ਇਨਸਾਨੀ ਜ਼ਿੰਦਗੀ ਦਾ ਸਭ ਤੋਂ ਅਨਮੋਲ ਗਹਿਣਾ ਹੈ ਸਿੱਖਿਆ : ਮਾਸਟਰ ਜਗਸੀਰ ਸਿੰਘ
ਅਸ਼ੋਕ ਵਰਮਾ
ਬਠਿੰਡਾ, 16 ਮਈ 2025 : ਇਨਸਾਨ ਦੀ ਜ਼ਿੰਦਗੀ ਵਿੱਚ ਜੇ ਕੋਈ ਅਨਮੋਲ ਗਹਿਣਾ ਹੈ ਤਾਂ ਉਹ ਵਿਦਿਆ ਹੈ, ਵਿੱਦਿਆ ਸਦਕਾ ਹੀ ਮਨੁੱਖ ਹਰ ਇੱਕ ਉੱਚ ਅਹੁੱਦਾ ਪ੍ਰਾਪਤ ਕਰ ਸਕਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ ਨੇ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਮੱਦੇਨਜ਼ਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋਂ ਖੁਰਦ, ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਹਾਈ ਸਕੂਲ ਗਿੱਲ ਪੱਤੀ, ਸਰਕਾਰੀ ਪ੍ਰਾਇਮਰੀ ਸਕੂਲ ਸਿਵੀਆਂ ਖੇਤਾ ਬਸਤੀ, ਬਾਬਾ ਜੀਵਨ ਸਿੰਘ ਬਸਤੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵੀਆਂ ਵਿਖੇ ਸਕੂਲਾਂ ਦੇ ਮੁਕੰਮਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਜੀਵਨ ਪੱਧਰ ‘ਚ ਬਦਲਾਅ ਲੈ ਕੇ ਆਉਣਾ ਸਿੱਖਿਆ ਕਰਾਂਤੀ ਦਾ ਮੁੱਖ ਟੀਚਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੜ੍ਹ-ਲਿਖ ਕੇ ਹੀ ਮਨੁੱਖ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਨ।
ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਚੇਅਰਮੈਨ ਸ. ਨਵਦੀਪ ਸਿੰਘ ਜੀਦਾ ਨੇ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਬੁਰਜ ਮਹਿਮਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਬੱਲੂਆਣਾ ਦੇ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਰੋਜ਼ਗਾਰ, ਤਰੱਕੀ ਤੇ ਮਨੁੱਖੀ ਅਧਿਕਾਰਾਂ ਤੋਂ ਜਾਣੂ ਹੋਣ ਦਾ ਰਾਹ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਿਆ ਹਰ ਬੂਹੇ ਅਤੇ ਹਰ ਮਨੁੱਖ ਤੱਕ ਜ਼ਰੂਰ ਪਹੁੰਚੇ ਇਹ ਪੰਜਾਬ ਸਰਕਾਰ ਦਾ ਉਦੇਸ਼ ਹੈ। ਸਿੱਖਿਆ ਦੇ ਆਧਾਰ ’ਤੇ ਹੀ ਕਿਸੇ ਦੇਸ਼ ਦੀ ਤਰੱਕੀ ਤੇ ਵਿਕਾਸ ਸੰਭਵ ਹੁੰਦਾ ਹੈ।
ਸਮਾਗਮਾਂ ਦੌਰਾਨ ਸਕੂਲ ਦਾ ਸਮੁੱਚਾ ਸਟਾਫ ਤੇ ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਮੋਹਤਵਾਰ ਵਿਅਕਤੀ ਆਦਿ ਹਾਜ਼ਰ ਸਨ।