ਅਸਲ ਮਾਲਕ ਦੀ ਥਾਂ ਹੋਰ ਵਿਅਕਤੀ ਖੜ੍ਹਾ ਕਰਕੇ ਜਾਅਲੀ ਰਜਿਸਟਰੀ ਕਰਵਾਉਣ ਤੇ 7 ਜਣਿਆ ਵਿਰੁੱਧ ਪਰਚਾ ਦਰਜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,2 ਮਈ 2025----ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਸੰਨ 2002 ਵਿੱਚ ਅਸਲ ਮਾਲਕ ਦੀ ਥਾਂ ਹੋਰ ਵਿਅਕਤੀ ਖੜਾ ਕਰਕੇ ਇੱਕ ਪਲਾਟ ਨੂੰ ਵੇਚੇ ਜਾਣ ਤੇ ਸੱਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਟਿਆਲਾ ਨਿਵਾਸੀ ਬਲਤੇਜ ਸਿੰਘ ਪੰਨੂ ਪੁੱਤਰ ਰਜਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਦਿੱਤੀ ਦਰਖਾਸਤ ਵਿੱਚ ਦੋਸ਼ ਲਾਇਆ ਸੀ ਕਿ ਉਸਦੇ ਪਿਤਾ ਰਜਿੰਦਰ ਸਿੰਘ ਪੁੱਤਰ ਕੇਸਰ ਸਿੰਘ ਦੇ ਨਾਮ ਸੁਲਤਾਨਪੁਰ ਲੋਧੀ ਵਿਖੇ ਇੱਕ ਜੱਦੀ ਘਰ ਸੀ ਜੋ 1947 ਦੀ ਵੰਡ ਸਮੇਂ ਅਲਾਟ ਹੋਇਆ ਸੀ ਜੋ ਮੁਹੱਲਾ ਹਕੀਮਾਂ ਨੇੜੇ ਗੁਰਦੁਆਰਾ ਗੁਰੂ ਕਾ ਬਾਗ ਨੇੜੇ ਸੀ। ਮੇਰੇ ਪਿਤਾ ਦੇ ਰਿਸ਼ਤੇਦਾਰਾਂ ਕਸ਼ਮੀਰ ਕੌਰ ਵਿਧਵਾ ਪਰਮਪਾਲ ਸਿੰਘ ਵਾਸੀ ਮੋਰੀ ਮਹੱਲਾ ਸੁਲਤਾਨਪੁਰ ਲੋਧੀ ਨੇ ਇੰਦਰ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਕਰਮਜੀਤ ਪੁਰ ਤਹਿਸੀਲ ਸੁਲਤਾਨਪੁਰ ਲੋਧੀ ਦੇ ਹੱਕ ਵਿੱਚ 1/2 ਹਿੱਸੇ ਦੀ ਵੀ ਰਜਿਸਟਰੀ ਕਥਿਤ ਤੌਰ ਤੇ ਕਰ ਦਿੱਤੀ।ਉਸ ਵਕਤ ਮੇਰੇ ਪਿਤਾ ਰਜਿੰਦਰ ਸਿੰਘ ਦੇ ਸਥਾਨ ਤੇ ਹੋਰ ਵਿਅਕਤੀ ਖੜ੍ਹਾ ਕਰ ਕੇ ਰਜਿਸਟਰੀ ਕੀਤੀ ਗਈ, ਉਸ ਵਕਤ ਵਸੀਕਾ ਦਲਜੀਤ ਸਿੰਘ ਵਸੀਕਾ ਨਵੀਸ ਵੱਲੋਂ ਲਿਖਿਆ ਗਿਆ।
ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਇਸ ਰਜਿਸਟਰੀ ਦੀ ਪੜਤਾਲ ਤਹਿਸੀਲਦਾਰ ਸੁਲਤਾਨਪੁਰ ਲੋਧੀ ਵੱਲੋਂ ਕੀਤੀ ਗਈ, ਜਿਸ ਵਿੱਚ ਵੱਖ ਵੱਖ ਪੱਖਾਂ ਤੋਂ ਜਾਂਚ ਕੀਤੀ ਗਈ ਅਤੇ ਇਹ ਪਾਇਆ ਗਿਆ ਕਿ ਰਾਜਿੰਦਰ ਸਿੰਘ ਪੁੱਤਰ ਕੇਸਰ ਦੇ ਦਸਤਖ਼ਤ ਮੇਲ਼ ਨਹੀਂ ਖਾ ਰਹੇ। ਤਹਿਸੀਲਦਾਰ ਵੱਲੋਂ ਕਾਨੂੰਨੀ ਕਾਰਵਾਈ ਕਰਨ ਦੀ ਕੀਤੀ ਸਿਫਾਰਸ਼ ਤੋਂ ਬਾਅਦ ਕਸ਼ਮੀਰ ਕੌਰ ਪਤਨੀ ਲੇਟ ਪਰਮਪਾਲ ਸਿੰਘ ਵਾਸੀ ਮੋਤੀ ਮੁਹੱਲਾ, ਭੁਪਿੰਦਰ ਸਿੰਘ ਪੁੱਤਰ ਪਰਮਪਾਲ ਸਿੰਘ ਵਾਸੀ ਮੁਹੱਲਾ ਹਕੀਮਾਂ, ਸੁਰਿੰਦਰ ਸਿੰਘ ਪੁੱਤਰ ਪਰਮਪਾਲ ਸਿੰਘ ਵਾਸੀ ਮੁਹੱਲਾ ਹਕੀਮਾਂ, ਸ਼ਿੰਗਾਰਾ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ।