← ਪਿਛੇ ਪਰਤੋ
ਬੱਸ ਅੱਡਾ ਸ਼ਿਫਟ ਕਰਨ ਦੇ ਨੁਕਸਾਨ ਤੋਂ ਜਾਣੂੰ ਕਰਵਾਉਣ ਲਈ ਵੰਡੀ ਪ੍ਰਚਾਰ ਸਮੱਗਰੀ
ਅਸ਼ੋਕ ਵਰਮਾ
ਬਠਿੰਡਾ,16ਮਈ2025: ਬੱਸ ਅੱਡੇ ਨੂੰ ਮੌਜੂਦਾ ਥਾਂ ’ਤੇ ਰੱਖਣ ਲਈ ਚੱਲ ਰਹੇ ਪੱਕੇ ਮੋਰਚੇ ਦੀ ਲੜਾਈ ਤਹਿਤ ਆਮ ਲੋਕਾਂ ਦੀ ਸੰਘਰਸ਼ ਵਿੱਚ ਸ਼ਮੂਲੀਅਤ ਯਕੀਨੀ ਬਨਾਉਣ ਅਤੇ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕਰਨ ਲਈ ਸੰਘਰਸ਼ ਕਮੇਟੀ ਨੇ ਪ੍ਰਚਾਰ ਸਮੱਗਰੀ ਵੰਡੀ ਅਤੇ ਇਲਾਕਾ ਵਾਸੀਆਂ ਨੂੰ ਬੱਸ ਅੱਡਾ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।ਬੱਸ ਅੱਡਾ ਬਚਾਓ ਕਮੇਟੀ ਦੇ ਮੀਡੀਆ ਇੰਚਾਰਜ ਸੰਦੀਪ ਅਗਰਵਾਲ ਨੇ ਦੱਸਿਆ ਕਿ ਬੱਸ ਅੱਡੇ ਲਈ ਲੜ ਰਹੇ ਲੋਕਾਂ ਵੱਲੋਂ ਅੰਬੇਡਕਰ ਪਾਰਕ ਵਿੱਚ ਚਲਾਇਆ ਜਾ ਰਿਹਾ ਪੱਕਾ ਮੋਰਚਾ ਨੂੰ ਹੁਣ ਸਹਿਯੋਗ ਦਫ਼ਤਰ ’ਚ ਬਦਲ ਕੇ ਸੜਕਾਂ ’ਤੇ ਉਤਰਨ ਦੀ ਰਣਨੀਤੀ ਬਣਾਈ ਗਈ ਹੈ। ਇਸ ਤਹਿਤ ਸ਼ੁੱਕਰਵਾਰ ਨੂੰ ਵੱਡੀ ਗਿਣਤੀ ’ਚ ਕਾਰਕੁਨਾਂ ਨੇ ਬੱਸ ਅੱਡਾ ਬਚਾਉਣ ਦੀ ਅਪੀਲ ਕਰਦਿਆਂ ਬੱਸ ਅੱਡਾ ਬਦਲਣ ਦੇ ਨੁਕਸਾਨਾਂ ਬਾਰੇ ਜਾਣਕਾਰੀ ਵਾਲੀ ਪ੍ਰਚਾਰ ਸਮੱਗਰੀ ਲੋਕਾਂ ਤੱਕ ਪਹੁੰਚਾਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਲੋਕ ਵੀ ਸੰਘਰਸ਼ ਕਮੇਟੀ ਦੇ ਸੁਰ ਵਿੱਚ ਸੁਰ ਮਿਲਾਉਂਦੇ ਨਜ਼ਰ ਆਏ। ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਵਾਂਦਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਬਣਾਈ ਕਮੇਟੀ ਜਦੋਂ ਵੀ ਬੁਲਾਏਗੀ ਤਾਂ ਲੋਕ ਬੱਸ ਅੱਡੇ ਦੀ ਮੌਜੂਦਾ ਥਾਂ ਲਈ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਗੇ ਤਾਂ ਜੋ ਲੋਕ ਦੂਰ ਦੇ ਬੱਸ ਅੱਡੇ ਕਰਕੇ ਹੋਣ ਵਾਲੀਆਂ ਮੁਸ਼ਕਲਾਂ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪਿੰਡਾਂ ’ਚ ਜਾ ਕੇ ਬਠਿੰਡਾ ਵਿਧਾਇਕ ਵੱਲੋਂ ਬੱਸ ਅੱਡਾ ਬਦਲਣ ਦੀ ਧੱਕੇਸ਼ਾਹੀ ਦੀ ਪੋਲ ਖੋਲੀ ਜਾਵੇਗੀ ਅਤੇ ਸੰਘਰਸ਼ ਕਮੇਟੀ ਪੰਚਾਇਤਾਂ ਨੂੰ ਵੀ ਆਪਣਾ ਪੱਖ ਰੱਖਣ ਦੀ ਅਪੀਲ ਕਰੇਗੀ। ਕੌਂਸਲਰ ਸੰਦੀਪ ਬਾਬੀ ਅਤੇ ਕੰਵਲਜੀਤ ਭੰਗੂ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਨੂੰ ਲੋਕਾਂ ਦੀ ਆਵਾਜ਼ ਸੁਣ ਕੇ ਫੈਸਲਾ ਬਦਲਣਾ ਚਾਹੀਦਾ ਹੈ ਨਹੀਂ ਤਾਂ ਵਿਰੋਧ ਹੋਰ ਤੇਜ਼ ਹੋਵੇਗਾ। ਹਰਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਹੁਣ ਹਰ ਰੋਜ਼ ਨਵੀਆਂ ਗਤੀਵਿਧੀਆਂ ਰਾਹੀਂ ਜਨ ਜਾਗਰਣ ਮੁਹਿੰਮ ਚਲਾਈ ਜਾਵੇਗੀ ਕਿਉਂਕਿ ਹੁਣ ਇਹ ਕਿਸੇ ਇਕੱਲੇ ਦਾ ਨਹੀਂ ਬਲਕਿ ਆਮ ਆਦਮੀ ਦੇ ਜਨਜੀਵਨ ਨਾਲ ਜੁੜਿਆ ਮਾਮਲਾ ਹੈ।
Total Responses : 87