Big News: ਸਰਕਾਰੀ ਬੱਸਾਂ ਦੀ ਹੋਈ ਹੜਤਾਲ - ਧਨਾਢਾਂ ਦੀ ਬੱਸ ਸੇਵਾ ਮਲਾਈ ਛਕਣ ਨਾਲ ਹੋਈ ਮਾਲਾ ਮਾਲ
ਅਸ਼ੋਕ ਵਰਮਾ
ਬਠਿੰਡਾ, 9 ਜੁਲਾਈ2025: ਬਠਿੰਡਾ ਜਿਲ੍ਹੇ ’ਚ ਅੱਜ ਪ੍ਰਾਈਵੇਟ ਬੱਸ ਮਾਲਕਾਂ ਖਾਸ ਤੌਰ ਤੇ ਧਨਾਢ ਪ੍ਰੀਵਾਰਾਂ ਦੀ ਟਰਾਂਸਪੋਰਟ ਨੇ ਸਵਾਰੀਆਂ ਦੇ ਪੱਖ ਤੋਂ ਪੂਰਾ ਦਿਨ ਕਮਾਈ ਵਾਲੀ ਮਲਾਈ ਰੱਜ ਕੇ ਛਕੀ ਕਿਉਂਕਿ ਸਰਕਾਰੀ ਬੱਸਾਂ ਤੇ ਕੰਮ ਕਰਨ ਵਾਲੇ ਠੇਕਾ ਅਧਾਰਿਤ ਮੁਲਾਜਮਾਂ ਵੱਲੋਂ ਅੱਜ ਹੜਤਾਲ ਰੱਖੀ ਗਈ। ਹਾਲਾਂਕਿ ਪੰਜਾਬ ਸਰਕਾਰ ਨੇ ਮੁਲਾਜਮ ਜੱਥੇਬੰਦੀਆਂ ਨੂੰ ਅੱਜ ਸ਼ਾਮ ਨੂੰ ਗੱਲਬਾਤ ਲਈ ਸੱਦ ਲਿਆ ਹੈ ਜਿਸ ਦੇ ਬੇਸਿੱਟਾ ਰਹਿਣ ਕਾਰਨ ਅਗਲੇ ਦੋ ਦਿਨ ਸਰਕਾਰੀ ਬੱਸ ਸੇਵਾ ਬੰਦ ਰਹਿਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਮੁਲਾਜ਼ਮ ਠੇਕੇਦਾਰੀ ਪ੍ਰਣਾਲੀ ਖਤਮ ਕਰਕੇ ਖੁਦ ਨੂੰ ਰੈਗੂਲਰ ਕਰਨ, ਤਨਖਾਹਾਂ ਵਿੱਚ ਇਕਸਾਰਤਾ ਲਿਆਉਣ ਅਤੇ ਕਿਲੋਮੀਟਰ ਸਕੀਮ ਬੱਸਾਂ ਦੀ ਥਾਂ ਸਰਕਾਰੀ ਬੱਸਾਂ ਦੀ ਗਿਣਤੀ ਵਧਾਉਣ ਦੀ ਮੰਗ ਲਈ ਤਿੰਨ ਰੋਜਾ ਹੜਤਾਲ ਦੇ ਪਹਿਲੇ ਦਿਨ ਧਰਨਿਆਂ ਮੁਜਾਹਰਿਆਂ ਦੌਰਾਨ ਜਿੰਦਾਬਾਦ ਮੁਰਦਾਬਾਦ ਦਾ ਦੌਰ ਚਲਾ ਰਹੇ ਸਨ।

ਮੁਲਾਜਮ ਆਗੂਆਂ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਤੰਗ ਪੇ੍ਰਸ਼ਾਨ ਨਹੀਂ ਕਰਨਾ ਚਾਹੁੰਦੇ ਹਨ, ਇਹ ਤਾਂ ਸਰਕਾਰੀ ਨੀਤੀ ਤੇ ਨੀਅਤ ਨੇ ਉਨ੍ਹਾਂ ਨੂੰ ਇਸ ਰਾਹ ਪੈਣ ਲਈ ਮਜਬੂਰ ਕੀਤਾ ਹੈ। ਓਧਰ ਹੜਤਾਲ ਦੇ ਪਹਿਲੇ ਦਿਨ ਪੀ.ਆਰ.ਟੀ.