ਪੰਜਾਬ 'ਚ 'ਇੱਕ ਲੱਖ ਮੁੰਡੇ ਮਾਰਨ' ਵਾਲੀਆਂ ਵਾਇਰਲ ਖ਼ਬਰਾਂ 'ਤੇ DGP ਗੌਰਵ ਯਾਦਵ ਦਾ ਵੱਡਾ ਬਿਆਨ, ਕਿਹਾ- ਅਫ਼ਵਾਹਾਂ ਫ਼ੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ
ਮੁੰਡੇ ਮਾਰਨ' ਦੀਆਂ ਗੱਲਾਂ ਮਹਿਜ਼ ਅਫ਼ਵਾਹ, ਸ਼ਰਾਰਤੀ ਅਨਸਰਾਂ 'ਤੇ ਹੋਵੇਗੀ ਸਖ਼ਤੀ
ਗੈਂਗਸਟਰਾਂ ਵਿਰੁੱਧ ਪੰਜਾਬ ਪੁਲਿਸ ਦਾ 'ਆਪਰੇਸ਼ਨ ਪ੍ਰਹਾਰ' ਮੁੜ ਸ਼ੁਰੂ; ਅਗਲੇ 72 ਘੰਟੇ ਪੂਰੇ ਸੂਬੇ 'ਚ ਚੱਲੇਗੀ ਵਿਸ਼ੇਸ਼ ਮੁਹਿੰਮ
ਚੰਡੀਗੜ੍ਹ: 8 ਫਰਵਰੀ 2026- ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਗੌਰਵ ਯਾਦਵ ਨੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀਆਂ ਉਨ੍ਹਾਂ ਅਫ਼ਵਾਹਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੰਜਾਬ ਵਿੱਚ 'ਇੱਕ ਲੱਖ ਮੁੰਡਾ ਮਾਰਿਆ' ਜਾਵੇਗਾ। ਡੀਜੀਪੀ ਨੇ ਸਪੱਸ਼ਟ ਕੀਤਾ ਕਿ ਇਹ ਸਭ 'ਫੇਕ ਨਿਊਜ਼' ਹੈ ਅਤੇ ਲੋਕਾਂ ਨੂੰ ਅਜਿਹੀਆਂ ਗੁੰਮਰਾਹਕੁੰਨ ਗੱਲਾਂ ਤੋਂ ਬਚਣਾ ਚਾਹੀਦਾ ਹੈ।
ਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੀਆਂ ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
'ਆਪਰੇਸ਼ਨ ਪ੍ਰਹਾਰ' ਦਾ ਅਗਲਾ ਪੜਾਅ
ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਡੀਜੀਪੀ ਨੇ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਭਲਕੇ (ਸੋਮਵਾਰ) ਤੋਂ ਮੁੜ 'ਆਪਰੇਸ਼ਨ ਪ੍ਰਹਾਰ' ਸ਼ੁਰੂ ਕਰਨ ਜਾ ਰਹੀ ਹੈ। ਇਹ ਮੁਹਿੰਮ ਲਗਾਤਾਰ 72 ਘੰਟਿਆਂ ਲਈ ਚਲਾਈ ਜਾਵੇਗੀ। ਇਸ ਮੁਹਿੰਮ ਦਾ ਮਕਸਦ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਨਾ, ਬਦਮਾਸ਼ਾਂ ਦੀ ਗ੍ਰਿਫ਼ਤਾਰੀ ਅਤੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ।
ਕਾਨੂੰਨ ਵਿਵਸਥਾ 'ਤੇ ਡੀਜੀਪੀ ਦਾ ਸਖ਼ਤ ਰੁਖ਼
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਚਲਾਏ ਗਏ ਆਪਰੇਸ਼ਨ ਪ੍ਰਹਾਰ ਦੇ ਬਹੁਤ ਹੀ ਸਾਰਥਕ ਨਤੀਜੇ ਨਿਕਲੇ ਹਨ, ਜਿਸ ਤਹਿਤ ਕਈ ਵੱਡੇ ਬਦਮਾਸ਼ਾਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਅਤੇ ਪੁਲਿਸ ਕਿਸੇ ਵੀ ਗੈਂਗਸਟਰ ਨੂੰ ਸਿਰ ਚੁੱਕਣ ਨਹੀਂ ਦੇਵੇਗੀ। ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਹਰ ਜ਼ਿਲ੍ਹੇ ਵਿੱਚ ਸਰਚ ਆਪਰੇਸ਼ਨ ਤੇਜ਼ ਕੀਤੇ ਜਾ ਰਹੇ ਹਨ।
Click to Follow Babushahi Facebook page →