ਆਓ! ਪੰਜਾਬੀ ਦੀ ਗੱਲ ਕਰੀਏ- ਸੁਣੀਏ ਸੁਣਾਈਏ ਕੁਝ ਹੱਲ ਕਰੀਏ- ਲਾਹੌਰ ਵਿਖੇ ਤੀਜੀ ‘ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ’
5 ਤੋਂ 7 ਦਸੰਬਰ ਤੱਕ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 13 ਅਕਤੂਬਰ 2025-ਪੰਜਾਬੀ ਮਾਂ ਬੋਲੀ ਦੇ ਵਿਕਾਸ, ਪ੍ਰਸਾਰ, ਪਛਾਣ, ਸਰਕਾਰੀ ਦਰਜਾ ਅਤੇ ਆਲਮੀ ਪੱਧਰ ਉਤੇ ਪ੍ਰਫੁੱਲਤ ਕਰਨ ਦੇ ਲਈ ਜਿੱਥੇ ਚੜ੍ਹਦੇ ਪੰਜਾਬ, ਦੇਸ਼-ਵਿਦੇਸ਼ ਦੇ ਵਿਚ ਸੈਮੀਨਾਰ ਅਤੇ ਕਾਨਫਰੰਸਾਂ ਹੁੰਦੀਆਂ ਹਨ ਉਥੇ ਲਹਿੰਦੇ ਪੰਜਾਬ ਦੇ ਵਿਚ ਵੀ ਅਜਿਹਾ ਜ਼ਜਬਾ ਬਰਕਰਾਰ ਹੈ। ਸ੍ਰੀ ਅਹਿਮਦ ਰਜ਼ਾ ਪੰਜਾਬੀ ਅਤੇ ਸ੍ਰੀ ਨਾਸਿਰ ਢਿੱਲੋਂ ਵੱਲੋਂ ‘ਪੰਜਾਬੀ ਪ੍ਰਚਾਰ’ ਅਤੇ ‘ਪੰਜਾਬੀ ਲਹਿਰ’ ਅਦਾਰਿਆਂ ਦੇ ਸਹਿਯੋਗ ਨਾਲ ਹਰ ਸਾਲ ਅੰਤਰਰਾਸ਼ਟਰੀ ਪੱਧਰ ਦੀ ਪੰਜਾਬੀ ਕਾਨਫਰੰਸ ਕਰਵਾਈ ਜਾਂਦੀ ਹੈ। ਇਸ ਵਾਰ ਦੀ ਇਹ ਤਿੰਨ ਦਿਨਾਂ ‘ਤੀਜੀ ਅੰਤਰਰਾਸ਼ਟਰੀ ਕਾਨਫਰੰਸ’ 5 ਤੋਂ 7 ਦਸੰਬਰ 2025 ਤੱਕ ‘ਪੰਜਾਬ ਇੰਸਟੀਚਿਊਟ ਆਫ ਲੈਂਗੂਏਜ਼, ਆਰਟ ਐਂਡ ਕਲਚਰ’(Punjab Institute of Language, Art & Culture-PILAC) ਵਿਖੇ ਕਰਵਾਈ ਜਾ ਰਹੀ ਹੈ। ਬੀਤੇ ਕੱਲ੍ਹ ਇਥੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਕਾਨਫਰੰਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ, ਜਿਸ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਮੁੱਖ ਕਾਰਕੁਨਾਂ ਅਤੇ ਮੀਡੀਆ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਕਾਨਫਰੰਸ ਨੂੰ ਪੰਜਾਬੀਅਤ ਦੇ ਪ੍ਰਚਾਰ ਅਤੇ ਦੁਨੀਆ ਭਰ ਦੇ ਪੰਜਾਬੀਆਂ ਵਿੱਚ ਸਾਂਝ ਪੈਦਾ ਕਰਨ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਕਾਨਫਰੰਸ ਦੇ ਵਿਚ ਗਵਰਨਰ, ਮੁੱਖ ਮੰਤਰੀ ਅਤੇ ਮੰਤਰੀ ਸਾਹਿਬਾਨ ਪਹੁੰਚਦੇ ਹਨ। ਨਵੀਂਆਂ ਕਿਤਾਬਾਂ ਦੀ ਘੁੰਢ ਚੁਕਾਈ ਹੁੰਦੀ ਹੈ। ਵਿਚਾਰਨਯੋਗ ਮੁੱਦਿਆਂ ਉਤੇ ਗੱਲਬਾਤ ਅਤੇ ਪ੍ਰਸ਼ਨ ਉਤਰ ਹੁੰਦੇ ਹਨ। ਖੋਜ਼ ਪੱਤਰ ਪੜ੍ਹੇ ਜਾਂਦੇ ਹਨ। ਉਚ ਕੋਟੀ ਦੇ ਦਰਜਨਾ ਗਾਇਕ ਗੀਤਾਂ ਦੀ ਛਹਿਬਰ ਲਾਉਂਦੇ ਹਨ। ਪੰਜਾਬੀ ਲਘੂ ਫਿਲਮਾਂ ਦੇ ਮੁਕਾਬਲੇ ਆਦਿ ਅਤੇ ਕਵੀ ਦਰਬਾਰ ਵੀ ਰਾਤ ਨੂੰ ਹੁੰਦਾ ਹੈ।
ਕਾਨਫਰੰਸ ਤੋਂ ਸੰਭਾਵਿਤ ਉਮੀਦਾਂ:
