨ-ਬ-ਦਿਨ ਉੱਜੜਦੀ ਜਾ ਰਹੀ ਹੈ। ਉਨ੍ਹਾਂ ਕਿਹਾ, "ਸਰਕਾਰ ਨੇ ਚੋਣਾਂ ਵੇਲੇ ਨਸ਼ਾ ਖ਼ਤਮ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਹਾਲਾਤ ਬਦਤਰ ਹਨ। ਜਦੋਂ ਜਵਾਨ ਪੁੱਤ ਸਿਵਿਆਂ ਦੇ ਰਾਹ ਤੁਰ ਪੈਂਦਾ ਹੈ, ਉਦੋਂ ਮਾਪਿਆਂ 'ਤੇ ਕੀ ਬੀਤਦੀ ਹੈ, ਇਹ ਦਰਦ ਉਹੀ ਸਮਝ ਸਕਦਾ ਹੈ ਜਿਸ ਦੇ ਸਿਰ 'ਤੇ ਪੈਂਦੀ ਹੈ।
- Download Babushahi App
-
-