ਲਾਲੜੂ ਮੰਡੀ 'ਚ ਨੌਜਵਾਨ ਦੁਕਾਨਦਾਰ ਵੱਲੋਂ ਖੁਦਕੁਸ਼ੀ
ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ
ਮਲਕੀਤ ਸਿੰਘ ਮਲਕਪੁਰ
ਲਾਲੜੂ 25 ਮਈ 2025: ਲਾਲੜੂ ਮੰਡੀ ਵਿੱਚ ਕੰਨਫੈਕਸਨਰੀ ਦੀ ਦੁਕਾਨ ਚਲਾਉਣ ਵਾਲੇ ਇੱਕ ਨੌਜਵਾਨ ਨੇ ਆਪਣੀ ਦੁਕਾਨ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਸ਼ਨੀਵਾਰ ਸ਼ਾਮ ਨੂੰ ਦੁਕਾਨ ਵਿੱਚ ਪੱਖੇ ਨਾਲ ਬੰਨ੍ਹੇ ਕੱਪੜੇ ਦੇ ਰੱਸੇ ਨਾਲ ਲਟਕਦੀ ਮਿਲੀ। ਖੁਦਕੁਸ਼ੀ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ 30 ਸਾਲਾ ਸਤਵੰਤ ਸਿੰਘ, ਜੋ ਕਿ ਧਰਮਗੜ੍ਹ ਪਿੰਡ ਦੇ ਵਸਨੀਕ ਬਲਦੇਵ ਸਿੰਘ ਦਾ ਪੁੱਤਰ ਸੀ, ਲਾਲੜੂ ਮੰਡੀ ਵਿਖੇ ਪਿਛਲੇ ਕਾਫੀ ਸਮੇਂ ਤੋਂ ਕੰਨਫੈਕਸਨਰੀ ਦੀ ਦੁਕਾਨ ਚਲਾ ਰਿਹਾ ਸੀ। ਦੁਪਹਿਰ ਵੇਲੇ ਉਸ ਨੇ ਅਚਾਨਕ ਫ਼ੋਨ ਚੁੱਕਣਾ ਬੰਦ ਕਰ ਦਿੱਤਾ, ਜਿਸ 'ਤੇ ਉਸਦੇ ਪਰਿਵਾਰਕ ਮੈਂਬਰ ਦੁਕਾਨ 'ਤੇ ਪੁੱਜੇ ਅਤੇ ਸਤਵੰਤ ਸਿੰਘ ਦੀ ਲਾਸ਼ ਦੁਕਾਨ ਦੇ ਪੱਖੇ ਨਾਲ ਲਟਕਦੀ ਹੋਈ ਮਿਲੀ। ਪੁਲਿਸ ਦੇ ਆਉਣ ਤੋਂ ਪਹਿਲਾਂ ਪਰਿਵਾਰ ਲਾਸ਼ ਨੂੰ ਹੇਠਾਂ ਉਤਾਰ ਕੇ ਐਮਐਮ ਹਸਪਤਾਲ, ਸੱਦੋਪੁਰ, ਜਿਲ੍ਹਾਅੰਬਾਲਾ ਲੈ ਗਿਆ, ਜਿੱਥੇ ਡਾਕਟਰ ਨੇ ਸਤਵੰਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਂਚ ਅਧਿਕਾਰੀ ਏਐਸਆਈ ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਮ੍ਰਿਤਕ ਦੇ ਕੋਲ ਕੋਈ ਖੁਦਕੁਸ਼ੀ ਨੋਟ ਮਿਲਿਆ ਹੈ। ਪੁਲਿਸ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰੱਖਵਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਐਤਵਾਰ ਨੂੰ ਕੀਤਾ ਜਾਵੇਗਾ।