44 ਸਾਲਾਂ ਬਾਅਦ ਏਸ਼ੀਆਈ ਖੇਡਾਂ 'ਚ ਭਾਰਤੀ ਮਹਿਲਾ ਹਾਕੀ ਦਾ ਸੋਨਾ- ਹੁਣ ਨਿਸ਼ਾਨਾ LA 2028
-ਚੀਨ ਨੂੰ 1-0 ਨਾਲ ਹਰਾ ਕੇ ਭਾਰਤ ਨੇ ਰਚਿਆ ਇਤਿਹਾਸ; ਲਾਲਰੇਮਸਿਆਮੀ ਦਾ ਗੋਲ ਬਣਿਆ ਫੈਸਲਾਕੁੰਨ, ਸਵਿਤਾ ਪੁਨੀਆ ਦੀ ਸ਼ਾਨਦਾਰ ਬਚਾਅ ਨੇ ਜਿੱਤ ਪੱਕੀ ਕੀਤੀ
ਸੁਖਮਿੰਦਰ ਭੰਗੂ
New Delhi, 2 ਅਕਤੂਬਰ 2026- ਭਾਰਤੀ ਮਹਿਲਾ ਹਾਕੀ ਟੀਮ ਨੇ 20ਵੀਆਂ ਏਸ਼ੀਆਈ ਖੇਡਾਂ ਵਿੱਚ ਇਤਿਹਾਸ ਰਚਦਿਆਂ 44 ਸਾਲਾਂ ਬਾਅਦ ਏਸ਼ੀਆਈ ਖੇਡਾਂ ਦਾ ਸੋਨ ਤਗਮਾ ਆਪਣੇ ਨਾਮ ਕਰ ਲਿਆ। ਅੱਜ ਖੇਡੇ ਗਏ ਫਾਈਨਲ ਵਿੱਚ ਭਾਰਤ ਨੇ ਮੌਜੂਦਾ ਚੈਂਪੀਅਨ ਚੀਨ ਨੂੰ 1-0 ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਨੇ ਨਾ ਸਿਰਫ਼ ਸੋਨਾ ਜਿੱਤਿਆ, ਸਗੋਂ 2028 ਲਾਸ ਏਂਜਲਸ ਓਲੰਪਿਕ ਲਈ ਸਿੱਧੀ ਯੋਗਤਾ ਵੀ ਹਾਸਲ ਕਰ ਲਈ।
10ਵੇਂ ਮਿੰਟ ਵਿੱਚ ਲਾਲਰੇਮਸਿਆਮੀ ਦਾ ਜੇਤੂ ਗੋਲ
ਫਾਈਨਲ ਵਿੱਚ ਚੀਨ ਨੇ ਸ਼ੁਰੂ ਤੋਂ ਹੀ ਭਾਰਤ ਉੱਤੇ ਦਬਾਅ ਬਣਾਇਆ, ਪਰ ਭਾਰਤੀ ਡਿਫੈਂਸ ਨੇ ਸ਼ਾਨਦਾਰ ਸੰਜਮ ਦਿਖਾਇਆ। 10ਵੇਂ ਮਿੰਟ ਵਿੱਚ ਲਾਲਰੇਮਸਿਆਮੀ ਨੇ ਰਿਵਰਸ-ਸਟਿਕ ਹਿੱਟ ਰਾਹੀਂ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਚੀਨ ਨੇ ਕਈ ਹਮਲੇ ਕੀਤੇ। ਦੂਜੇ ਕੁਆਰਟਰ ਵਿੱਚ ਚੀਨ ਨੂੰ ਪੈਨਲਟੀ ਸਟ੍ਰੋਕ ਵੀ ਮਿਲਿਆ, ਪਰ ਤਜਰਬੇਕਾਰ ਗੋਲਕੀਪਰ ਸਵਿਤਾ ਪੁਨੀਆ ਨੇ ਸ਼ਾਨਦਾਰ ਬਚਾਅ ਕਰਕੇ ਭਾਰਤ ਦੀ ਬੜ੍ਹਤ ਕਾਇਮ ਰੱਖੀ। ਆਖਰੀ ਤੱਕ ਭਾਰਤੀ ਰੱਖਿਆ-ਪੰਕਤੀ ਨੇ ਚੀਨ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ।
ਮਾਰਿਜਨੇ ਲਈ ਵੀ ਖਾਸ ਪਲ
