ਜਗਰਾਉਂ 'ਚ ਸ਼ਰੇਆਮ ਵਿਕ ਰਿਹੈ 'ਚਿੱਟਾ'! ਨਸ਼ੇ ਦੀ ਓਵਰਡੋਜ਼ ਨਾਲ ਗਈ 32 ਸਾਲਾ ਰਾਹੁਲ ਦੀ ਜਾਨ, ਤਿੰਨ ਬੱਚਿਆਂ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ,
ਦੀਪਕ ਜੈਨ, ਜਗਰਾਉਂ:
ਪੰਜਾਬ ਦੇ ਜਗਰਾਉਂ ਵਿੱਚ ਨਸ਼ੇ ਦੇ ਕਾਲੇ ਕਾਰੋਬਾਰ ਨੇ ਇੱਕ ਹੋਰ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ ਹੈ। ਤਿੰਨ ਮਾਸੂਮ ਬੱਚਿਆਂ ਦੇ 32 ਸਾਲਾ ਪਿਤਾ ਰਾਹੁਲ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਮੁਹੱਲੇ ਦੇ ਲੋਕਾਂ ਨੇ ਗੰਭੀਰ ਦੋਸ਼ ਲਾਇਆ ਹੈ ਕਿ ਉਸ ਦੀ ਮੌਤ ਹੈਰੋਇਨ ਯਾਨੀ 'ਚਿੱਟੇ' ਦੀ ਓਵਰਡੋਜ਼ ਕਾਰਨ ਹੋਈ ਹੈ। ਰਾਹੁਲ ਅਤੇ ਉਸ ਦੀ ਪਤਨੀ ਦੋਵੇਂ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ, ਪਰ ਇਸ ਦੁਖਾਂਤ ਨੇ ਪੂਰੇ ਪਰਿਵਾਰ ਨੂੰ ਸੜਕ 'ਤੇ ਲਿਆ ਦਿੱਤਾ ਹੈ।
ਇਸ ਘਟਨਾ ਨੇ ਪੰਜਾਬ ਸਰਕਾਰ ਦੇ ਚਰਚਿਤ 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਰਕਾਰ ਅਤੇ ਪ੍ਰਸ਼ਾਸਨ ਦੇ ਸਮੁੱਚੇ ਦਾਅਵਿਆਂ ਦੇ ਬਾਵਜੂਦ ਜਗਰਾਉਂ ਖੇਤਰ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਅਤੇ ਪੁਲਿਸ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ।
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਬਿਨਾਂ ਕਿਸੇ ਡਰ ਦੇ ਸ਼ਰੇਆਮ ਚਿੱਟਾ ਵੇਚਿਆ ਜਾ ਰਿਹਾ ਹੈ। ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਨਸ਼ੇ ਕਾਰਨ ਇਸ ਖੇਤਰ ਵਿੱਚ ਪਹਿਲਾਂ ਵੀ ਕਈ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਪਰ ਪ੍ਰਸ਼ਾਸਨ ਸੁਸਤ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਨਸ਼ਾ ਤਸਕਰਾਂ ਖ਼ਿਲਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਪਰਿਵਾਰ ਨੂੰ ਇਹ ਦੁੱਖ ਨਾ ਝੱਲਣਾ ਪਵੇ। ਸਥਾਨਕ ਕੌਂਸਲਰ ਪਰਮਿੰਦਰ ਕੌਰ ਕਲਿਆਣ ਦੇ ਪਤੀ ਵਿਨੇ ਕਲਿਆਣ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਇਲਾਕੇ ਵਿੱਚ ਨਸ਼ੇ ਕਾਰਨ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਹਨ ਅਤੇ ਇਹ ਸਮੱਸਿਆ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ।
ਪ੍ਰਸ਼ਾਸਨ ਦੀ ਲਾਪਰਵਾਹੀ ਅਤੇ ਡੀ.ਐਸ.ਪੀ. ਦੀ ਚੁੱਪੀ
ਇਸ ਬੇਹੱਦ ਸੰਵੇਦਨਸ਼ੀਲ ਮਾਮਲੇ ਵਿੱਚ ਜਦੋਂ ਪੁਲਿਸ ਪ੍ਰਸ਼ਾਸਨ ਦਾ ਪੱਖ ਜਾਣਨ ਲਈ ਡੀ.ਐਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੂੰ ਵਾਰ-ਵਾਰ ਫੋਨ ਕੀਤੇ ਗਏ, ਤਾਂ ਉਨ੍ਹਾਂ ਨੇ ਫੋਨ ਚੁੱਕਣਾ ਤੱਕ ਮੁਨਾਸਬ ਨਹੀਂ ਸਮਝਿਆ। ਪੁਲਿਸ ਅਧਿਕਾਰੀਆਂ ਦਾ ਇਸ ਤਰ੍ਹਾਂ ਦਾ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਸਥਾਨਕ ਲੋਕਾਂ ਅਤੇ ਪਰਿਵਾਰ ਵਿੱਚ ਭਾਰੀ ਗੁੱਸੇ ਦਾ ਮੁੱਖ ਕਾਰਨ ਬਣ ਗਿਆ ਹੈ।
- Download Babushahi App
-
-