Punjab News: 12ਵੀਂ ਜਮਾਤ 'ਚੋਂ ਫੇਲ੍ਹ ਹੋਏ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਲੁਧਿਆਣਾ, 16 ਮਈ 2025- ਲੁਧਿਆਣਾ ਵਿੱਚ 12ਵੀਂ ਜਮਾਤ ਵਿੱਚੋਂ ਫੇਲ੍ਹ ਹੋਏ ਇਕ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜਰਨੈਲ ਸਿੰਘ (17 ਸਾਲਾ) ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਦੇ ਪਿੰਡ ਚਾਹੜ ਦਾ ਰਹਿਣ ਵਾਲਾ ਸੀ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਜਰਨੈਲ ਸਿੰਘ ਨੇ ਪੰਜਾਬ ਸਿੱਖਿਆ ਬੋਰਡ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਉਹ ਪੇਪਰਾਂ 'ਚ ਨੰਬਰ ਘੱਟ ਆਉਣ ਕਰਕੇ ਫੇਲ੍ਹ ਹੋ ਗਿਆ, ਜਿਸ ਕਰਕੇ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ।
ਜਾਂਚ ਅਧਿਕਾਰੀ ਨੇ ਕਿਹਾ ਕਿ ਬਾਕੀ ਅਗਲੀ ਕਾਰਵਾਈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਥਿਤੀ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਹ ਪ੍ਰੀਖਿਆ ਵਿੱਚ 3 ਪੇਪਰਾਂ ਵਿੱਚ ਫੇਲ੍ਹ ਹੋ ਗਿਆ ਸੀ।
ਜਰਨੈਲ ਸਿੰਘ ਦੇ ਪਿਤਾ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਹਨ। ਪਰਿਵਾਰ ਵਿੱਚ ਉਨ੍ਹਾਂ ਦੇ 2 ਬੇਟੇ ਰਾਜਵਿੰਦਰ ਸਿੰਘ ਅਤੇ ਜਰਨੈਲ ਸਿੰਘ ਸੀ। ਬੀਤੀ ਰਾਤ ਉਸਨੇ (ਜਰਨੈਲ ਸਿੰਘ) ਪਰਿਵਾਰ ਨੂੰ ਦੱਸਿਆ ਕਿ ਉਹ ਸੌਣ ਲਈ ਛੱਤ 'ਤੇ ਜਾ ਰਿਹਾ ਹੈ। ਜਦੋਂ ਉਹ ਵੀਰਵਾਰ ਸਵੇਰੇ 8 ਵਜੇ ਤੱਕ ਹੇਠਾਂ ਨਹੀਂ ਆਇਆ ਤਾਂ ਪਰਿਵਾਰ ਉਸਨੂੰ ਦੇਖਣ ਗਿਆ। ਇੱਥੇ ਉਸਨੇ ਲੋਹੇ ਦੇ ਐਂਗਲ ਨਾਲ ਪਰਨਾ ਬੰਨ ਕੇ ਫਾਹਾ ਲੈ ਰੱਖਿਆ ਸੀ। ਜਿਸ ਤੋਂ ਬਾਅਦ ਜਰਨੈਲ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸਦੀ ਮੌਤ ਹੋ ਗਈ।