'ਆਪ', ਕਾਂਗਰਸ ਤੇ ਕੇਂਦਰ ਤਿੰਨੇ ਪੰਜਾਬ-ਵਿਰੋਧੀ-ਧਰਮੀ ਫੌਜੀਆਂ ਦੇ ਪਰਿਵਾਰ ਨੂੰ ਟਿਕਟ ਦੇ ਕੇ ਅਕਾਲੀ ਦਲ ਨੇ ਪੰਥਕ ਫਰਜ਼ ਨਿਭਾਇਆ- ਬ੍ਰਹਮਪੁਰਾ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,13 ਅਕਤੂਬਰ 2025- ਤਰਨ ਤਾਰਨ ਜ਼ਿਮਨੀ ਚੋਣ ਨੂੰ ਸਿਰਫ਼ ਇੱਕ ਚੋਣ ਨਹੀਂ,ਸਗੋਂ ਪੰਜਾਬ ਵਿਰੋਧੀ ਤਾਕਤਾਂ ਨੂੰ ਮੂੰਹ-ਤੋੜ ਜਵਾਬ ਦੇਣ ਦਾ ਇੱਕ ਮੌਕਾ ਦੱਸਦਿਆਂ,ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਕਿਹਾ ਕਿ 'ਆਪ',ਕਾਂਗਰਸ ਅਤੇ ਕੇਂਦਰ ਦੀ ਭਾਜਪਾ ਸਰਕਾਰ,ਤਿੰਨਾਂ ਨੇ ਹੀ ਪੰਜਾਬ ਅਤੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।ਉਹ ਅੱਜ ਪਿੰਡ ਬਾਲਾ ਚੱਕ ਵਿਖੇ ਪਾਰਟੀ ਉਮੀਦਵਾਰ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਹੋਈ ਇੱਕ ਵਰਕਰ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।ਸ.ਬ੍ਰਹਮਪੁਰਾ ਨੇ ਕਿਹਾ ਕਿ ਇੱਕ ਪਾਸੇ ਕਾਂਗਰਸ ਦਾ ਪੰਜਾਬ ਨੂੰ ਬਰਬਾਦ ਕਰਨ ਦਾ ਲੰਬਾ ਇਤਿਹਾਸ ਹੈ ਅਤੇ ਦੂਜੇ ਪਾਸੇ ਦਿੱਲੀ ਦੇ ਇਸ਼ਾਰਿਆਂ 'ਤੇ ਨੱਚਣ ਵਾਲੀ 'ਆਪ' ਸਰਕਾਰ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਵਾਰ-ਵਾਰ ਵਾਅਦਾ-ਖਿਲਾਫੀ ਕਰਕੇ ਸਿੱਖ ਕੌਮ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ।ਉਨ੍ਹਾਂ ਕਿਹਾ ਕਿ ਇਹਨਾਂ ਸਾਰੀਆਂ ਪੰਜਾਬ-ਵਿਰੋਧੀ ਪਾਰਟੀਆਂ ਦੇ ਉਲਟ, ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਥ ਲਈ ਕੁਰਬਾਨੀਆਂ ਦੇਣ ਵਾਲੇ ਪਰਿਵਾਰਾਂ ਦਾ ਸਤਿਕਾਰ ਕੀਤਾ ਹੈ। ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਉਸ ਧਰਮੀ ਫੌਜੀ ਪਰਿਵਾਰ ਵਿੱਚੋਂ ਹਨ ਜਿਨ੍ਹਾਂ ਦੀ ਪੰਥ ਲਈ ਬਹੁਤ ਵੱਡੀ ਕੁਰਬਾਨੀ ਹੈ।ਉਨ੍ਹਾਂ ਨੂੰ ਉਮੀਦਵਾਰ ਬਣਾ ਕੇ ਪਾਰਟੀ ਨੇ ਆਪਣਾ ਪੰਥਕ ਫਰਜ਼ ਨਿਭਾਇਆ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿਖਾਵੇਬਾਜ਼ਾਂ ਨੂੰ ਨਕਾਰ ਕੇ,ਪੰਜਾਬ ਦੇ ਵਿਕਾਸ ਅਤੇ ਪੰਥਕ ਵਿਰਾਸਤ ਦੀ ਰਾਖੀ ਲਈ ਇੱਕ ਪੜ੍ਹੇ-ਲਿਖੇ,ਸੂਝਵਾਨ ਅਤੇ ਕੁਰਬਾਨੀ ਵਾਲੇ ਪਰਿਵਾਰ ਦੇ ਉਮੀਦਵਾਰ ਨੂੰ ਜਿਤਾਉਣ ਲਈ ਅਕਾਲੀ ਦਲ ਦਾ ਸਾਥ ਦੇਣ।ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਤਰਨ ਤਾਰਨ ਦੇ ਲੋਕ ਇਸ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇਤਿਹਾਸਕ ਜਿੱਤ ਦਿਵਾਉਣਗੇ।ਇਸ ਮੌਕੇ ਸ.ਸ਼ਬੇਗ ਸਿੰਘ ਬਹਿਕਾਂ ਵਾਲੇ,ਸ.ਗੁਰਵਿੰਦਰ ਸਿੰਘ,ਸ.ਕੁਲਵਿੰਦਰ ਸਿੰਘ ਸਪੁੱਤਰ ਸ.ਬਖਸ਼ੀਸ਼ ਸਿੰਘ ਸਰਪੰਚ,ਸ.ਪਾਲ ਸਿੰਘ,ਸ.ਜਸਪਾਲ ਸਿੰਘ ਨਾਹਰ ਅਤੇ ਹੋਰ ਅਕਾਲੀ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।