ਹਿਤੇਸ਼ ਮਹਾਜਨ ਅਤੇ ਰਘੁਬੀਰ ਸਿੰਘ ਨੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਟਰੱਸਟੀ ਵਜੋਂ ਅਹੁਦਾ ਸੰਭਾਲਿਆ
- ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਜ਼ਾ ਚੁੱਕਣ ਵਾਲੀ ਟਰੱਸਟ ਨੂੰ ਕਰਜ਼ਾ ਦੇਣ ਵਾਲੀ ਟਰੱਸਟ ਬਣਾਇਆ - ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 16 ਮਈ 2025 - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਿਤੇਸ਼ ਮਹਾਜਨ ਅਤੇ ਰਘੁਬੀਰ ਸਿੰਘ ਨੇ ਅੱਜ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਟਰੱਸਟੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾਂ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਨਵ-ਨਿਯੁਕਤ ਟਰੱਸਟੀਆਂ ਨੂੰ ਅਹੁਦਾ ਸੰਭਾਲਣ ਮੌਕੇ ਵਧਾਈ ਦਿੱਤੀ।
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਇਹ ਨਿਯੁਕਤੀਆਂ ਕਰਕੇ ਪਾਰਟੀ ਦੇ ਮਿਹਨਤੀ ਤੇ ਇਮਾਨਦਾਰ ਆਗੂਆਂ ਨੂੰ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਗੁਰਦਾਸਪੁਰ ਦੇ ਨਵ-ਨਿਯੁਕਤ ਇਹ ਟਰੱਸਟੀ ਗੁਰਦਾਸਪੁਰ ਸ਼ਹਿਰ ਨੂੰ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣਗੇ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਬਦਲਾਅ ਦੀ ਗੱਲ ਕੀਤੀ ਗਈ ਸੀ ਉਹ ਵੱਡਾ ਬਦਲਾਅ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵਿੱਚ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਦੀਆਂ ਪਹਿਲੀਆਂ ਸਰਕਾਰਾਂ ਵਿੱਚ ਜੋ ਨਗਰ ਸੁਧਾਰ ਟਰੱਸਟ ਕਰਜ਼ੇ ਹੇਠ ਦੱਬੀ ਹੋਈ ਸੀ ਉਸਨੂੰ ਮਾਨ ਸਰਕਾਰ ਨੇ ਕਰਜ਼ੇ ਵਿੱਚੋਂ ਕੱਢ ਕੇ ਇਸ ਕਾਬਲ ਕਰ ਦਿੱਤਾ ਹੈ ਕਿ ਹੁਣ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੀ 100 ਕਰੋੜ ਰੁਪਏ ਦੀ ਆਮਦਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਕਰਜ਼ਾ ਚੁੱਕਣ ਵਾਲੀ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਹੁਣ 3.50 ਕਰੋੜ ਰੁਪਏ ਦਾ ਕਰਜ਼ਾ ਨਗਰ ਸੁਧਾਰ ਟਰੱਸਟ ਬਟਾਲਾ ਨੂੰ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਟਰੱਸਟ ਵੱਲੋਂ ਕਰੋੜਾਂ ਰੁਪਏ ਗੁਰਦਾਸਪੁਰ ਸ਼ਹਿਰ ਦੇ ਵਿਕਾਸ ਉੱਪਰ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਸ੍ਰੀ ਬਹਿਲ ਨੇ ਕਿਹਾ ਕਿ ਇਹ ਇਮਾਨਦਾਰ ਸੋਚ ਦਾ ਨਤੀਜਾ ਹੈ ਕਿ ਘਾਟੇ ਵਾਲੀ ਟਰੱਸਟ ਨੂੰ ਮੁਨਾਫ਼ੇ ਵਿੱਚ ਕਰ ਦਿੱਤਾ ਹੈ।
ਸ੍ਰੀ ਬਹਿਲ ਕਿਹਾ ਕਿ ਕਾਂਗਰਸ ਪਾਰਟੀ ਦੀ ਨਗਰ ਕੌਂਸਲ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਵਿਕਾਸ ਵਿੱਚ ਰੋੜੇ ਅਟਕਾਏ ਜਾ ਰਹੇ ਹਨ ਅਤੇ ਨਗਰ ਸੁਧਾਰ ਟਰੱਸਟ ਵੱਲੋਂ ਜੋ ਸ਼ਹਿਰ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਲਈ 4 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਉਨ੍ਹਾਂ ਪ੍ਰੋਜੈਕਟਾਂ ਵਿੱਚ ਅੜਚਨ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਦੀ ਇਹ ਸੋਚ ਲੋਕ ਵਿਰੋਧੀ ਅਤੇ ਵਿਕਾਸ ਵਿਰੋਧੀ ਹੈ, ਜਿਸ ਲਈ ਲੋਕ ਉਨ੍ਹਾਂ ਨੂੰ ਕਦੀ ਮੁਆਫ਼ ਨਹੀਂ ਕਰਨਗੇ। ਸ੍ਰੀ ਬਹਿਲ ਨੇ ਕਿਹਾ ਕਿ ਵਿਰੋਧੀ ਚਾਹੇ ਜਿੰਨੇ ਮਰਜ਼ੀ ਰੋੜੇ ਅਟਕਾਅ ਲੈਣ ਪਰ ਉਹ ਆਪਣੇ ਸ਼ਹਿਰ ਤੇ ਹਲਕੇ ਦੇ ਵਿਕਾਸ ਤੋਂ ਪਿੱਛੇ ਨਹੀਂ ਹਟਣਗੇ।
ਓਧਰ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇਸ ਨਿਯੁਕਤੀ ਲਈ ਟਰੱਸਟੀ ਹਿਤੇਸ਼ ਮਹਾਜਨ ਅਤੇ ਰਘੁਬੀਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ, ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸਥਾਨਿਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਇਸ ਨਵੀਂ ਜਿੰਮੇਵਾਰੀ ਨੂੰ ਪੂਰੀ ਮਿਹਨਤ ਤੇ ਇਮਨਾਦਾਰੀ ਨਾਲ ਨਿਭਾਉਣਗੇ।
ਇਸ ਮੌਕੇ ਸੁੱਚਾ ਸਿੰਘ ਮੁਲਤਾਨੀ, ਪੀਟਰ ਮੱਟੂ, ਡਾ. ਭਾਰਤ ਭੂਸ਼ਨ ਸਾਬਕਾ ਸਿਵਲ ਸਰਜਨ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਹਾਜ਼ਰ ਸਨ।