ਸਿਆਸੀ ਲਾਭ ਲਈ ਬਹਿਬਲ ਕਲਾਂ ਜਾਂਚ ਨੂੰ ਕੁਰਾਹੇ ਪਾਇਆ ਕੁੰਵਰ ਵਿਜੇ ਪ੍ਰਤਾਪ ਨੇ- ਸੁਖਰਾਜ ਸਿੰਘ ਨਿਆਮੀਵਾਲਾ ਨੇ ਕੀਤਾ ਵੱਡਾ ਖੁਲਾਸਾ
ਬਹਿਬਲ ਕਲਾਂ ਗੋਲੀਕਾਂਡ ਦੇ 11 ਸਾਲ: 'ਸਿਆਸਤ ਤੋਂ ਉੱਪਰ ਉੱਠ ਕੇ ਨਵੀਂ SIT ਪੇਸ਼ ਕਰੇ ਮਜ਼ਬੂਤ ਚਲਾਨ, ਪੀੜਤਾਂ ਨੂੰ ਮਿਲੇ ਇਨਸਾਫ਼'
ਬਹਿਬਲ ਕਲਾਂ ਮਾਮਲਾ: ਪਿਛਲੀਆਂ ਜਾਂਚਾਂ 'ਤੇ ਉੱਠੇ ਗੰਭੀਰ ਸਵਾਲ; ਬਚਾਅ ਪੱਖ ਦੀਆਂ ਦਲੀਲਾਂ ਨੇ ਖੋਲ੍ਹੀਆਂ ਕਾਨੂੰਨੀ ਖਾਮੀਆਂ
ਨਿਰਪੱਖ ਜਾਂਚ ਅਤੇ ਮਜ਼ਬੂਤ ਚਲਾਨ ਦੀ ਮੰਗ; ਪਿਛਲੀਆਂ ਜਾਂਚਾਂ ਦੀਆਂ ਕਾਨੂੰਨੀ ਖਾਮੀਆਂ ਆਈਆਂ ਸਾਹਮਣੇ
ਕੋਟਕਪੂਰਾ/ਚੰਡੀਗੜ੍ਹ, 9 ਜੁਲਾਈ 2026- ਬਹਿਬਲ ਕਲਾਂ ਗੋਲੀਕਾਂਡ ਨੂੰ ਵਾਪਰਿਆਂ ਅੱਜ ਪੂਰੇ ਗਿਆਰਾਂ ਸਾਲ ਹੋ ਚੁੱਕੇ ਹਨ। ਇਸ ਲੰਮੇ ਅਰਸੇ ਦੌਰਾਨ ਪੰਜਾਬ ਵਿੱਚ ਕਈ ਸਰਕਾਰਾਂ ਬਦਲੀਆਂ, ਕਈ ਵਿਸ਼ੇਸ਼ ਜਾਂਚ ਟੀਮਾਂ (SITs) ਦਾ ਗਠਨ ਹੋਇਆ ਅਤੇ ਕਈ ਤਰ੍ਹਾਂ ਦੀਆਂ ਕਾਰਵਾਈਆਂ ਵੀ ਦੇਖਣ ਨੂੰ ਮਿਲੀਆਂ, ਪਰ ਅਫ਼ਸੋਸ ਕਿ ਅੱਜ ਤੱਕ ਪੀੜਤ ਪਰਿਵਾਰਾਂ ਨੂੰ ਕੋਈ ਠੋਸ ਇਨਸਾਫ਼ ਨਹੀਂ ਮਿਲ ਸਕਿਆ। ਪੀੜ੍ਹਤ ਸੁਖਰਾਜ ਸਿੰਘ ਨਿਆਮੀਵਾਲਾ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਹੋਇਆ ਵੱਡਾ ਦਾਅਵਾ ਕਰਦਿਆਂ ਹੋਇਆ ਕਿਹਾ ਕਿ, ਰਾਜਨੀਤਿਕ ਪਾਰਟੀਆਂ ਇਸ ਸੰਵੇਦਨਸ਼ੀਲ ਮੁੱਦੇ 'ਤੇ ਲਗਾਤਾਰ ਆਪਣੀ ਸਿਆਸਤ ਚਮਕਾਉਂਦੀਆਂ ਰਹੀਆਂ ਹਨ, ਜਦਕਿ ਜਾਂਚ ਏਜੰਸੀਆਂ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਰਪੱਖ ਅਤੇ ਤੱਥਾਂ 'ਤੇ ਆਧਾਰਿਤ ਹੋਣੀ ਚਾਹੀਦੀ ਸੀ। ਇਸ ਮਾਮਲੇ ਵਿੱਚ ਇਹ ਮੰਗ ਜ਼ੋਰ ਫੜ ਰਹੀ ਹੈ ਕਿ ਮੌਜੂਦਾ ਨਵੀਂ ਐਸ.ਆਈ.ਟੀ. (SIT) ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕੰਮ ਕਰੇ।
