ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ:ਛੇਵੀਂ ਵਿਖੇ ਚਾਰ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਸਰਧਾ ਭਾਵਨਾ ਨਾਲ ਮਨਾਇਆ
ਅੰਮ੍ਰਿਤਸਰ:- 16 ਮਈ 2025 - ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਉਤਸ਼ਾਹ ਪ੍ਰੇਰਨਾ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਬੀਆਂ ਦੀਆਂ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ਼ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਅੱਜ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਗੁ: ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਪੂਰਨ ਸਰਧਾ ਸਤਿਕਾਰ ਤੇ ਨਿਮਰ ਭਾਵਨਾ ਨਾਲ ਗੁਰੂ ਦੇ ਜਸ ਗਾਉਂਦਿਆਂ ਮਨਾਇਆ ਗਿਆ।
ਬੀਬੀ ਕੌਲਾਂ ਜੀ ਭਲਾਈ ਕੇਂਦਰ ਸੁਖਮਨੀ ਸੇਵਾ ਸੁੁਸਾਇਟੀ ਦੀ ਮੁਖੀ ਬੀਬੀ ਪਰਮਜੀਤ ਕੌਰ ਪੰਮਾ ਦੇ ਜਥੇ ਸਮੇਤ ਹੋਰ ਵੀ ਵੱਖ-ਵੱਖ ਸੁਖਮਨੀ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਇਸ ਗੁਰਮਤਿ ਸਮਾਗਮ ਵਿੱਚ ਸਮੂਲੀਅਤ ਕੀਤੀ। ਗੁਰਦੁਆਰਾ ਸਾਹਿਬ ਵੱਲੋਂ ਗੁਰੂ ਕੇ ਲੰਗਰ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੀਆਂ ਸੇਵਾਵਾਂ ਅਤੁੱਟ ਵਰਤੀਆਂ। ਬੀਬੀ ਪਰਮਜੀਤ ਕੌਰ ਪੰਮਾ ਦੇ ਜਥੇ ਦੀਆਂ ਬੀਬੀਆਂ ਨੇ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਗੁਰੂ ਸਾਹਿਬਾਨਾਂ ਦੇ ਰਚਿਤ ਸ਼ਬਦਾਂ ਨੂੰ ਮਿੱਠੀ ਤੇ ਰਸੀਲੀ ਸੁਰ ਵਿੱਚ ਸੰਗਤੀ ਰੂਪ ਵਿੱਚ ਕੀਰਤਨ ਕੀਤਾ। ਵਾਰ ਵਾਰ ਖਾਲਸਾਈ ਜੈਕਾਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਗੁਰਬਰ ਅਕਾਲ ਸਤਿ ਸ੍ਰੀ ਅਕਾਲ ਨੇ ਗੁਰਦੁਆਰਾ ਸਾਹਿਬ ਵਿਚ ਵਖਰਾ ਮਾਹੌਲ ਸਿਰਜ ਦਿੱਤਾ।
ਇਸ ਮੌਕੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਚਾਰ ਗੁਰੂ ਸਾਹਿਬਾਨ ਦੇ ਜੀਵਨ ਤੇ ਉਨ੍ਹਾਂ ਵੱਲੋਂ ਮਨੁੱਖਤਾ ਲਈ ਘਾਲੀਆ ਘਾਲਨਾਵਾਂ ਬਾਰੇ ਭਾਵਪੂਰਤ ਤਰੀਕੇ ਨਾਲ ਆਪਣੇ ਸੰਬੋਧਨ ਰਾਹੀਂ ਸੰਗਤਾਂ ਨਾਲ ਸਾਂਝ ਪਾਈ। ਉਨ੍ਹਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਬੁੱਢਾ ਦਲ ਦੇ ਚੌਥੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਏਸੇ ਅਸਥਾਨ ਤੇ ਸ੍ਰੀ ਅਖੰਡ ਸਾਹਿਬ ਅਰੰਭ ਕੀਤੇ ਗਏ ਹਨ ਜਿਨ੍ਹਾਂ ਦੇ ਭੋਗ 18 ਮਈ ਨੂੰ ਪੈਣਗੇ, ਉਪਰੰਤ ਗੁਰਮਤਿ ਸਮਾਗਮ ਹੋਵੇਗਾ। ਉਨ੍ਹਾਂ ਸਭਨਾਂ ਬੀਬੀਆਂ ਨੂੰ ਹੁੰਮਹੁੰਮਾ ਪੁਜਣ ਦੀ ਅਪੀਲ ਕੀਤੀ। ਉਪਰੰਤ ਬੁੱਢਾ ਦਲ ਵੱਲੋਂ ਬੀਬੀ ਪਰਮਜੀਤ ਕੌਰ ਪੰਮਾ ਨਿਊ ਅੰਮ੍ਰਿਤਸਰ, ਬੀਬੀ ਪਰਮਜੀਤ ਕੌਰ ਪਿੰਕੀ ਜਥਾ ਚਰਨ ਕਵੰਲ ਬੀਬੀਆਂ ਸ੍ਰੀ ਦਰਬਾਰ ਸਾਹਿਬ, ਬੀਬੀ ਸੁਖਜੀਤ ਕੌਰ ਰੋਜ਼ੀ, ਬੀਬੀ ਹਰਪ੍ਰੀਤ ਕੌਰ ਮੁਖੀ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਸੇਵਾ ਸੁਸਾਇਟੀ ਅਤੇ ਬੀਬੀ ਤੇਜ ਕੌਰ ਨੂੰ ਵਿਸ਼ੇਸ਼ ਯਾਦਗਾਰੀ ਸਨਮਾਨ ਚਿੰਨ੍ਹ ਤੇ ਸਿਰਪਾਓ ਨਾਲ ਸਨਮਾਨਿਤ ਕੀਤਾ। ਬੀਬੀਆਂ ਦੇ ਜਥਿਆਂ ਵੱਲੋਂ ਗੁ: ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਪ੍ਰਵਾਹ ਨਿਰੰਤਰ ਚੱਲ ਰਹੇ ਹਨ। ਇਸ ਸਮੇਂ ਬਾਬਾ ਭਗਤ ਸਿੰਘ, ਬਾਬਾ ਅਮਰੀਕ ਸਿੰਘ, ਸ. ਪਰਮਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ।