ਮਨਜਿੰਦਰ ਸਿੰਘ ਸਿਰਸਾ ਨੇ ਅਮਨ ਅਰੋੜਾ ਨੂੰ ਭੇਜਿਆ ਕਾਨੂੰਨੀ ਨੋਟਿਸ
ਕਿਹਾ ਕਿ 24 ਘੰਟਿਆਂ ’ਚ ਬਿਆਨ ਵਾਪਸ ਲਵੋ ਤੇ ਮੁਆਫੀ ਮੰਗੋ ਨਹੀਂ ਤਾਂ ਕਾਨੂੰਨੀ ਕੇਸ ਦਾ ਸਾਹਮਣਾ ਕਰੋ
ਚੰਡੀਗੜ੍ਹ, 11 ਜੁਲਾਈ: ਦਿੱਲੀ ਦੇ ਕੈਬਨਿਟ ਮੰਤਰੀ ਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਉਹਨਾਂ ਖਿਲਾਫ ਝੂਠੇ, ਆਧਾਰਹੀਣ, ਗੁੰਮਰਾਹਕੁੰਨ ਤੇ ਅਪਮਾਨਯੋਗ ਦੋਸ਼ ਲਾਉਣ ’ਤੇ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਆਪਣੇ ਵਕੀਲ ਯੋਗਿੰਦਰ ਹਾਂਡੂ ਰਾਹੀਂ ਭੇਜੇ ਨੋਟਿਸ ਵਿਚ ਅਮਨ ਅਰੋੜਾ ਵੱਲੋਂ ਦੁਸ਼ਪ੍ਰਚਾਰ ਵਾਸਤੇ ਦੋਸ਼ਾਂ ਨੂੰ ਰਿਕਾਰਡ ’ਤੇ ਲਿਆ ਗਿਆ ਤੇ ਅਰੋੜਾ ਨੂੰ ਆਖਿਆ ਗਿਆ ਕਿ ਉਹ 24 ਘੰਟਿਆਂ ਦੇ ਅੰਦਰ-ਅੰਦਰ ਆਪਣੇ ਬਿਆਨ ਵਾਪਸ ਲੈਣ ਅਤੇ ਮੁਆਫੀ ਮੰਗਣ ਨਹੀਂ ਤਾਂ ਕਾਨੂੰਨੀ ਕੇਸ ਦਾ ਸਾਹਮਣਾ ਕਰਨ।
ਨੋਟਿਸ ਵਿਚ ਕਿਹਾ ਗਿਆ ਕਿ ਮਨਜਿੰਦਰ ਸਿੰਘ 3 ਵਾਰ ਦੇ ਦਿੱਲੀ ਵਿਧਾਨ ਸਭਾ ਦੇ ਐਮ ਐਲ ਏ ਹਨ ਤੇ ਮੌਜੂਦਾ ਸਮੇਂ ਵਿਚ ਦਿੱਲੀ ਸਰਕਾਰ ਵਿਚ ਉਦਯੋਗ, ਫੂਡ ਅਤੇ ਸਪਲਾਈ, ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵਨ ਮਹਿਕਮਿਆਂ ਦੇ ਮੰਤਰੀ ਹਨ। ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਪਿਛਲੇ ਸਮੇਂ ਦੌਰਾਨ ਜਨਤਕ ਜੀਵਨ ਵਿਚ ਲੋਕਾਂ ਦੀ ਸੇਵਾ ਕਰਦਿਆਂ ਉਹਨਾਂ ਨੇ ਬਹੁਤ ਮਾਣ ਸਨਮਾਨ ਕਮਾਇਆ ਹੈ ਤੇ ਸਮਾਜ ਵਿਚ ਉਹਨਾਂ ਦੀ ਵੱਡੀ ਸੋਭਾ ਹੈ।
ਨੋਟਿਸ ਵਿਚ ਕਿਹਾ ਗਿਆ 10 ਜੁਲਾਈ ਨੂੰ ਅਮਨ ਅਰੋੜਾ ਨੇ ਮੀਡੀਆ ਨੂੰ ਬਿਆਨ ਦਿੱਤਾ ਜਿਸ ਵਿਚ ਸਿਰਸਾ ਦਾ ਨਾਂ ਖ਼ਤਰਨਾਕ ਅਪਰਾਧੀਆਂ ਤੇ ਗੈਂਗਸਟਰਾਂ ਨਾਲ ਜੋੜਦਿਆਂ ਉਹਨਾਂ ਖਿਲਾਫ ਝੂਠੇ, ਦੁਸ਼ਪ੍ਰਚਾਰ ਵਾਲੇ ਤੇ ਅਪਮਾਨਯੋਗ ਬਿਆਨ ਦਿੱਤੇ ਗਏ।
ਇਹ ਬਿਆਨ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਇਹ ਬਿਆਨ ਸਾਂਝੇ ਕੀਤੇ ਗਏ ਜਿਹਨਾਂ ਵਿਚ ਅਰੋੜਾ ਮੰਦੀ ਤੇ ਇਤਰਾਜ਼ਯੋਗ ਸ਼ਬਦਾਵਲੀ ਸੁਣਦੇ ਵਿਖਾਈ ਦਿੰਦੇ ਹਨ। ਨੋਟਿਸ ਵਿਚ ਕਿਹਾ ਗਿਆ ਕਿ ਇਹ ਦੁਸ਼ਪ੍ਰਚਾਰ ਸਿਰਫ ਮਨਜਿੰਦਰ ਸਿੰਘ ਸਿਰਸਾ ਨੂੰ ਗੈਂਗਸਟਰਾਂ ਦਾ ਰਾਖਾ ਤੇ ਪ੍ਰੇਮੀ ਦਰਸਾਉਣ ਵਾਸਤੇ ਕੀਤਾ ਗਿਆ ਜਦੋਂ ਕਿ ਅਰੋੜਾ ਜਾਣਦੇ ਹਨ ਕਿ ਸੱਚਾਈ ਇਹ ਨਹੀਂ ਹੈ।
ਨੋਟਿਸ ਵਿਚ ਅਰੋੜਾ ਨੂੰ ਆਖਿਆ ਗਿਆ ਕਿ ਉਹ ਆਪਣੀ ਬਿਆਨਬਾਜ਼ੀ ਬੰਦ ਕਰਨ, ਪਹਿਲਾਂ ਦਿੱਤੇ ਸਾਰੇ ਬਿਆਨ ਡਲੀਟ ਕਰਨ ਅਤੇ ਸੋਸ਼ਲ ਮੀਡੀਆ ’ਤੇ 24 ਘੰਟਿਆਂ ਅੰਦਰ ਮੁਆਫੀ ਮੰਗਣ ਨਹੀਂ ਤਾਂ ਫਿਰ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।