ਕਤਲ ਦੀ ਵੱਡੀ ਵਾਰਦਾਤ: ਬਰਨਾਲਾ ਪੁਲਿਸ ਦੀ ਤੇਜ਼ ਕਾਰਵਾਈ, 48 ਘੰਟਿਆਂ ਅੰਦਰ ਤਿੰਨ ਕਾਬੂ
ਕਮਲਜੀਤ ਸਿੰਘ
ਬਰਨਾਲਾ : ਦੁਸਹਿਰੇ ਵਾਲੇ ਦਿਨ ਬਰਨਾਲਾ ਵਿੱਚ ਵਾਪਰੀ ਕਤਲ ਦੀ ਵੱਡੀ ਵਾਰਦਾਤ ਨੂੰ ਬਰਨਾਲਾ ਪੁਲਿਸ ਨੇ 48 ਘੰਟਿਆਂ ਅੰਦਰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਕੀ ਸੀ ਪੂਰਾ ਮਾਮਲਾ?
ਡੀ.ਐਸ.ਪੀ. ਬਰਨਾਲਾ, ਸਰਦਾਰ ਸਤਵੀਰ ਸਿੰਘ ਬੈਂਸ (PPS), ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 02-10-2025 ਨੂੰ ਦੁਸਹਿਰਾ ਗਰਾਊਂਡ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਆਪਸੀ ਲੜਾਈ ਤੋਂ ਬਾਅਦ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਰਨਾਲਾ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਸੀ।
ਮ੍ਰਿਤਕ ਦੇ ਪਿਤਾ ਭੋਲਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ।
ਪੁਲਿਸ ਦੀ ਟੀਮ ਅਤੇ ਗ੍ਰਿਫ਼ਤਾਰੀਆਂ
ਐਸ.ਐਸ.ਪੀ. ਬਰਨਾਲਾ ਸ੍ਰੀ ਸਰਫਰਾਜ ਆਲਮ (IPS) ਅਤੇ ਐਸ.ਪੀ.(ਡੀ) ਸ੍ਰੀ ਅਸ਼ੋਕ ਕੁਮਾਰ (PPS) ਦੀ ਅਗਵਾਈ ਹੇਠ ਕਤਲ ਦੀ ਗੁੱਥੀ ਸੁਲਝਾਉਣ ਲਈ ਸੀ.ਆਈ.ਏ. ਬਰਨਾਲਾ, ਥਾਣਾ ਸਿਟੀ ਬਰਨਾਲਾ, ਥਾਣਾ ਸਿਟੀ-2 ਬਰਨਾਲਾ ਅਤੇ ਥਾਣਾ ਸਦਰ ਬਰਨਾਲਾ ਦੇ ਮੁਖੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ।
ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਜਾਣਕਾਰੀ ਦੇ ਆਧਾਰ 'ਤੇ 48 ਘੰਟਿਆਂ ਦੇ ਅੰਦਰ ਤਿੰਨ ਦੋਸ਼ੀਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਕਾਬੂ ਕੀਤੇ ਗਏ ਦੋਸ਼ੀ:
ਕੁਲਵਿੰਦਰ ਸਿੰਘ ਉਰਫ਼ ਕਿੰਦਾ ਉਰਫ਼ ਨਾਨੂ ਪੁੱਤਰ ਬੀਰਬਲ ਸਿੰਘ (ਵੱਸੀ ਬੰਗਲਾ ਪੱਤੀ ਸੇਖਾ)
ਬਲਜਿੰਦਰ ਸਿੰਘ ਉਰਫ਼ ਹਰਮਨ ਸਿੰਘ ਉਰਫ਼ ਨੇਪਾਲੀ ਪੁੱਤਰ ਜਗਤਾਰ ਸਿੰਘ (ਵੱਸੀ ਬੰਗਲਾ ਪੱਤੀ ਸੇਖਾ)
ਦਿਲਪ੍ਰੀਤ ਸਿੰਘ ਉਰਫ਼ ਸੰਜੇ ਪੁੱਤਰ ਅਮਨਦੀਪ ਸਿੰਘ (ਵੱਸੀ ਕੁੰਬੜਵਾਲ ਰੋਡ ਸੇਖਾ)
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਜਾਰੀ ਹੈ।