ਸੀ ਬਠਿੰਡਾ ਡਿਪੂ ਦੇ ਰੈਗੂਲਰ ਸਟਾਫ ਨੇ ਮੁਸ਼ਕਲ ਨਾਲ 15 ਕੁ ਰੂਟਾਂ ਤੇ ਬੱਸ ਸੇਵਾ ਚਲਾਈ ਜਦੋਂਕਿ ਬਾਕੀ ਰੂਟ ਇੱਕ ਤਰਾਂ ਨਾਲ ਪ੍ਰਾਈਵੇਟ ਕੰਪਨੀਆਂ ਲਈ ਖੁੱਲ੍ਹੇ ਛੱਡੇ ਹੋਏ ਸਨ। ਸਰਕਾਰੀ ਬੱਸਾਂ ਦੀ ਗੈਰਹਾਜ਼ਰੀ ਵਿੱਚ ਪ੍ਰਾਈਵੇਟ ਬੱਸ ਮਾਲਕਾਂ ਨੇ ਸਵਾਰੀਆਂ ਦੇ ਪੱਖ ਤੋਂ ਖ਼ੂਬ ਮੌਜਾਂ ਲੁੱਟਦੀਆਂ ਰਹੀਆਂ। ਖਾਸ ਕਰਕੇ ਵੱਡੇ ਘਰਾਣਿਆਂ ਦੀਆਂ ਬੱਸਾਂ ਵਿੱਚ ਬੁਕਿੰਗ ਚੰਗੀ ਰਹੀ ਜੋ ਸਰਕਾਰੀ ਬੱਸਾਂ ਕਾਰਨ ਅਕਸਰ ਹਲਕੀ ਰਹਿੰਦੀ ਸੀ। ਸੂਤਰ ਦੱਸਦੇ ਹਨ ਕਿ ਹੜਤਾਲ ਦੀ ਵੱਡੀ ਮਾਰ ਪੀ.ਆਰ.ਟੀ.ਸੀ ਦੇ ਬਠਿੰਡਾ ਡਿੱਪੂ ਨੂੰ ਪਈ ਹੈ ਜਿੱਥੇ ਬਾਦਲ ਪ੍ਰੀਵਾਰ ਸਮੇਤ ਵੱਖ ਵੱਖ ਟਰਾਂਸਪੋਰਟ ਕੰਪਨੀਆਂ ਦਾ ਵੱਡਾ ਗਲਬਾ ਅਤੇ ਦਬਦਬਾ ਹੈ।
ਬੱਸ ਅੱਡਿਆਂ ‘ਤੇ ਬਣੀ ਭੀੜ ਦਾ ਫਾਇਦਾ ਪ੍ਰਾਈਵੇਟ ਬੱਸ ਕੰਪਨੀਆਂ ਤੋਂ ਇਲਾਵਾ ਬਾਦਲ ਪਰਿਵਾਰ ਦੀਆਂ ਬੱਸਾਂ ਨੇ ਖ਼ੂਬ ਫਾਇਦਾ ਉਠਾਇਆ। ਲਿੰਕ ਸੜਕਾਂ ‘ਤੇ ਚੱਲਣ ਵਾਲੀਆਂ ਸਰਕਾਰੀ ਬੱਸਾਂ ਦੀ ਗੈਰਹਾਜ਼ਰੀ ਵਿੱਚ ਲੋਕ ਬੱਸ ਅੱਡਿਆਂ ‘ਤੇ ਖੱਜਲ-ਖੁਆਰ ਹੋਏ ਜਦੋਂਕਿ ਪ੍ਰੇਸ਼ਾਨੀ ਦੇ ਆਲਮ ਵਿੱਚ ਮਹਿਲਾ ਮੁਸਾਫਰਾਂ ਨੂੰ ਪ੍ਰਾਈਵੇਟ ਬੱਸਾਂ ’ਚ ਕਿਰਾੲਆ ਅਦਾ ਕਰਕੇ ਸਫਰ ਕਰਨਾ ਪਿਆ। ਹੜਤਾਲ ਕਾਰਨ ਸਰਕਾਰੀ ਬੱਸਾਂ ਦੀ ਗੈਰਹਾਜ਼ਰੀ ’ਚ ਜਿਆਦਾਤਰ ਔਰਤਾਂ ਜੱਕੋ ਤਕੀ ਤੋਂ ਬਾਅਦ ਪ੍ਰਾਈਵੇਟ ਬੱਸਾਂ ’ਚ ਬੈਠੀਆਂ ਜਦੋਂਕਿ ਕਈਆਂ ਨੇ ਹੜਤਾਲ ਨੂੰ ਭਾਣਾ ਮੰਨਕੇ ਸਮਾਂ ਰਹਿੰਦਿਆਂ ਆਪਣੀ ਮੰਜਿਲ ਤੇ ਪੁੱਜਣ ਨੂੰ ਤਰਜੀਹ ਦਿੱਤੀ। ਬਿਰਧ ਦਲੀਪ ਕੌਰ ਦਾ ਕਹਿਣਾ ਸੀ ਕਿ ਅੱਜ ਉਸ ਨੂੰ ਪਹਿਲੀ ਵਾਰ ਪੈਸੇ ਦੇ ਕੇ ਸਫਰ ਕਰਨਾ ਪਿਆ ਹੈ। ਇਹ ਬਜ਼ੁਰਗ ਔਰਤ ਆਪਣੀ ਧੀਅ ਕੋਲ ਰੋਪੜ ਜਾ ਰਹੀ ਸੀ ਜਿੱਥੇ ਉਸ ਦੇ ਦੋਹਤੇ ਦਾ ਜਨਮ ਦਿਨ ਮਨਾਉਣ ਲਈ ਵੱਡਾ ਸਮਾਗਮ ਰੱਖਿਆ ਹੋਇਆ ਸੀ।
ਮਹੱਤਵਪੂਰਨ ਤੱਥ ਹੈ ਕਿ ਨਿੱਜੀ ਬੱਸਾਂ ਦਾ ਸਟਾਫ ਔਰਤਾਂ ਦੇ ਬੱਸ ’ਚ ਬੈਠਣ ਤੋਂ ਪਹਿਲਾਂ ਹੀ ਅਧਾਰ ਕਾਰਡ ਨਾਂ ਚੱਲਣ ਸਬੰਧੀ ਚਿਤਾਵਨੀ ਅਤੇ ਅਗਲੇ ਦੋ ਦਿਨ ਸਰਕਾਰੀ ਬੱਸਾਂ ਬੰਦ ਰਹਿਣ ਬਾਰੇ ਵੀ ਪ੍ਰਚਾਰ ਕਰ ਰਿਹਾ ਸੀ। ਲੋਕਾਂ ਨੇ ਸਵਾਲ ਕੀਤਾ ਕਿ ਇਹ ਕੇਹਾ ਬਦਲਾਅ ਹੈ ਕਿ ਆਮ ਆਦਮੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੈ। ਮੁਸਾਫਰਾਂ ਨੇ ਆਖਿਆ ਕਿ ਜਦੋਂ ਸਰਕਾਰ ਨੂੰ ਹੜਤਾਲ ਦਾ ਪਤਾ ਸੀ ਤਾਂ ਮੁਲਾਜਮਾਂ ਨਾਲ ਗੱਲਬਾਤ ਕਰਕੇ ਆਮ ਲੋਕਾਂ ਖੱਜਲ ਖੁਆਰੀ ਤੋਂ ਬਚਾਉਣ ਦੇ ਯਤਨ ਕਰਨੇ ਚਾਹੀਦੇ ਸਨ। ਓਧਰ ਪੀਆਰਟੀਸੀ ਦੀ ਰੋਜ਼ਾਨਾ ਦੀ ਆਮਦਨੀ ਨੂੰ ਖੋਰਾ ਲੱਗਾ ਹੈ ਜਦੋਂਕਿ ਪ੍ਰਾਈਵੇਟ ਘਰਾਣਿਆਂ ਦੀਆਂ ਜੇਬਾਂ ਭਰੀਆਂ ਹਨ। ਬੱਸਾਂ ਬੰਦ ਹੋਣ ਕਾਰਨ ਇਕੱਲੇ ਬਠਿੰਡਾ ਡਿਪੂ ਨੂੰ ਅੰਦਾਜ਼ਨ 35 ਤੋਂ 40 ਲੱਖ ਘਾਟਾ ਪੈਣ ਦਾ ਅਨੁਮਾਨ ਲਾਇਆ ਗਿਆ ਹੈ ਜਦੋਂਕਿ ਬਾਕੀ ਡਿਪੂਆਂ ਸਣੇ ਲੱਗਣ ਵਾਲਾ ਰਗੜਾ ਕਰੋੜਾਂ ਬਣਦਾ ਹੈ।
ਮੁੱਖ ਮੰਤਰੀ ਦਾ ਮਹੀਨਾ ਨੀਂ ਆਇਆ
ਬਠਿੰਡਾ ਡਿਪੂ ’ਤੇ ਗੇਟ ਰੈਲੀ ਦੌਰਾਨ ਸੂਬਾ ਆਗੂ ਕੁਲਵੰਤ ਸਿੰਘ ਮਨੇਸ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਨੇ ਇੱਕ ਮਹੀਨੇ ਵਿੱਚ ਮੰਗਾਂ ਦਾ ਹੱਲ ਕੱਢਣ ਦੀ ਗੱਲ ਆਖੀ ਸੀ, ਪਰ ਹੁਣ ਤੱਕ ਕੋਈ ਡੱਕਾ ਤੋੜਕੇ ਦੂਹਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਠੇਕੇਦਾਰੀ ਪ੍ਰਣਾਲੀ ਰਾਹੀਂ ਮੁਲਾਜ਼ਮਾਂ ਦਾ ਸ਼ੋਸਣ ਕਰ ਰਹੀ ਹੈ ਅਤੇ ਨਵੇਂ ਠੇਕੇਦਾਰ ਲਿਆਕੇ ਭ੍ਰਿਸ਼ਟਚਾਰ ਰਾਹੀਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਡਿੱਪੂ ਪ੍ਰਧਾਨ ਰਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਕਮੇਟੀਆਂ ਬਣਾਉਣ ਅਤੇ ਲਾਰੇ ਲਾ ਕੇ ਸਮਾਂ ਗੁਜ਼ਾਰਨ ’ਚ ਲੱਗੀ ਹੋਈ ਹੈ ਪਰ ਮੰਗਾਂ ਨਹੀਂ ਮੰਨੀਆਂ ਗਈਆਂ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ।
ਸਰਕਾਰੀ ਬੱਸਾਂ ਬਚਾਉਣ ਦੀ ਲੜਾਈ
ਪੀਆਰਟੀਸੀ/ਪੰਜਾਬ ਰੋਡਵੇਜ਼/ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂ ਅੰਗਰੇਜ਼ ਸਿੰਘ ਦਾ ਕਹਿਣਾ ਸੀ ਕਿ ਇਹ ਲੜਾਈ ਸਿਰਫ ਠੇਕਾ ਅਧਾਰਤ ਮੁਲਾਜਮਾਂ ਦੀ ਨਹੀਂ ਬਲਕਿ ਸਰਕਾਰੀ ਟਰਾਂਸਪੋਰਟ ਸੇਵਾ ਨੂੰ ਬਚਾਉਣ ਲਈ ਵਿੱਢਿਆ ਸੰਘਰਸ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨਾ ਜਾਰੀ ਰੱਖਿਆ ਤਾਂ ਸੰਘਰਸ਼ ਤੇਜ ਕੀਤਾ ਜਾਏਗਾ।
ਆਮ ਆਦਮੀ ਦੀ ਖੱਜਲਖੁਆਰੀ:ਮਾਹੀਪਾਲ
ਦਿਹਾਤੀ ਮਜਦੂਰ ਸਭਾ ਦੇ ਆਗੂ ਕਾਮਰੇਡ ਮਾਹੀਪਾਲ ਦਾ ਕਹਿਣਾ ਸੀ ਕਿ ਸਰਕਾਰੀ ਬੱਸਾਂ ਬੰਦ ਰਹਿਣ ਕਰਕੇ ਔਰਤਾਂ ਨੂੰ ਪ੍ਰਾਈਵੇਟ ਬੱਸਾਂ ‘ਚ ਸਫਰ ਕਰਨਾ ਪਿਆ ਹੈ । ਉਨ੍ਹਾਂ ਕਿਹਾ ਕਿ ਬਦਲਾਅ ਦੀਆਂ ਗੱਲਾਂ ਕਰਨ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਕੀ ਸਾਬਤ ਕਰਨਾ ਚਾਹੁੰਦੀ ਹੈ।