Big News : ਮਨੁੱਖੀ ਬੰਬ ਬਣਕੇ ਤਬਾਹੀ ਦੀ ਬੰਬ ਕੱਢਣ ਦੀ ਚਰਚਾ ਨੇ ਸੁਰੱਖਿਆ ਏਜੰਸੀਆਂ ਚੂਲਾਂ ਹਿਲਾਈਆਂ
ਅਸ਼ੋਕ ਵਰਮਾ
ਬਠਿੰਡਾ , 17 ਸਤੰਬਰ 2025: ਕੀ ਬਠਿੰਡਾ ਜਿਲ੍ਹੇ ਦੇ ਪਿੰਡ ਜੀਦਾ ’ਚ ਹੋਏ ਧਮਾਕਿਆਂ ਦਾ ਮਾਸਟਰ ਮਾਈਂਡ ਗੁਰਪ੍ਰੀਤ ਸਿੰਘ ਮਨੁੱਖੀ ਬੰਬ ਬਣ ਕੇ ਭਾਰਤੀ ਫੌਜ ਨੂੰ ਨਿਸ਼ਾਨਾ ਬਨਾਉਣ ਦੀ ਤਿਆਰੀ ਕਰ ਰਿਹਾ ਸੀ ਜਾਂ ਫਿਰ ਉਸ ਦੇ ਨਿਸ਼ਾਨੇ ਤੇ ਕੋਈ ਵੱਡੀ ਸਿਆਸੀ ਹਸਤੀ ਵੀ ਹੋ ਸਕਦੀ ਹੈ। ਅਹਿਮ ਸੂਤਰਾਂ ਦੀ ਮੰਨੀਏ ਤਾਂ ਗੁਰਪ੍ਰੀਤ ਦੇ ਘਰ ਚੋਂ ਵਿਸਫੋਟਕ ਪਦਾਰਥ ਨਕਾਰਾ ਕਰਨ ਦੌਰਾਨ ਮਿਲੀ ਸਮੱਗਰੀ ਦੀ ਤੀਬਰਤਾ ਤੋਂ ਤਾਂ ਇਹੋ ਜਾਪਦਾ ਹੈ ਕਿ ਮੁਲਜਮ ਕਿਸੇ ਖਤਰਨਾਕ ਯੋਜਨਾ ਤੇ ਕੰਮ ਕਰ ਰਿਹਾ ਸੀ ਜਿਸ ’ਚ ਭਾਰਤੀ ਫੌਜ ਜਾਂ ਕਿਸੇ ਸਿਆਸੀ ਹਸਤੀ ਤੇ ਹਮਲਾ ਵੀ ਸ਼ਾਮਲ ਹੈ। ਇਨ੍ਹਾਂ ਤੱਥਾਂ ਪਿੱਛੋਂ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਹਨ ਕਿ ਇੱਕ ਸਧਾਰਨ ਜਿਹਾ ਨੌਜਵਾਨ ਇਸ ਹੱਦ ਤੱਕ ਵੀ ਜਾ ਸਕਦਾ ਹੈ। ਸੂਤਰ ਦੱਸਦੇ ਹਨ ਕਿ ਗੁਰਪ੍ਰੀਤ ਸਿੰਘ ਇੱਕ ਬੈਲਟ ਬਣਾ ਰਿਹਾ ਸੀ ਜਿਸ ਨੂੰ ਮਨੁੱਖੀ ਬੰਬ ਵਜੋਂ ਵਰਤਿਆ ਜਾਣਾ ਸੀ।
ਐਨਆਈਏ ਦੇ ਡੀਐਸਪੀ ਸੌਰਵ ਗੁਪਤਾ ਦੀ ਅਗਵਾਈ ਹੇਠਲੀ ਟੀਮ ਨੇ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ ਹੈ ਅਤੇ ਤੱਥ ਇਕੱਤਰ ਕੀਤੇ ਹਨ। ਉਨ੍ਹਾਂ ਏਮਜ਼ ਹਸਪਤਾਲ ’ਚ ਦਾਖਲ ਚੱਲ ਰਹੇ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਜੀਦਾ ਨਾਲ ਇਕੱਲਿਆਂ ਗੱਲਬਾਤ ਕਰਕੇ ਪੁੱਛਗਿਛ ਕੀਤੀ ਹੈ। ਅੰਦਰੂਨੀ ਅੱਤਵਾਦ ਨਾਲ ਨਜਿੱਠਣ ਵਾਲੀ ਏਜੰਸੀ ਐਨਆਈਏ ਨੇ ਜਾਂਚ ਪ੍ਰਕਰਿਆ ਸਬੰਧੀ ਟਿੱਪਣੀ ਕਰਨ ਤੋਂ ਪੂਰੀ ਤਰਾਂ ਪਾਸਾ ਵੱਟੀ ਰੱਖਿਆ ਹੈ। ਸੂਤਰਾਂ ਮੁਤਾਬਕ ਜਾਂਚ ਏਜੰਸੀਆਂ ਗੁਰਪ੍ਰੀਤ ਸਿੰਘ ਦਾ ਪਾਕਿਸਤਾਨ ਕੁਨੈਕਸ਼ਨ ਹੋਣ ਦਾ ਸ਼ੱਕ ਹੈ। ਵੱਡੀ ਸਮੱਸਿਆ ਇਹ ਹੈ ਕਿ ਇਲਾਜ ਅਧੀਨ ਹੋਣ ਕਾਰਨ ਗੁਰਪ੍ਰੀਤ ਤੋਂ ਪੁੱਛਗਿਛ ਕਰਨੀ ਮੁਸ਼ਕਿਲ ਹੈ। ਇਹੀ ਦਿੱਕਤ ਗੁਰਪ੍ਰੀਤ ਦੇ ਪਿਤਾ ਸਬੰਧੀ ਹੈ ਜਿਸ ਨੂੰ ਅੱਖਾਂ ਤੇ ਗੰਭੀਰ ਸੱਟਾਂ ਲੱਗਣ ਕਾਰਨ ਫਰੀਦਕੋਟ ਮੈਡੀਕਲ ਕਾਲਜ ਭੇਜਿਆ ਗਿਆ ਹੈ। ਇਨ੍ਹਾਂ ਸਮੱਸਿਆਵਾਂ ਕਾਰਨ ਇੱਕ ਹਫਤਾ ਲੰਘ ਜਾਣ ਦੇ ਬਾਵਜੂਦ ਜੀਦਾ ਧਮਾਕਾ ਮਾਮਲਾ ਕਿਸੇ ਤਣ ਪੱਤਣ ਲੱਗਣ ਦੀ ਥਾਂ ਉਲਝਦਾ ਹੀ ਜਾ ਰਿਹਾ ਹੈ।
ਪੁਲਿਸ ਆਸਵੰਦ ਹੈ ਕਿ ਜਦੋਂ ਗੁਰਪ੍ਰੀਤ ਤੋਂ ਪੁੱਛਗਿਛ ਕੀਤੀ ਜਾਏਗੀ ਤਾਂ ਹੈਰਾਨੀਜਨਕ ਖੁਲਾਸੇ ਹੋ ਸਕਦੇ ਹਨ। ਓਧਰ ਗੁਰਪ੍ਰੀਤ ਦੇ ਘਰ ਵਿੱਚ ਖਿੱਲਰੀ ਧਮਾਕਾਖੇਜ਼ ਸਮੱਗਰੀ ਨਸ਼ਟ ਕਰਨਾ ਟੇਢੀ ਖੀਰ ਬਣਿਆ ਹੋਇਆ ਹੈ। ਜਦੋਂ ਮਾਹਿਰਾਂ ਨੂੰ ਇਹ ਪਤਾ ਲੱਗਿਆ ਕਿ ਇਹ ਕੰਮ ਐਨਾ ਸੌਖਾ ਨਹੀਂ ਤਾਂ ਜਲੰਧਰ ਤੋਂ ਇੱਕ ਵਿਸ਼ੇਸ਼ ਟੀਮ ਸੱਦੀ ਗਈ ਸੀ । ਟੀਮ ਨੇ ਰੋਬੋਟ ਦੀ ਸਹਾਇਤਾ ਨਾਲ ਵਿਸਫੋਟਕ ਪਦਾਰਥ ਨਸ਼ਟ ਕਰਨੇ ਸ਼ੁਰੂ ਕਰ ਦਿੱਤੇ ਸਨ ਪਰ ਧਮਾਕਾ ਹੋਣ ਕਾਰਨ ਰੋਬੋਟ ਖੁਦ ਹੀ ਖਰਾਬ ਹੋ ਗਿਆ। ਇਸ ਕਰਕੇ ਧਮਾਕਾਖੇਜ਼ ਸਮੱਗਰੀ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਇੱਕ ਵਾਰ ਰੋਕਣੀ ਪਈ ਹੈ। ਪਿਛਲੇ 7 ਦਿਨਾਂ ਤੋਂ ਮਾਹਿਰਾਂ ਵੱਲੋਂ ਦਿਨ ਰਾਤ ਇੱਕ ਕਰਨ ਦੇ ਬਾਵਜੂਦ ਤੱਕ ਸਮੁੱਚੀ ਵਿਸਫੋਟਕ ਸਮੱਗਰੀ ਨਕਾਰਾ ਨਹੀਂ ਕੀਤੀ ਜਾ ਸਕੀ ਹੈ। ਇਸ ਤੋਂ ਸਪਸ਼ਟ ਹੈ ਕਿ ਘਰ ਨੂੰ ਸੁਰੱਖਿਅਤ ਐਲਾਨਣ ਲਈ ਹਾਲੇ ਹੋਰ ਸਮਾਂ ਲੱਗਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਗੁਰਪ੍ਰੀਤ ਕੋਲ ਖਤਰਨਾਕ ਸਮੱਗਰੀ
ਸੂਤਰਾਂ ਅਨੁਸਾਰ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਕੋਲ ਅਮੋਨੀਅਮ ਨਾਈਟ੍ਰੇਟ, ਅਮੋਨੀਅਮ ਸਲਫੇਟ , ਲੈਡ ਨਾਈਟਰੇਟ ਅਤੇ ਫਾਸਫੋਰਸ ਪੈਂਟਾਕਸਾਈਡ ਵਰਗੇ ਰਸਾਇਣਕ ਪਦਾਰਥ ਮੌਜੂਦ ਸਨ। ਸੂਤਰਾਂ ਮੁਤਾਬਕ ਧਮਾਕੇ ਉਪਰੰਤ ਪੀਲੇ ਰੰਗ ਦਾ ਪਾਊਡਰ ਮਿਲਿਆ ਹੈ ਜਿਸ ਨੂੰ ਪਿਕਰਿਕ ਐਸਿਡ ( ਵਿਸਫੋਟਕ ਰਸਾਇਣ ) ਮੰਨਿਆ ਜਾ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਗੁਰਪ੍ਰੀਤ ਨੇ ਇਹ ਖਤਰਨਾਕ ਰਸਾਇਣ ਆਨਲਾਈਨ ਮੰਗਵਾਏ ਸਨ । ਯੂਟਿਊਬ ਵੀਡੀਓ ਦੇਖਣ ਰਾਹੀਂ ਰਸਾਇਣਾਂ ਨੂੰ ਮਿਲਾਕੇ ਬੰਬ ਬਣਾ ਰਿਹਾ ਸੀ ਜਿਸ ’ਚ ਹੋਏ ਧਮਾਕਿਆਂ ਕਾਰਨ ਪਿਓ ਪੁੱਤ ਬੁਰੀ ਤਰਾਂ ਝੁਲਸ ਗਏ ਸਨ।
ਦੋ ਕਠੂਆ ਵਾਸੀ ਹਿਰਾਸਤ ’ਚ
ਪੁਲਿਸ ਸੂਤਰਾਂ ਮੁਤਾਬਕ ਵਿਸਫੋਟਕ ਸਮੱਗਰੀ ਤੋਂ ਗੁਰਪ੍ਰੀਤ ਸਿੰਘ ਇੱਕ ਬੈਲਟ ਬਣਾ ਰਿਹਾ ਸੀ ਜੋ ਉਸ ਨੇ ਕਠੂਆ ਲਿਜਾਣੀ ਸੀ। ਵਿਸਫੋਟਕ ਪਦਾਰਥਾਂ ਤੋਂ ਤਿਆਰ ਵਸਤੂ ਨਾਲ ਕਠੂਆ ’ਚ ਕੁੱਝ ਕਰਨ ਸਬੰਧੀ ਖੁਲਾਸਾ ਗੁਰਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਹੋ ਸਕੇਗਾ। ਉਂਜ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਗੁਰਪ੍ਰੀਤ ਕਸ਼ਮੀਰ ’ਚ ਤਾਇਨਾਤ ਫੌਜ ਤੋਂ ਖਫਾ ਸੀ । ਕਸ਼ਮੀਰੀਆਂ ਨਾਲ ਕੀਤੇ ਜਾ ਰਹੇ ਕਥਿਤ ਧੱਕੇ ਕਾਰਨ ਉਹ ਫੌਜ ਤੇ ਹਮਲਾ ਕਰਨਾ ਚਾਹੁੰਦਾ ਸੀ। ਸੂਤਰਾਂ ਨੇ ਦੱਸਿਆ ਹੈ ਕਿ ਪੁਲਿਸ ਨੇ ਕਠੂਆ ਤੋਂ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਵੀ ਲਿਆ ਹੈ ਪਰ ਪੁਲਿਸ ਅਫਸਰ ਇਸ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹਨ।
ਮਨੁੱਖੀ ਬੰਬ ਦੀਆਂ ਘਟਨਾਵਾਂ
ਪੰਜਾਬ ’ਚ ਖਾੜਕੂਆਂ ਨੇ ਮਨੁੱਖੀ ਬੰਬ ਬਣਕੇ ਤੱਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਇਸੇ ਤਰਾਂ ਹੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਕਤਲ ਵੀ ਮਨੁੱਖੀ ਬੰਬ ਵਿਧੀ ਰਾਹੀਂ ਕੀਤਾ ਗਿਆ ਸੀ। ਵਿਸ਼ਵ ’ਚ ਮਾਨਵ ਬੰਬ ਬਣਨ ਦੀਆਂ ਕਾਫੀ ਉਦਾਹਰਨਾ ਮੌਜੂਦ ਹਨ ਅਤੇ ਇਸਲਾਮਿਕ ਸੰਗਠਨਾਂ ਵਿੱਚ ਵੀ ਮਨੁੱਖੀ ਬੰਬ ਬਣਨ ਦੇ ਤੱਥ ਸਾਹਮਣੇ ਆਉਂਦੇ ਰਹਿੰਦੇ ਹਨ।
ਡੂੰਘਾਈ ਨਾਲ ਜਾਂਚ ਜਾਰੀ:ਐਸਐਸਪੀ
ਐਸਐਸਪੀ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਮਾਮਲੇ ਦੇ ਹਰ ਪਹਿਲੂ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਐਨਆਈ ਦੇ ਇੱਕ ਡੀਐਸਪੀ ਨੇ ਵੀ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ ਹੈ। ਉਨ੍ਹਾਂ ਦੱਸਿਆ ਕਿ ਘਰ ਨੂੰ ਸੁਰੱਖਿਅਤ ਐਲਾਨਣ ਲਈ ਵਿਸਫੋਟਕ ਨਾਕਾਰਾ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਦੇ ਬੈਂਕ ਖਾਤਿਆਂ ਨੂੰ ਖੰਘਾਲਣ ਸਬੰਧੀ ਹਾਲੇ ਪ੍ਰਵਾਨਗੀ ਨਹੀਂ ਮਿਲੀ ਹੈ।