ਸੁਖਰਾਜ ਸਿੰਘ ਨਿਆਮੀਵਾਲਾ ਨੇ ਕੀਤਾ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ, ਕੁੰਵਰ ਵਿਜੇ ਪ੍ਰਤਾਪ ਨੇ ਸਿਆਸੀ ਲਾਭ ਲਈ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਨੂੰ ਕੁਰਾਹੇ ਪਾਇਆ।
ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਘਟਨਾ ਦੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਅਨੁਸਾਰ, ਪ੍ਰਦੀਪ ਹੀ ਉਹ ਵਿਅਕਤੀ ਸੀ ਜਿਸ ਨੇ ਸਭ ਤੋਂ ਪਹਿਲਾਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨਾਲ ਧੱਕਾ-ਮੁੱਕੀ ਕੀਤੀ, ਉਨ੍ਹਾਂ 'ਤੇ ਡੰਡੇ ਬਰਸਾਏ ਅਤੇ ਗੋਲੀਬਾਰੀ ਕੀਤੀ। ਹਰ ਜਾਂਚ ਕਮਿਸ਼ਨ ਅਤੇ ਪਰਬੋਧ ਕੁਮਾਰ ਦੀ ਅਗਵਾਈ ਵਾਲੀ ਪਹਿਲੀ SIT ਨੇ ਉਸ ਨੂੰ ਹੀ ਮੁੱਖ ਦੋਸ਼ੀ ਮੰਨਿਆ ਸੀ, ਜੋ ਕਿ ਮੌਜੂਦਾ ਤੱਥਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।
ਮਾਮਲੇ ਦੀ ਅਦਾਲਤੀ ਕਾਰਵਾਈ ਅਤੇ ਰਿਕਾਰਡ ਤੋਂ ਕੁਝ ਅਜਿਹੇ ਅਹਿਮ ਤੱਥ ਅਤੇ ਬਚਾਅ ਪੱਖ ਦੀਆਂ ਦਲੀਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਪਿਛਲੀਆਂ ਜਾਂਚਾਂ ਦੀ ਭਰੋਸੇਯੋਗਤਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਨਿਆਮੀਵਾਲਾ ਦਾ ਕਹਿਣਾ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਚੁਨਿੰਦੀ (Selective) ਅਤੇ ਪੱਖਪਾਤੀ ਸੀ। ਜਿਨ੍ਹਾਂ ਗਵਾਹਾਂ ਦੇ ਬਿਆਨਾਂ 'ਤੇ ਉਨ੍ਹਾਂ ਨੇ ਭਰੋਸਾ ਕੀਤਾ, ਉਨ੍ਹਾਂ ਗਵਾਹਾਂ ਨੇ ਬਾਅਦ ਵਿੱਚ ਮੰਨਿਆ ਕਿ ਉਨ੍ਹਾਂ ਨੇ ਇਹ ਬਿਆਨ ਪ੍ਰਦੀਪ ਦੇ ਕਹਿਣ 'ਤੇ ਦਿੱਤੇ ਸਨ, ਕਿਉਂਕਿ ਪ੍ਰਦੀਪ ਦੇ ਪਰਮਰਾਜ ਸਿੰਘ ਉਮਰਾਨੰਗਲ ਅਤੇ ਹੋਰ ਪੁਲਿਸ ਅਧਿਕਾਰੀਆਂ ਨਾਲ ਨਿੱਜੀ ਮਤਭੇਦ ਸਨ। ਇਸ ਤੋਂ ਇਲਾਵਾ, ਬਾਕੀ SIT ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਹੀ ਇਕੱਲੇ ਕੁੰਵਰ ਵਿਜੈ ਪ੍ਰਤਾਪ ਨੇ ਪ੍ਰਦੀਪ ਨੂੰ ਸਰਕਾਰੀ ਗਵਾਹ (Approver) ਬਣਾ ਦਿੱਤਾ। ਕਾਨੂੰਨ ਮੁਤਾਬਕ ਜੋ ਵਿਅਕਤੀ ਆਪਣੇ ਅਪਰਾਧ ਬਾਰੇ ਪੂਰਾ ਸੱਚ ਪ੍ਰਗਟ ਨਹੀਂ ਕਰਦਾ, ਉਹ ਸਰਕਾਰੀ ਗਵਾਹ ਬਣਨ ਦਾ ਹੱਕਦਾਰ ਨਹੀਂ ਹੁੰਦਾ। ਪ੍ਰਦੀਪ ਨੇ ਆਪਣੇ ਬਿਆਨ ਵਿੱਚ ਆਪਣੀ ਮੁੱਖ ਭੂਮਿਕਾ ਨੂੰ ਛੁਪਾਇਆ। ਬਚਾਅ ਪੱਖ ਅਨੁਸਾਰ ਉਸ ਨੂੰ ਸਰਕਾਰੀ ਗਵਾਹ ਸਿਰਫ਼ ਪਹਿਲਾਂ ਕੀਤੀਆਂ ਗ਼ਲਤ ਗ੍ਰਿਫ਼ਤਾਰੀਆਂ ਨੂੰ ਜਾਇਜ਼ ਠਹਿਰਾਉਣ ਲਈ ਬਣਾਇਆ ਗਿਆ ਸੀ।
ਨਿਆਮੀਵਾਲਾ ਦਾ ਕਹਿਣਾ ਹੈ ਕਿ ਸੁਹੈਲ ਬਰਾੜ ਨੇ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਅਤੇ ਪੁਲਿਸ ਜਿਪਸੀ ਨਾਲ ਸਬੰਧਿਤ ਕਹਾਣੀ ਦੀ ਅਸਲ ਸੱਚਾਈ ਸਾਹਮਣੇ ਲਿਆਂਦੀ। ਰਿਕਾਰਡ 'ਤੇ ਅਜਿਹਾ ਕੋਈ ਸਿੱਧਾ ਸਬੂਤ ਨਹੀਂ ਹੈ ਜੋ ਉਸ ਨੂੰ ਇਸ ਅਪਰਾਧ ਨਾਲ ਜੋੜਦਾ ਹੋਵੇ। ਇੱਥੋਂ ਤੱਕ ਕਿ ਹਥਿਆਰ ਮੁਹੱਈਆ ਕਰਵਾਉਣ ਵਾਲੇ ਗਵਾਹ ਸੰਜੀਵ ਕੁਮਾਰ ਨੇ ਵੀ ਅਦਾਲਤ ਵਿੱਚ ਸਾਫ਼ ਕਿਹਾ ਕਿ ਘਟਨਾ ਦੌਰਾਨ ਸਿਰਫ਼ ਗਾਰਡ ਦੀ ਬੰਦੂਕ ਵਰਤੀ ਗਈ ਸੀ। ਸੁਹੈਲ ਬਰਾੜ ਨੂੰ ਦੋਸ਼ੀ ਬਣਾਉਣ ਨਾਲ ਪ੍ਰੋਸੀਕਿਊਸ਼ਨ ਦਾ ਕੇਸ ਕਮਜ਼ੋਰ ਹੋਇਆ ਹੈ।
