ਰਾਜੂਬੇਲਾ ਤੋਂ ਧੁੱਸੀ ਬੰਨ੍ਹ ਤੱਕ ਦੀ ਸੜਕ ਬਣੇਗੀ, 48 ਲੱਖ ਰੁਪਏ ਦੀ ਲਾਗਤ ਨਾਲ
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਰਖਿਆ ਨੀਂਹ-ਪੱਥਰ,ਕਿਹਾ-ਹਲਕਾ ਦੇ ਵਿਕਾਸ ਲਈ ਦਿ੍ਰੜ ਸੰਕਲਪ ਹਾਂ
ਰੋਹਿਤ ਗੁਪਤਾ
ਕਾਦੀਆ/ਗੁਰਦਾਸਪੁਰ, 13 ਅਕਤੂਬਰ 2025- ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਵਿਕਾਸ ਕਾਰਜਾਂ ਦੀ ਰਫਤਾਰ ਜਾਰੀ ਹੈ, ਜਿਸ ਦੇ ਚੱਲਦਿਆਂ ਕਾਦੀਆਂ ਹਲਕੇ ਦੇ ਇੰਚਾਰਜ ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਅੱਜ ਹਲਕਾ ਕਾਦੀਆ ਦੇ ਪਿੰਡ ਰਾਜੂਬੇਲਾ ਤੋਂ ਧੁੱਸੀ ਬੰਨ੍ਹ ਤੱਕ ਦੀ ਸੜਕ ਦੀ 48 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਨ ਦਾ ਨੀਂਹ-ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਦਿ੍ਰੜ ਸੰਕਲਪ ਹਨ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲ ਕਰਦਿਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਤਿੰਨ ਮਾਰਕਿਟ ਕਮੇਟੀਆਂ ਕਾਹਨੂੰਵਾਨ, ਕਾਦੀਆਂ ਅਤੇ ਧਾਰੀਵਾਲ ਪੈਂਦੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਤਿੰਨਾਂ ਮਾਰਕਿਟ ਕਮੇਟੀਆਂ ਅਧੀਨ ਆਉਂਦੀਆਂ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਲਈ 100 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਮਾਰਕੀਟ ਕਮੇਟੀ ਕਾਹਨੂੰਵਾਨ ਅਧੀਨ ਆਉਂਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਦੇ ਕਾਰਜ ਸ਼ੁਰੂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਦੌਰਾਨ ਇਸ ਦੀ ਗੁਣਵੱਤਾ ਦਾ ਖ਼ਾਸ ਖ਼ਿਆਲ ਰੱਖਿਆ ਜਾ ਰਿਹਾ ਹੈ ਅਤੇ 5 ਸਾਲ ਤੱਕ ਸੜਕ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਵੀ ਠੇਕੇਦਾਰ ਹੀ ਹੋਵੇਗੀ। ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਧਾਰੀਵਾਲ ਸ਼ਹਿਰ ਦੇ ਵਾਟਰ ਸਪਲਾਈ ਤੇ ਸੀਵਰੇਜ ਉੱਪਰ 75 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸੇ ਤਰ੍ਹਾਂ ਹੀ ਕਾਦੀਆਂ ਸ਼ਹਿਰ ਵਿੱਚ ਵੀ ਵਾਟਰ ਸਪਲਾਈ ਤੇ ਸੀਵਰੇਜ ਉੱਪਰ 75 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਸਰਕਾਰੀ ਸਕੂਲਾਂ ਉੱਪਰ ਸਿੱਖਿਆ ਕ੍ਰਾਂਤੀ ਤਹਿਤ 60 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਹਲਕੇ ਵਿੱਚ 25 ਖੇਡ ਸਟੇਡੀਅਮ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ਉੱਪਰ ਕਰੋੜਾਂ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਵਿਧਾਨ ਸਭਾ ਹਲਕਾ ਕਾਦੀਆਂ ਸੂਬੇ ਦਾ ਮੋਹਰੀ ਹਲਕਾ ਬਣੇਗਾ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਤੇ ਮੁੋਹਤਬਰ ਵੀ ਹਾਜ਼ਰ ਸਨ।