ਖੇਡਾਂ ਬਿਨਾਂ ਹੱਡੀਆਂ ਦੀ ਕਮਜ਼ੋਰੀ ਤੇ ਚਰਬੀ ਦਾ ਖ਼ਤਰਾ; ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਨੌਜਵਾਨਾਂ ਨੂੰ ਦਿੱਤੀ ਮੈਦਾਨਾਂ ਨਾਲ ਜੁੜਨ ਦੀ ਸਲਾਹ
ਖੇਡਾਂ ਅਤੇ ਸਰੀਰਕ ਗਤੀਵਿਧੀਆਂ ਹੱਡੀਆਂ ਦੀ ਮਜ਼ਬੂਤੀ ਅਤੇ ਤੰਦਰੁਸਤੀ ਲਈ ਲਾਜ਼ਮੀ: ਪੰਜਾਬੀ ਯੂਨੀਵਰਸਿਟੀ ਦੀ ਖੋਜ
ਫੁਟਬਾਲ ਖਿਡਾਰੀਆਂ ਅਤੇ ਵਜ਼ਨ ਉਠਾਉਣ ਵਾਲ਼ੇ ਖਿਡਾਰੀਆਂ ਵਿੱਚ ਹੱਡੀਆਂ ਦੀ ਘਣਤਾ (ਬੋਨ ਮਿਨਰਲ ਡੈਂਸਿਟੀ) ਸਭ ਤੋਂ ਵੱਧ
ਸਰੀਰਕ ਗਤੀਵਿਧੀਆਂ ਦਾ ਕੋਈ ਹੋਰ ਬਦਲ ਨਹੀਂ: ਡਾ. ਜਗਦੀਪ ਸਿੰਘ
ਪਟਿਆਲਾ, 8 ਫਰਵਰੀ
ਪੰਜਾਬੀ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਸਾਹਮਣੇ ਆਇਆ ਹੈ ਕਿ ਵੱਖ-ਵੱਖ ਖੇਡਾਂ ਮਨੁੱਖੀ ਸਰੀਰ ਦੀ ਬਣਾਵਟ ਅਤੇ ਹੱਡੀਆਂ ਦੀ ਮਜ਼ਬੂਤੀ 'ਤੇ ਸਪਸ਼ਟ ਰੂਪ ਵਿੱਚ ਅਸਰਅੰਦਾਜ਼ ਹੁੰਦੀਆਂ ਹਨ। ਖੋਜ ਨਿਗਰਾਨ ਡਾ. ਨਿਸ਼ਾਨ ਸਿੰਘ ਦਿਓਲ ਦੀ ਅਗਵਾਈ ਵਿੱਚ ਖੋਜਾਰਥੀ ਡਾ. ਨਾਸਿਰ ਉਦ-ਦੀਨ ਵਜ਼ਾ ਵੱਲੋਂ ਕੀਤੀ ਇਸ ਖੋਜ ਰਾਹੀਂ ਅਹਿਮ ਨੁਕਤੇ ਸਾਹਮਣੇ ਆਏ ਹਨ।
ਡਾ. ਨਿਸ਼ਾਨ ਸਿੰਘ ਦਿਓਲ ਨੇ ਦੱਸਿਆ ਕਿ ਖੋਜ ਰਾਹੀਂ ਪ੍ਰਾਪਤ ਅੰਕੜਿਆਂ ਵਿੱਚ ਫੁਟਬਾਲ ਖਿਡਾਰੀਆਂ ਅਤੇ ਵਜ਼ਨ ਉਠਾਉਣ ਵਾਲ਼ੇ ਖਿਡਾਰੀਆਂ/ ਐਥਲੀਟਾਂ ਵਿੱਚ ਹੱਡੀਆਂ ਦੀ ਖਣਿਜ ਘਣਤਾ (ਬੋਨ ਮਿਨਰਲ ਡੈਂਸਿਟੀ) ਸਭ ਤੋਂ ਵੱਧ ਵੇਖੀ ਗਈ ਜੋ ਕਿ ਇਹ ਦਰਸਾਉਂਦਾ ਹੈ ਕਿ ਸਖ਼ਤ ਮਿਹਨਤ ਵਾਲ਼ੀਆਂ ਖੇਡਾਂ ਹੱਡੀਆਂ ਟੁੱਟਣ ਦੇ ਖ਼ਤਰੇ ਤੋਂ ਬਚਾਉਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਲੰਬੀ ਦੌੜ ਲਗਾਉਣ ਵਾਲ਼ੇ ਖਿਡਾਰੀਆਂ ਵਿੱਚ ਸਰੀਰਕ ਚਰਬੀ ਸਭ ਤੋਂ ਘੱਟ ਅਤੇ ਬੀ. ਐੱਮ. ਆਈ. ਸੰਤੁਲਿਤ ਵੇਖਿਆ ਗਿਆ, ਜੋ ਕਿ ਦਿਲ ਅਤੇ ਮਾਸਪੇਸ਼ੀਆਂ ਦੀ ਸਿਹਤ ਲਈ ਉੱਤਮ ਸਥਿਤੀ ਹੈ। ਉਨ੍ਹਾਂ ਦੱਸਿਆ ਕਿ ਖੋਜ ਦੇ ਅੰਕੜਿਆਂ ਨੇ ਇਸ ਨੁਕਤੇ ਨੂੰ ਸਪਸ਼ਟ ਕੀਤਾ ਕਿ ਜੋ ਲੋਕ ਕਿਸੇ ਵੀ ਖੇਡ ਵਿੱਚ ਹਿੱਸਾ ਨਹੀਂ ਲੈਂਦੇ, ਉਨ੍ਹਾਂ ਵਿੱਚ ਹੱਡੀਆਂ ਦੀ ਕਮਜ਼ੋਰੀ ਅਤੇ ਵਾਧੂ ਚਰਬੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਡਾ. ਨਾਸਿਰ ਉਦ-ਦੀਨ ਵਜ਼ਾ ਨੇ ਦੱਸਿਆ ਕਿ 'ਵੱਖ-ਵੱਖ ਖੇਡ ਵਿਧਾਵਾਂ ਦੇ ਸਬੰਧ ਵਿੱਚ ਸਰੀਰਕ ਬਣਾਵਟ ਦੀ ਰੂਪ-ਰੇਖਾ ਅਤੇ ਹੱਡੀਆਂ ਦੀ ਖਣਿਜ ਘਣਤਾ ਦਾ ਮੁਲਾਂਕਣ' ਸਿਰਲੇਖ ਤਹਿਤ ਕੀਤਾ ਇਹ ਅਧਿਐਨ ਸਾਬਤ ਕਰਦਾ ਹੈ ਕਿ ਸਰੀਰਕ ਗਤੀਵਿਧੀਆਂ ਸਿਰਫ਼ ਮਨੋਰੰਜਨ ਲਈ ਨਹੀਂ, ਸਗੋਂ ਵਿਗਿਆਨਕ ਲੋੜ ਹਨ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਪ੍ਰਾਪਤ ਅੰਕੜਿਆਂ ਦੇ ਵਿਸ਼ਲੇਸ਼ਣ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜੇਕਰ ਨੌਜਵਾਨ ਆਪਣੀ ਜੀਵਨ ਸ਼ੈਲੀ ਵਿੱਚ ਖੇਡਾਂ ਨੂੰ ਸ਼ਾਮਲ ਕਰਨ, ਤਾਂ ਉਹ ਭਵਿੱਖ ਵਿੱਚ ਹੋਣ ਵਾਲ਼ੀਆਂ ਗੰਭੀਰ ਬਿਮਾਰੀਆਂ ਤੋਂ ਬਚ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਖੋਜ ਦੇ ਨਤੀਜੇ ਅਮਲੀ ਪੱਧਰ ਉੱਤੇ ਵੀ ਕਾਰਗਰ ਸਾਬਤ ਹੋ ਰਹੇ ਹਨ। ਉਨ੍ਹਾਂ 'ਅਰਮਾਨ' ਨਾਮਕ ਇੱਕ ਵਿਦਿਆਰਥੀ ਦੀ ਮਿਸਾਲ ਪੇਸ਼ ਕਰਦਿਆਂ ਦੱਸਿਆ ਕਿ ਉਹ ਅਕਸਰ ਥਕਾਵਟ, ਦਰਦ ਅਤੇ ਸਰੀਰਕ ਕਮਜ਼ੋਰੀ ਨਾਲ ਜੂਝਦਾ ਰਹਿੰਦਾ ਸੀ। ਉਸਦਾ ਵਜ਼ਨ ਅਸੰਤੁਲਿਤ ਸੀ, ਮਾਸਪੇਸ਼ੀਆਂ ਕਮਜ਼ੋਰ ਸਨ ਅਤੇ ਉਹ ਅਕਸਰ ਛੋਟੀਆਂ ਸੱਟਾਂ ਦਾ ਸ਼ਿਕਾਰ ਹੋ ਜਾਂਦਾ ਸੀ। ਉਸ ਨੂੰ ਦੱਸਿਆ ਗਿਆ ਸੀ ਕਿ ਭਵਿੱਖ ਵਿੱਚ ਹੱਡੀਆਂ ਦੇ ਟੁੱਟਣ ਦਾ ਖ਼ਤਰਾ ਵਧ ਸਕਦਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਸਰੀਰਕ ਵਿਗਿਆਨ ਵਿਭਾਗ ਦੀ ਕਾਨਫਰੰਸ ਵਿੱਚ ਉਸ ਨੇ ਇਸ ਖੋਜ ਦੇ ਹਵਾਲੇ ਨਾਲ਼ ਸੁਣਿਆ ਕਿ 'ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨਾ ਸਿਰਫ਼ ਸਰੀਰ ਦੀ ਬਣਾਵਟ ਸੁਧਾਰਦੀਆਂ ਹਨ, ਸਗੋਂ ਹੱਡੀਆਂ ਨੂੰ ਮਜ਼ਬੂਤ ਕਰਕੇ ਭਵਿੱਖ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦੀਆਂ ਹਨ।' ਜਿਸ ਉਪਰੰਤ ਉਸ ਨੇ ਖੇਡਾਂ ਨੂੰ ਜੀਵਨ ਵਿੱਚ ਅਪਨਾਉਣ ਨਾਲ਼ ਸਿਹਤ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਜੋ ਹੋਰ ਨੌਜਵਾਨਾਂ ਲਈ ਵੀ ਪ੍ਰੇਰਣਾਤਮਕ ਹਨ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਨੌਜਵਾਨ ਮੈਦਾਨਾਂ ਨਾਲੋਂ ਸਕ੍ਰੀਨਾਂ 'ਤੇ ਜ਼ਿਆਦਾ ਸਮਾਂ ਬਿਤਾ ਰਹੇ ਹਨ, ਅਜਿਹੇ ਅਧਿਐਨ ਉਨ੍ਹਾਂ ਨੂੰ ਦੱਸਦੇ ਹਨ ਕਿ ਸਰੀਰਕ ਗਤੀਵਿਧੀਆਂ ਦਾ ਕੋਈ ਹੋਰ ਬਦਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਧਿਐਨਾਂ ਦੇ ਨਤੀਜਿਆਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਣਾ ਸਮੇਂ ਦੀ ਲੋੜ ਹੈ ਜਿਸ ਨਾਲ਼ ਬਹੁਤ ਸਾਰੀਆਂ ਸਮੱਸਿਆਵਾਂ ਜੜ੍ਹੋਂ ਖ਼ਤਮ ਹੋ ਸਕਦੀਆਂ ਹਨ।