ਡੀ.ਆਈ.ਜੀ. ਰਣਬੀਰ ਖੱਟੜਾ ਦੇ ਇੱਕ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਪੀੜ੍ਹਤ ਸੁਖਰਾਜ ਸਿੰਘ ਨਿਆਮੀਵਾਲਾ ਨੇ ਦੱਸਿਆ ਗਿਆ ਕਿ ਪਰਮਰਾਜ ਸਿੰਘ ਉਮਰਾਨੰਗਲ ਅਤੇ ਇੰਸਪੈਕਟਰ ਗੁਰਦੀਪ ਘਟਨਾ ਸਥਾਨ 'ਤੇ ਮੌਜੂਦ ਹੀ ਨਹੀਂ ਸਨ। ਅਜਿਹੇ ਵਿੱਚ ਸਿਰਫ਼ ਰਾਜਨੀਤਿਕ ਜਾਂ ਸਮਾਜਿਕ ਪਿਛੋਕੜ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਨਾਲ ਅਸਲ ਦੋਸ਼ੀਆਂ ਦੇ ਬਚ ਨਿਕਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਮਾਣਯੋਗ ਅਦਾਲਤ ਦੀ ਮਨਜ਼ੂਰੀ ਤੋਂ ਬਾਅਦ ਸਾਲ 2023-2024 ਵਿੱਚ ਦਰਜ ਕੀਤੇ ਗਏ ਗਵਾਹਾਂ ਦੇ ਨਵੇਂ ਬਿਆਨਾਂ ਵਿੱਚ ਸਾਰਿਆਂ ਨੇ ਇਕਸੁਰ ਹੋ ਕੇ ਮੰਨਿਆ ਹੈ ਕਿ ਪ੍ਰਦੀਪ ਅਤੇ ਚਰਨਜੀਤ ਸ਼ਰਮਾ ਹੀ ਇਸ ਘਟਨਾ ਦੇ ਮੁੱਖ ਜ਼ਿੰਮੇਵਾਰ ਹਨ। ਇਹ ਬਿਆਨ ਹੁਣ ਅਦਾਲਤੀ ਰਿਕਾਰਡ ਦਾ ਹਿੱਸਾ ਹਨ। ਇਹ ਲੜਾਈ ਕਿਸੇ ਵਿਅਕਤੀ ਜਾਂ ਵਿਸ਼ੇਸ਼ ਪਾਰਟੀ ਦੇ ਖ਼ਿਲਾਫ਼ ਨਹੀਂ, ਸਗੋਂ ਸਿਰਫ਼ ਸੱਚਾਈ ਅਤੇ ਇਨਸਾਫ਼ ਲਈ ਹੈ। ਉਮੀਦ ਹੈ ਕਿ ਮੌਜੂਦਾ ਜਾਂਚ ਟੀਮ ਬਿਨਾਂ ਕਿਸੇ ਪੱਖਪਾਤ ਦੇ ਇਮਾਨਦਾਰੀ ਨਾਲ ਕੰਮ ਪੂਰਾ ਕਰੇਗੀ ਤਾਂ ਜੋ ਪਿਛਲੇ 11 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਪੀੜਤ ਪਰਿਵਾਰਾਂ ਦੇ ਜ਼ਖਮਾਂ 'ਤੇ ਮਲ੍ਹਮ ਲਗਾਈ ਜਾ ਸਕੇ।
- Download Babushahi App
-
-