ਯੁੱਧ ਨਸ਼ਿਆਂ ਵਿਰੁੱਧ: ਬਠਿੰਡਾ ਪੁਲਿਸ ਨੇ ਇੱਕ ਕਿੱਲੋ ਅਫੀਮ ਸਮੇਤ ਦਬੋਚੇ ਤਿੰਨ ਨਸ਼ਾ ਤਸਕਰ
ਅਸ਼ੋਕ ਵਰਮਾ
ਬਠਿੰਡਾ,16ਮਈ2025:ਬਠਿੰਡਾ ਪੁਲਿਸ ਨੇ ਨਸ਼ਿਆਂ ਖਿਲਾਫ ਕਾਰਵਾਈ ਕਰਦਿਆਂ ਇੱਕ ਕਿੱਲੋ ਅਫੀਮ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਇੰਦਰਜੀਤ ਸਿੰਘ ਵਾਸੀ ਅਮਰਪੁਰਾ ਬਸਤੀ, ਰਣਜੀਤ ਸਿੰਘ ਉਰਫ ਜੀਤ ਪੁੱਤਰ ਭੋਲਾ ਸਿੰਘ ਵਾਸੀ ਸੰਗਤ ਖੁਰਦ ਅਤੇ ਜਗਤਾਰ ਸਿੰਘ ਉਰਫ ਗੋਬਿੰਦ ਪੁੱਤਰ ਜੋਗਿੰਦਰ ਸਿੰਘ ਵਾਸੀ ਮਾਹੀਨੰਗਲ ਦੇ ਤੌਰ ਤੇ ਹੋਈ ਹੈ ਜਿੰਨ੍ਹਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਵੀ ਸਾਹਮਣੇ ਨਹੀਂ ਆਇਆ ਹੈ। ਰੌਚਕ ਤੱਥ ਇਹ ਵੀ ਹੈ ਕਿ ਮੁਲਜਮ ਹਰਪ੍ਰੀਤ ਸਿੰਘ ਉਰਫ ਹੈਰੀ ਨੇ ਬੀਟੈਕ ਕੀਤੀ ਹੋਈ ਹੈ ਅਤੇ ਨੌਕਰੀ ਦੀ ਤਲਾਸ਼ ਕਰ ਰਿਹਾ ਸੀ। ਇਸੇ ਤਰਾਂ ਹੀ ਰਣਜੀਤ ਸਿੰਘ ਉਰਫ ਜੀਤ ਨੇ ਸਿਵਲ ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਅਜੇ ਅੱਗੇ ਹੋਰ ਪੜ੍ਹਾਈ ਕਰਨੀ ਸੀ। ਮੁਲਜਮਾਂ ਚੋਂ ਸਿਰਫ ਜਗਤਾਰ ਸਿੰਘ ਉਰਫ ਗੋਬਿੰਦ ਹੀ ਮਿਹਨਤ ਮਜ਼ਦੂਰੀ ਕਰਦਾ ਸੀ।
ਪੁਲਿਸ ਹੁਣ ਨਸ਼ਾ ਤਸਕਰੀ ਨਾਲ ਜੁੜੀਆਂ ਗੰਢਾਂ ਖੋਹਲਣ ਵਿੰਚ ਜੁਟ ਗਈ ਹੈ ਕਿ ਐਨੇ ਪੜ੍ਹੇ ਲਿਖੇ ਨੌਜਵਾਨ ਚੜ੍ਹਦੀ ਉਮਰੇ ਹੀ ਨਸ਼ਾ ਤਸਕਰ ਕਿਸ ਤਰਾਂ ਬਣ ਗਏ। ਡੀਐਸਪੀ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਵਨ ਦੇ ਏਐਸਆਈ ਗੁਰਮੇਜ ਸਿੰਘ ਨੇ ਇਹ ਗ੍ਰਿਫਤਾਰੀਆਂ ਭੁੱਚੋ ਮੰਡੀ ਲਾਗੇ ਗੁਰਦੁਆਰਾ ਲਵੇਰੀ ਸਰ ਤੋਂ ਬਠਿੰਡਾ ਵੱਲ ਨੂੰ ਜਾਣ ਵਾਲੀ ਸੜਕ ਤੋਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇੱਕ ਕਰੋਲਾ ਕਾਰ ਵੀ ਕਬਜੇ ਵਿੱਚ ਲਈ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿਛ ਦੌਰਾਨ ਮੁਲਜਮਾਂ ਨੇ ਮੰਨਿਆ ਹੈ ਕਿ ਇਹ ਅਫੀਮ ਉਨ੍ਹਾਂ ਨੇ ਤਲਵੰਡੀ ਸਾਬੋ ਦੇ ਇੱਕ ਢਾਬੇ ਤੇ ਟਰੱਕ ਵਾਲੇ ਤੋਂ ਲਈ ਸੀ ਜਿਸ ਬਾਰੇ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ ਜਿਸ ਦੌਰਾਨ ਪੁਲਿਸ ਨੂੰ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।