ਇਹ ਕਾਨਫਰੰਸ ਦੁਨੀਆ ਭਰ ਦੇ ਦਰਜਨਾਂ ਪ੍ਰਸਿੱਧ ਪੰਜਾਬੀ ਕਲਾਕਾਰਾਂ, ਗਾਇਕਾਂ, ਅਦਾਕਾਰਾਂ, ਪੱਤਰਕਾਰਾਂ, ਸਰਕਾਰੀ ਅਹੁਦੇਦਾਰਾਂ, ਕਵੀਆਂ ਅਤੇ ਨੌਜਵਾਨ ਪੰਜਾਬੀ ਕਾਰਕੁਨਾਂ ਨੂੰ ਇੱਕ ਮੰਚ ’ਤੇ ਇਕੱਠਾ ਕਰੇਗੀ। ਇਸ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪਛਾਣ ਦੀ ਅਮੀਰੀ ਨੂੰ ਵਿਸ਼ਵ ਪੱਧਰ ’ਤੇ ਮਨਾਉਣਾ ਅਤੇ ਉਤਸ਼ਾਹਿਤ ਕਰਨਾ ਹੈ।
ਪੰਜਾਬੀ ਨੂੰ ਲਾਜ਼ਮੀ ਸਿੱਖਿਆ ਦਾ ਮਾਧਿਅਮ ਬਣਾਉਣਾ: ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਭਾਸ਼ਾ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਲਾਗੂ ਕਰਨ ਦੀ ਲੋੜ ਅਤੇ ਰਣਨੀਤੀਆਂ।
ਡਿਜੀਟਲ ਯੁੱਗ ਵਿੱਚ ਪੰਜਾਬੀ: ਨਵੀਂ ਤਕਨਾਲੋਜੀ, ਸੋਸ਼ਲ ਮੀਡੀਆ (ਰਿੀਲਜ਼, ਟਿਕ-ਟੌਕ), ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਚਾਰ ਦੀ ਸੰਭਾਵਨਾ।
ਲਹਿੰਦੇ-ਚੜ੍ਹਦੇ ਪੰਜਾਬ ਦੀ ਸਾਂਝ: ਦੋਵਾਂ ਪੰਜਾਬਾਂ ਦੇ ਸਾਹਿਤ, ਕਲਾ, ਇਤਿਹਾਸ ਅਤੇ ਸੱਭਿਆਚਾਰ ਨੂੰ ਸਾਂਝੇ ਮੰਚ ’ਤੇ ਲਿਆ ਕੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨਾ।
ਪੰਜਾਬੀ ਸਿਨੇਮਾ ਅਤੇ ਕਲਾ ਦਾ ਭਵਿੱਖ: ਪੰਜਾਬੀ ਫਿਲਮਾਂ, ਥੀਏਟਰ ਅਤੇ ਸੰਗੀਤ ਦੀ ਗੁਣਵੱਤਾ ਅਤੇ ਇਸ ਨੂੰ ਵਿਸ਼ਵ ਪੱਧਰ ’ਤੇ ਲਿਜਾਣ ਦੇ ਮੌਕੇ।
ਪੰਜਾਬੀ ਸਮਾਜ ਨੂੰ ਦਰਪੇਸ਼ ਸਮਕਾਲੀ ਚੁਣੌਤੀਆਂ: ਪਰਵਾਸ, ਨਸ਼ਾਖੋਰੀ, ਕਿਸਾਨੀ ਮੁੱਦੇ, ਵਾਤਾਵਰਣ ਅਤੇ ਪੰਜਾਬ ਦੀ ਸਿਆਸੀ/ਸਮਾਜਿਕ ਸਥਿਤੀ ਬਾਰੇ ਵਿਚਾਰ-ਵਟਾਂਦਰਾ।
ਅੰਤ ਵਿਚ ਸ੍ਰੀ ਅਹਿਮਦ ਰਜ਼ਾ ਪੰਜਾਬੀ ਮੁੱਖ ਪ੍ਰਬੰਧਕ ਤੀਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ – ਲਾਹੌਰ ਅਤੇ ਪੰਜਾਬ ਲਹਿਰ ਦੇ ਸ੍ਰੀ ਨਾਸਿਰ ਢਿੱਲੋਂ ਹੋਰਾਂ ਦੇਸ਼-ਵਿਦੇਸ਼ ਵਸਦੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ‘ਆਓ! ਪੰਜਾਬ ਅਤੇ ਪੰਜਾਬੀ ਦੀ ਗੱਲ ਕਰੀਏ, ਸੁਣੀਏ ਸੁਣਾਈਏ ਅਤੇ ਕੋਈ ਹੱਲ ਕਰੀਏ’’।
ਵਰਨਣਯੋਗ ਹੈ ਕਿ ਪਿਛਲੀ ਵਾਰ ਬਾਕੀ ਮੁਲਕਾਂ ਦੇ ਨਾਲ-ਨਾਲ ਨਿਊਜ਼ੀਲੈਂਡ ਪੰਜਾਬੀ ਮੀਡੀਆ ਦੀ ਤਰਫ ਤੋਂ ਇਸ ਪੱਤਰਕਾਰ ਨੂੰ ਜਾਣ ਦਾ ਮੌਕਾ ਮਿਲਿਆ ਸੀ ਅਤੇ ਇਸ ਕਾਨਫਰੰਸ ਦੇ ਵਿਚ ਉਠਾਏ ਮੁੱਦੇ ਸੱਚਮੁਚ ਹਰ ਉਸ ਥਾਂ ਵਿਚਾਰਨਯੋਗ ਹਨ ਜਿੱਥੇ ਪੰਜਾਬੀ ਜਾ ਵਸੇ ਹਨ ਅਤੇ ਆਪਣੇ ਵਿਰਸੇ ਦੀ ਤਰਜ਼ਮਾਨੀ ਕਰਦੇ ਮੰਨਦੇ ਹਨ।