ਮੁੱਖ ਕੋਚ Sjoerd Marijne ਦੀ ਅਗਵਾਈ ਹੇਠ ਭਾਰਤੀ ਟੀਮ ਨੇ 2026 ਵਿੱਚ ਲਗਾਤਾਰ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। Hockey India ਮੁਤਾਬਕ ਮਾਰਿਜਨੇ ਨੂੰ ਜਨਵਰੀ 2026 ਵਿੱਚ ਭਾਰਤੀ ਮਹਿਲਾ ਟੀਮ ਦਾ Chief Coach ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਵਾਪਸੀ ਤੋਂ ਬਾਅਦ ਟੀਮ ਨੇ ਫਿਟਨੈੱਸ, ਟੀਮ ਕੈਮਿਸਟਰੀ ਅਤੇ ਸਾਂਝੀ ਖੇਡ-ਪਛਾਣ ਉੱਤੇ ਖਾਸ ਧਿਆਨ ਦਿੱਤਾ। ਏਸ਼ੀਆਈ ਖੇਡਾਂ ਤੋਂ ਪਹਿਲਾਂ ਹੀ ਮਾਰਿਜਨੇ ਨੇ ਟੀਮ ਨੂੰ ਯਾਦ ਕਰਵਾਇਆ ਸੀ ਕਿ 2026 ਵਿਸ਼ਵ ਕੱਪ ਵਿੱਚ ਪੰਜਵਾਂ ਸਥਾਨ ਹਾਸਲ ਕਰਨਾ ਇਤਿਹਾਸਕ ਉਪਲਬਧੀ ਸੀ, ਪਰ ਅਗਲਾ ਅਧਿਆਇ ਏਸ਼ੀਆਈ ਖੇਡਾਂ ਵਿੱਚ ਲਿਖਣਾ ਸੀ।
ਜਯੋਤੀ ਅਤੇ ਟੀਮ ਲਈ ਸੋਨੇ ਤੋਂ ਵੱਧ—ਓਲੰਪਿਕ ਟਿਕਟ
ਭਾਰਤੀ ਡਿਫੈਂਡਰ ਜਯੋਤੀ ਵੀ ਇਸ ਇਤਿਹਾਸਕ ਟੀਮ ਦਾ ਹਿੱਸਾ ਰਹੀ। ਏਸ਼ੀਆਈ ਖੇਡਾਂ ਲਈ ਐਲਾਨੀ 20 ਮੈਂਬਰੀ ਟੀਮ ਵਿੱਚ ਜਯੋਤੀ ਨੂੰ ਡਿਫੈਂਡਰ ਵਜੋਂ ਸ਼ਾਮਲ ਕੀਤਾ ਗਿਆ ਸੀ। ਇਸ ਜਿੱਤ ਦੀ ਸਭ ਤੋਂ ਵੱਡੀ ਮਹੱਤਤਾ ਇਹ ਹੈ ਕਿ ਭਾਰਤ ਨੇ LA 2028 ਲਈ ਸਿੱਧੀ ਓਲੰਪਿਕ ਕੋਟਾ ਜਗ੍ਹਾ ਹਾਸਲ ਕਰ ਲਈ ਹੈ। FIH ਦੇ ਅਧਿਕਾਰਤ qualification system ਅਨੁਸਾਰ 2026 ਏਸ਼ੀਆਈ ਖੇਡਾਂ ਦੀ ਮਹਿਲਾ ਹਾਕੀ ਵਿੱਚ ਸਭ ਤੋਂ ਉੱਚਾ ਸਥਾਨ ਹਾਸਲ ਕਰਨ ਵਾਲੀ ਯੋਗ ਟੀਮ ਨੂੰ ਓਲੰਪਿਕ ਕੋਟਾ ਮਿਲਣਾ ਸੀ, ਜੇਕਰ ਉਹ ਪਹਿਲਾਂ ਕਿਸੇ ਹੋਰ ਰਸਤੇ ਰਾਹੀਂ qualify ਨਾ ਕਰ ਚੁੱਕੀ ਹੋਵੇ।
1982 ਤੋਂ 2026 ਤੱਕ—44 ਸਾਲਾਂ ਦਾ ਇੰਤਜ਼ਾਰ ਖਤਮ
ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣਾ ਪਹਿਲਾ ਏਸ਼ੀਆਈ ਖੇਡਾਂ ਦਾ ਸੋਨਾ 1982 ਵਿੱਚ ਨਵੀਂ ਦਿੱਲੀ ਵਿੱਚ ਜਿੱਤਿਆ ਸੀ। ਇਸ ਤੋਂ ਬਾਅਦ 1998 ਅਤੇ 2018 ਵਿੱਚ ਭਾਰਤ ਚਾਂਦੀ ਤੱਕ ਪਹੁੰਚਿਆ, ਪਰ ਸੋਨੇ ਤੋਂ ਦੂਰ ਰਿਹਾ। ਹੁਣ ਚੀਨ ਖ਼ਿਲਾਫ਼ 1-0 ਦੀ ਜਿੱਤ ਨਾਲ 44 ਸਾਲਾਂ ਦੀ ਉਡੀਕ ਖਤਮ ਹੋ ਗਈ ਹੈ।